
ਪੱਟੀ, 5 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਰਕਾਰ ਵੱਲੋਂ ਚਾਹੇ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਦਾਜ ਵਰਗੀ ਲਾਹਣਤ ਨੂੰ ਸਾਡੇ ਸਮਾਜ ਵਿੱਚੋਂ ਖਤਮ ਕਰਨ ਲਈ ਸਖਤ ਕਾਨੂੰਨ ਬਣਾਉਣ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਵੀ ਇੱਕ ਅਟੱਲ ਸੱਚਾਈ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਲਾਲਚੀ ਸਹੁਰਿਆਂ ਵੱਲੋਂ ਦਾਜ ਦੀ ਖਾਤਰ ਆਪਣੀਆਂ ਦੀ ਬਲੀ ਲੈ ਲਈ ਜਾਂਦੀ ਹੈ।ਜਿਸ ਦੀ ਤਾਜ਼ਾ ਮਿਸਾਲ ਪੱਟੀ ਦੇ ਇੱਕ ਗਰੀਬ ਪਰਿਵਾਰ ਦੀ ਧੀਅ ਸਿਮਰਨਜੀਤ ਕੌਰ ਹੈ ਜਿਸ ਨੂੰ ਉਸ ਦੇ ਸਹੁਰਿਆਂ ਨੇ ਦਾਜ ਦੀ ਮੰਗ ਨੂੰ ਲੈ ਕੇ ਫਾਹਾ ਦੇ ਕੇ ਮਾਰ ਦਿੱਤਾ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਬਸਤੀ ਵਾਰਡ ਨੰਬਰ 14, ਪੱਟੀ ਨੇ ਦੱਸਿਆ ਕਿ ਉਸਦੀ ਲੜਕੀ ਸਿਮਰਨਜੀਤ ਕੌਰ ਉਮਰ ਕਰੀਬ 22 ਸਾਲ ਦਾ ਵਿਆਹ ਦੋ ਵਰ੍ਹੇ ਪਹਿਲਾਂ ਸੂਰਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਬਾਦੀ ਅਮਰਕੋਟ ਨਾਲ ਰੀਤੀ ਰਿਵਾਜਾਂ ਨਾਲ ਹੋਇਆ ਸੀ ਅਤੇ ਉਸ ਸਮੇਂ ਉਸਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਹੇਜ ਦਿੱਤਾ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਸਿਮਰਨਜੀਤ ਕੌਰ ਦੇ ਲਾਲਚੀ ਸਹੁਰਿਆਂ ਨੇ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਅਤੇ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਬਾਰੇ ਸਿਮਰਨਜੀਤ ਕੌਰ ਨੇ ਕਈ ਵਾਰ ਆਪਣੇ ਮਾਪਿਆਂ ਨੂੰ ਦੱਸਿਆ ਅਤੇ ਉਸ ਦੇ ਮਾਪੇ ਆਪਣੀ ਧੀ ਦੇ ਸਹੁਰਿਆਂ ਅੱਗੇ ਆਪਣੀ ਗਰੀਬੀ ਦਾ ਵਾਸਤਾ ਪਾਉਦੇ ਰਹੇ। ਬਲਵਿੰਦਰ ਸਿੰਘ ਨੇ ਦੱਸਿਆ ਕਿ 3 ਸਤੰਬਰ ਨੂੰ ਸ਼ਾਮ 6 ਵਜੇ ਦੇ ਕਰੀਬ ਸਿਮਰਨਜੀਤ ਕੌਰ ਦੇ ਸਹੁਰੇ ਨੇ ਫੋਨ ‘ਤੇ ਦੱਸਿਆ ਕਿ ਉਨਾਂ ਦੀ ਕੁੜੀ ਠੀਕ ਨਹੀਂ ਹੈ, ਹੁਣੇ ਅਮਰਕੋਟ ਆ ਜਾਓ। ਜਿਸ ਉਹ ਆਪਣੇ ਵੱਡੇ ਭਰਾ ਗੁਰਚਰਨ ਸਿੰਘ ਅਤੇ ਸਾਂਢੂ ਦੇ ਲੜਕੇ ਹਰਪ੍ਰੀਤ ਸਿੰਘ ਨਾਲ ਅਮਰਕੋਟ ਪੁੱਜਾ ਅਤੇ ਦੇਖਿਆ ਕਿ ਮੇਰੀ ਲੜਕੀ ਦੀ ਮ੍ਰਿਤਕ ਦੇਹ ਘਰ ਦੇ ਵਿਹੜੇ ਵਿੱਚ ਪਈ ਸੀ। ਜਿਸ ਦੇ ਗਲੇ ਵਿੱਚ ਫਾਹਾ ਦੇ ਕੇ ਮਾਰਨ ਦੇ ਨਿਸ਼ਾਨ ਸਨ।ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਲੜਕੀ ਨੂੰ ਦਾਜ ਦੇ ਲਈ ਉਸ ਦੇ ਜਵਾਈ ਸੂਰਜ ਸਿੰਘ, ਸੱਸ ਗੁਰਪ੍ਰੀਤ ਕੌਰ ਪਤਨੀ ਸੁਰਜੀਤ ਸਿੰਘ ਅਤੇ ਚੰਦ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਫਾਹਾ ਦੇ ਕੇ ਮਾਰ ਦਿੱਤਾ ਹੈ।
ਉਧਰ ਪੁਲਸ ਥਾਣਾ ਵਲਟੋਹਾ ਦੇ ਏ.ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਬਲਵਿੰਦਰ ਸਿੰਘ ਦੇ ਬਿਆਨਾਂ ‘ਤੇ ਸੂਰਜ ਸਿੰਘ ਪੁੱਤਰ ਸੁਰਜੀਤ ਸਿੰਘ, ਗੁਰਪ੍ਰੀਤ ਕੌਰ ਪਤਨੀ ਸੁਰਜੀਤ ਸਿੰਘ ਅਤੇ ਚੰਦ ਸਿੰਘ ਪੁੱਤਰ ਸੁਰਜੀਤ ਸਿੰਘ ਵਿਰੁੱਧ ਧਾਰਾ 304ਬੀ, 34 ਆਈ.ਪੀ.ਸੀ. ਤਹਿਤ ਪਰਚਾ ਨੰਬਰ 81 ਦਰਜ ਕਰ ਲਿਆ ਹੈ ਅਤੇ ਮ੍ਰਿਤਕਾ ਦਾ ਪੋਸਟ ਮਾਰਟਮ ਸਰਕਾਰੀ ਹਸਪਤਾਲ ਪੱਟੀ ਤੋਂ ਕਰਵਾ ਕੇ ਮ੍ਰਿਤਕ ਦੇਹ ਵਾਰਿਸਾਂ ਨੂੰ ਸੌਪ ਦਿੱਤੀ।ਉਨਾਂ ਕਿਹਾ ਕਿ ਜਾਂਚ ਉਪਰੰਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media