Thursday, July 16, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਮਾ. ਮੇਘ ਦਾਸ ਜਵੰਦਾ ਦੀ ਪੁਸਤਕ ‘ਅੰਬਰ ਦੇ ਤਾਰੇ’ ਬਾਲ ਅਰਪਣ

ਪੁਸਤਕ ‘ਤੇੇ ਵਿਚਾਰ ਗੋਸ਼ਟੀ 20 ਸਤੰਬਰ ਨੂੰ ਹੋਵੇਗੀ- ਬਿਹਾਰੀ ਲਾਲ ਸੱਦੀ

PPN0609201511ਸਮਰਾਲਾ, 6 ਸਤੰਬਰ (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਇੱਕ ਭਰਵੀਂ ਇਕੱਤਰਤਾ ਅੱਜ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਭਾ ਦੇ ਸੀਨੀ: ਮੀਤ ਪ੍ਰਧਾਨ ਮਾਸਟਰ ਮੇਘ ਦਾਸ ਜਵੰਦਾ ਦੀ ਪਲੇਠਾ ਬਾਲ ਕਾਵਿ ਸੰਗ੍ਰਹਿ ‘ਅੰਬਰ ਦੇ ਤਾਰੇ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸਰਪ੍ਰਸਤ ਪ੍ਰੋ. ਬਲਦੀਪ ਨੇ ਕਿਹਾ ਕਿ ਮਾ. ਮੇਘ ਦਾਸ ਜਵੰਦਾ ਦੀ ਪੁਸਤਕ ਵਿੱਚ ਦਰਜ ਕਵਿਤਾਵਾਂ ਬੱਚਿਆਂ ਦੇ ਮਾਨਸਿਕ ਪੱਧਰ ਨਾਲ ਮੇਲ ਖਾਂਦੀਆਂ ਹਨ।ਜਿਸ ਵਿੱਚ ਉਨ੍ਹਾਂ ਨੇ ਬਾਲ ਮਨ ਦੇ ਜਜ਼ਬਿਆਂ ਦਾ ਬਾਖੂਬੀ ਬਿਆਨ ਕੀਤਾ ਹੈ। ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਨੇ ਕਿਹਾ ਕਿ ਮਾ. ਮੇਘ ਦਾਸ ਦੀਆਂ ਬਾਲ ਕਵਿਤਾਵਾਂ ਪੜ੍ਹਕੇ ਆਪਣਾ ਬਚਪਨ ਯਾਦ ਆ ਜਾਂਦਾ ਹੈ ਅਤੇ ਇਹ ਕਵਿਤਾਵਾਂ ਬੱਚਿਆਂ ਨੂੰ ਮਿਹਨਤ ਕਰਨ, ਅਧਿਆਪਕਾਂ ਅਤੇ ਵੱਡਿਆਂ ਦਾ ਸਤਿਕਾਰ ਕਰਨ, ਪੜ੍ਹਾਈ ਵੱਲ ਪੂਰਾ ਧਿਆਨ ਦੇਣ ਜਿਹੇ ਗੁਣ ਸਿਖਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਕਵਿਤਾਵਾਂ ਬੱਚਿਆਂ ਨੂੰ ਜਿੱਥੇ ਕੁਦਰਤ ਦੇ ਜੀਵਾਂ ਨਾਲ ਪਿਆਰ ਕਰਨ ਲਈ ਪ੍ਰੇਰਦੀਆਂ ਹਨ, ਉੱਥੇ ਬ੍ਰਿਖਾ, ਜੰਗਲਾਂ, ਨਦੀਆਂ, ਝੀਲਾਂ, ਝਰਨੇ, ਪਹਾੜ, ਪਸ਼ੂ, ਪੰਛੀ ਜਿਹੇ ਸਾਡੇ ਕੁਦਰਤੀ ਮਿੱਤਰਾਂ ਨਾਲ ਸਾਂਝ ਪਾਉਣ ਦੀ ਵੀ ਗੱਲ ਕਰਦੀਆਂ ਹਨ। ਇਸ ਮੌਕੇ ਮਾ. ਪੁਖਰਾਜ ਸਿੰਘ ਘੁਲਾਲ ਨੇ ਕਿਹਾ ਕਿ ਮਾ. ਮੇਘ ਦਾਸ ਇੱਕ ਸਿੱਖਿਆ ਨੂੰ ਸਮਰਪਿਤ ਅਧਿਆਪਕ ਅਤੇ ਇੱਕ ਵਧੀਆ ਸਕੂਲ ਪ੍ਰਬੰਧਕ ਹੋਣ ਦੇ ਨਾਲ, ਇੱਕ ਵਧੀਆ ਲਿਖਾਰੀ ਵੀ ਹਨ। ਇਨ੍ਹਾਂ ਦੁਆਰਾ ਰਚਿਤ ਬਾਲ ਕਵਿਤਾਵਾਂ ਉਨ੍ਹਾਂ ਦੇ ਪ੍ਰਵੀਨ ਅਤੇ ਨਿਪੁੰਨ ਅਧਿਆਪਕ ਹੋਣ ਦਾ ਪ੍ਰਮਾਣ ਪੇਸ਼ ਕਰਦੀਆਂ ਹਨ। ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਅੱਜ ਪੰਜਾਬੀ ਦਾ ਬਾਲ ਸਾਹਿਤ ਹੋਰ ਉੱਨਤ ਭਾਸ਼ਾਵਾਂ ਦੇ ਹਾਣ ਦਾ ਬਣ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਰੂਸੀ, ਅੰਗਰੇਜ਼ੀ, ਚੀਨੀ, ਜਰਮਨ ਅਤੇ ਹੋਰ ਸੰਸਾਰ ਪੱਧਰ ਦੇ ਬਾਲ ਸਾਹਿਤ ਪੁਸਤਕ ਪੱਧਰ ਦੀਆਂ ਬਾਲ ਪੁਸਤਕਾਂ ਪੰਜਾਬੀ ਵਿੱਚ ਲਿਖੀਆਂ ਜਾਣਗੀਆਂ। ਸਭਾ ਦੇ ਆਡੀਟਰ ਮੈਨੇਜਰ ਕਰਮਚੰਦ ਨੇ ਕਿਹਾ ਕਿ ਪੁਸਤਕ ਵਿੱਚ ਦਰਜ ਕਵਿਤਾਵਾਂ ਬੱਚੇ ਨੂੰ ਕੁਦਰਤ ਨਾਲ ਪਿਆਰ ਕਰਨ ਅਤੇ ਸਮਾਜਿਕ ਰਿਸ਼ਤਿਆਂ ਦੀ ਸੂਝਬੂਝ ਦਾ ਗਿਆਨ ਵੀ ਪ੍ਰਦਾਨ ਕਰਦੀਆਂ ਹਨ। ਸਭਾ ਦੇ ਖਜ਼ਾਨਚੀ ਸੰਦੀਪ ਤਿਵਾੜੀ ਨੇ ਕਿਹਾ ਕਿ ਮਾ. ਮੇਘ ਦਾਸ ਦੀਆਂ ਬਾਲ ਕਵਿਤਾਵਾਂ ਬਾਲਾਂ ਦਾ ਮਨਪ੍ਰਚਾਵਾ ਕਰਦੀਆਂ ਹੋਈਆਂ ਉਨ੍ਹਾਂ ਨੂੰ ਆਪਣੇ ਨਾਲ ਨਾਲ ਤੋਰਦੀਆਂ ਹੋਈਆਂ ਮਨ ਤੇ ਡੂੰਘਾ ਪ੍ਰਭਾਵ ਅੰਕਿਤ ਕਰਦੀਆਂ ਹਨ।
ਇਸ ਮੌਕੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਕਿਹਾ ਕਿ ਇਸ ਧਰਤੀ ਦੀ ਸਭ ਤੋਂ ਪਹਿਲੀ ਕਵਿਤਾ ਬੱਚੇ ਦੁਆਰਾ ਉਚਾਰਨ ਕੀਤਾ ਪਹਿਲਾ ਸ਼ਬਦ ‘ਮਾਂ’ ਦੇ ਰੂਪ ਵਿੱਚ ਪ੍ਰਗਟ ਹੋਈ ਹੈ, ਮਾ. ਮੇਘ ਦਾਸ ਦੁਆਰਾ ਰਚਿਤ ਪੁਸਤਕ ‘ਅੰਬਰ ਦੇ ਤਾਰੇ’ ਦੀ ਪਹਿਲੀ ਕਵਿਤਾ ਵੀ ‘ਮਾਂ’ ਜਿਹੇ ਪਵਿੱਤਰ ਰਿਸ਼ਤੇ ਨੂੰ ਪ੍ਰਗਟਾਉਂਦੀ ਹੋਈ ‘ਮਾਂ’ ਕਵਿਤਾ ਨਾਲ ਸ਼ੁਰੂ ਹੁੰਦੀ ਹੈ। ਕਵੀ ਕੋਲ ਬਾਲ ਕਵਿਤਾਵਾਂ ਲਿਖਣ ਦਾ ਵਿਸ਼ੇਸ਼ ਗੁਣ, ਛੋਟੀ ਬਹਿਰ, ਸੰਖੇਪਤਾ, ਸਰਲ ਭਾਸ਼ਾ ਅਤੇ ਰਚਨਾ ਰਚਣ ਦਾ ਵਿਸ਼ੇਸ਼ ਗੁਣ ਹੈ। ਜਿਸਨੂੰ ਕਵੀ ਨੇ ਬਾਖੂਬੀ ਨਿਭਾਇਆ ਹੈ। ਅੰਤ ਵਿੱਚ ਇਸ ਪੁਸਤਕ ਦੇ ਰਚੇਤਾ ਮਾ. ਮੇਘ ਦਾਸ ਜਵੰਦਾ ਨੇ ਰਿਲੀਜ਼ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਬੱਚਿਆਂ ਲਈ ਇੱਕ ਨਿਗੂਣੀ ਜਿਹੀ ਭੇਂਟ ਹੈ, ਉਮੀਦ ਹੈ ਕਿ ਇਹ ਪੁਸਤਕ ਬਾਲਾਂ ਦਾ ਮਨ ਪ੍ਰਚਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਹੀ ਸੇਧ ਅਤੇ ਸਿੱਖਿਆ ਦੇਣ ਵਿੱਚ ਜਰੂਰ ਸਹਾਈ ਹੋਵੇਗੀ। ਅਖੀਰ ਵਿੱਚ ਉਨ੍ਹਾਂ ਸਮਾਰੋਹ ਵਿੱਚ ਸ਼ਾਮਲ ਸਮੂਹ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕੰਗ, ਦੀਪ ਦਿਲਬਰ, ਸੋਹਣਜੀਤ ਕੋਟਾਲਾ, ਮਨਦੀਪ ਮਾਣਕੀ, ਬੱਬੀ ਤੱਖਰਾਂ, ਨੇਤਰ ਸਿੰਘ ਮੁੱਤੋਂ, ਜਸਵੀਰ ਸਮਰਾਲਾ, ਹਰਬੰਸ ਸਿੰਘ ਸ਼ਾਨ, ਸੁਖਚੈਨ ਸਿੰਘ ਕੁੱਬੇ ਆਦਿ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਉੱਘੇ ਗਜ਼ਲਗੋ ਜਗਦੀਸ਼ ਨੀਲੋਂ ਨੇ ਬਾਖੂਬੀ ਨਿਭਾਉਦਿਆਂ ਕਿਹਾ ਕਿ ਮਾ. ਮੇਘ ਦਾਸ ਦੀ ਪੁਸਤਕ ‘ਅੰਬਰ ਦੇ ਤਾਰੇ’ ਤੇ ਵਿਚਾਰ ਗੋਸ਼ਟੀ, ਸਭਾ ਦੀ ਮਾਸਿਕ ਇਕੱਤਰਤਾ ਦੌਰਾਨ 20 ਸਤੰਬਰ ਦਿਨ ਐਤਵਾਰ ਨੂੰ ਸ.ਸ.ਸ.ਸ. (ਲੜਕੇ) ਸਮਰਾਲਾ ਵਿਖੇ ਕੀਤੀ ਜਾਵੇਗੀ। ਇਸ ਮੌਕੇ ਨਾਮਵਰ ਬਾਲ ਸਾਹਿਤਕਾਰ ਕਿਤਾਬ ਤੇ ਪਰਚਾ ਪੜ੍ਹਨਗੇ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply