ਬਠਿੰਡਾ, 2 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਮਜਦੂਰ ਮਾਰੂ ਨੀਤੀਆਂ ਖਿਲਾਫ ਵੱਖ ਵੱਖ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਕਰਨ ਦੇ ਦਿੱਤੇ ਸਾਂਝੇ ਸੱਦੇ ਤੇ ਬਠਿੰਡਾ ਛਾਉਣੀ (ਕੈਂਟ) ਵਿਖੇ ਐਮ.ਈ.ਐਸ. ਵਿੱਚ ਕੰਮ ਕਰਦੇ ਠੇਕਾ ਕਰਮਚਾਰੀਆਂ ਨੇ ਸੀਟੂ ਦੇ ਆਗੂ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕਰਕੇ ਹੜਤਾਲ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਸਬੰਧੀ ਐਮ.ਈ.ਐਸ. ਕੰਟਰੈਕਟਰ ਵਰਕਰ ਮਜਦੂਰ ਯੂਨੀਅਨ ਰਜ਼ਿ ਦੇ ਪ੍ਰਧਾਨ ਰਾਮ ਸਿੰਘ ਅਤੇ ਸੈਕਟਰੀ ਕਮਲਦੀਪ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ ੨੦ ਸਾਲਾਂ ਤੋਂ ਐਮ.ਈ.ਐਸ. ਬਠਿੰਡਾ ਵਿਖੇ ਵੱਖ ਵੱਖ ਟਰੇਡਾਂ ਤੇ ਠੇਕੇ ਤੇ ਕੰਮ ਕਰ ਰਹੇ ਹਨ ਪਰ ਕੇਂਦਰ ਸਰਕਾਰ ਅਤੇ ਮੈਨਜੇਮੈਂਟ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਹਮਦਰਦੀ ਨਹੀਂ ਪ੍ਰਗਟਾ ਰਹੀ ਜਦੋਂ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਈ.ਪੀ.ਐਫ. ਕੱਟਣਾ, ਘੱਟੋ ਘੱਟ ਤਨਖਾਹ ਕੋਰਟ ਦੇ ਫੈਸਲੇ ਅਨੁਸਾਰ ਦੇਣੀਆਂ, ਹਫਤਾਵਰੀ ਛੁੱਟੀ ਦੇਣਾ ਅਤੇ ਈ.ਐਸ.ਆਈ. ਆਦਿ ਸਹੂਲਤਾਂ ਦੇਣੀਆਂ ਬਣਦੀਆਂ ਹਨ।ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਮਜਦੂਰ ਵਿਰੋਧੀ ਨੀਤੀਆਂ ਖਿਲਾਫ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ ਜਿਸ ਦੇ ਸਿੱਟੇ ਵਜੋਂ ਸਮੁੱਚੇ ਅਦਾਰਿਆਂ ਦੇ ਵਰਕਰਾਂ ਕੋਲ ਹੜਤਾਲ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਹੈ ।ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਤੋਂ ਇਲਾਵਾ ਹੋਰ ਬਣਦੀਆਂ ਸਹੂਲਤਾਂ ਫੌਰੀ ਦਿੱਤੀਆਂ ਜਾਣ ਉਨ੍ਹਾਂ ਕਿਹਾ ਕਿ ਜੇਕਰ ਇਸ ਹੜਤਾਲ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਵਰਕਰਾਂ ਦੀ ਕੋਈ ਸਾਰ ਨਾ ਲਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਜੱਥੇਬੰਦੀ ਦੇ ਆਗੂਆਂ ਇਕਬਾਲ ਸਿੰਘ, ਚਰਨਜੀਤ ਸਿੰਘ, ਲਖਵਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media