ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਰਾਜ ਸਰਕਾਰ ਵਲੋਂ 176 ਕਰੋੜ ਰੁਪਏ ਦੀ ਲਾਗਤ ਨਾਲ ਪਸ਼ੂ ਪਾਲਣ ਵਿਭਾਗ ਦੀ ਇਮਾਰਤਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਮੁਕੰਮਲ ਕਰਵਾਇਆ ਗਿਆ ਹੈ ਅਤੇ 20 ਕਰੋੜ ਰੁਪਏ ਦੀ 550 ਪਸ਼ੂ ਹਸਪਤਾਲਾਂ ਤੇ ਡਿਸਪੈਂਸਰੀਆਂ ਦੀ ਮੁਰੰਮਤ ਲਈ ਹੋਰ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਪ੍ਰਗਟਾਵਾ ਸ. ਗੁਲਜ਼ਾਰ ਸਿੰੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਨੇ ਅੱਜ ਪਿੰਡ ਚਾਟੀਵਿੰਡ (ਅੰਮ੍ਰਿਤਸਰ) ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ, ਕਰਵਾਏ ਰਾਜ ਪੱਧਰੀ ਵਿਦੇਸ਼ੀ ਸੀਮਨ ਵੰਡ ਸਮਾਰੋਹ ਦੌਰਾਨ ਕਰਵਾਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨਾਂ ਵੱਖ-ਵੱਖ ਜ਼ਿਲ੍ਹਿਆਂ ਲਈ ਵਿਦੇਸ਼ੀ ਸੀਮਨ ਭੇਜਣ ਲਈ ਗੱਡੀਆਂ ਨੂੰ ਨੀਲੀ ਝੰਡੀ ਵਿਖਾ ਕੇ ਰਵਾਨਾ ਵੀ ਕੀਤਾ। ਵੱਡੀ ਗਿਣਤੀ ਵਿਚ ਰਾਜ ਭਰ ਵਿਚੋ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਦੀ ਇਹ ਦਿਲੀ ਇੱਛਾ ਹੈ ਕਿ ਸੂਬੇ ਦੇ ਕਿਸਾਨਾਂ ਦੀ ਆਮਦਨ ਵਿਚ ਵੱਧ ਤੋ ਵੱਧ ਵਾਧਾ ਕੀਤਾ ਜਾਵੇ। ਉਨਾਂ ਕਿਹਾ ਕਿ ਅੱਜ ਖੇਤੀਬਾੜੀ ਧੰਦੇ ਵਿਚ ਲਾਗਤ ਦੇ ਮੁਕਾਬਲੇ ਆਮਦਨ ਘੱਟ ਹੋਣ ਕਾਰਨ ਸਹਾਇਕ ਧੰਦਿਆਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ ਵੱਖ ਸਹਾਇਕ ਧੰਦੇ ਜਿਵੇ ਕਿ ਮੱਛੀ ਪਾਲਣ, ਡੇਅਰੀ ਫਾਰਮਿੰਗ, ਸ਼ੂਰ ਤੇ ਬੱਕਰੀਆਂ ਪਾਲਣ ਅਤੇ ਸ਼ਬਜ਼ੀਆਂ ਆਦਿ ਦੀ ਕਾਸ਼ਤ ਕਰਨ ਲਈ ਵੱਡੇ ਪੱਧਰ ‘ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਸ. ਰਣੀਕੇ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਪਸ਼ੂ ਪਾਲਣ ਕਿੱਤੇ ਨੂੰ ਪ੍ਰਫੂਲਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਹਰ ਜ਼ਿਲ੍ਹੇ ਅੰਦਰ ਪਸ਼ੂ ਮੰਡੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਰਾਜ ਅੰਦਰ ਚਲਦੀਆਂ ਫਿਰਦੀਆਂ ਪਸ਼ੂ ਵੈਨਾਂ ਚਲਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 115 ਵੈਟਰਨਰੀ ਅਫਸਰ ਅਤੇ 175 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਦਾ ਕੰਮ ਪ੍ਰਕਿਰਿਆ ਅਧੀਨ ਹੈ। ਪਸ਼ੂ ਪਾਲਣ ਮੰਤਰੀ ਸ੍ਰੀ ਰਣੀਕੇ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ 4 ਲੱਖ 60 ਹਜ਼ਾਰ ਸੀਮਨ ਵਿਦੇਸ਼ ਤੋਂ ਮੰਗਵਾਇਆ ਗਿਆ ਸੀ ਅਤੇ ਇਸ ਸਾਲ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਕਾਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਉਲੀਕੀਆਂ ਗਈਆਂ ਸਕੀਮਾਂ ਦੀ ਲੜੀ ਵਿੱਚ ਪੰਜਾਬ ਦੇ ਦੁੱਧ ਉਤਪਾਦਨ ਵਿੱਚ ਨਵੇਂ ਯੁੱਗ ਦੀ ਸੁਰੂਆਤ ਅਤੇ ਗਾਵਾਂ ਦੇ ਨਸਲ ਸੁਧਾਰ ਤਹਿਤ ਦੁੱਧ ਦੀ ਪੈਦਾਵਾਰ ਵਧਾਉਣ ਲਈ 1.5 ਲੱਖ ਖੁਰਾਕਾਂ ਵਿਦੇਸ਼ੀ ਸੀਮਨ ਦੀਆਂ ਰਾਜ ਸਰਕਾਰ ਨੇ ਫਰਾਂਸ ਤੋਂ ਅਯਾਤ ਕੀਤੀਆਂ ਗਈਆਂ ਹਨ। ਇਹ ਸੀਮਨ ਡੋਜ਼ਿਜ 11 ਐਚ.ਐਫ.ਨਸਲ ਦੇ ਸਾਨ੍ਹਾਂ ਤੋ ਤਿਆਰ ਕੀਤੀਆਂ ਗਈਆਂ ਹਨ, ਜਿੰਨ੍ਹਾਂ ਦੀ ਸਮੱਰਥਾ 11ਹਜ਼ਾਰ ਲੀਟਰ ਤੋ ਜ਼ਿਆਦਾ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਚ.ਐਸ ਸੰਧਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ, ਸ੍ਰੀ ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਹਰਦਲਬੀਰ ਸਿੰਘ ਸ਼ਾਹ ਸਾਬਕਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਜੇ.ਸੀ ਸੌਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ, ਸ੍ਰੀ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ, ਸ੍ਰੀ ਬਾਜ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਅੰਮ੍ਰਿਤਸਰ, ਡਾ. ਐਮ.ਪੀ ਸਿੰਘ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ, ਡਾ. ਸੁਮਨ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ, ਸ੍ਰੀ ਬਖਸ਼ੀਸ ਸਿੰਘ ਸਰਪੰਚ. ਡਾ. ਕੇਵਲ ਅਰੋੜਾ, ਡਾ. ਜਗੀਰ ਸਿੰਘ ਚਾਟੀਵਿੰਡ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡਾਂ ਦੇ ਸਰਪੰਚ ਤੇ ਮੈਂਬਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …