Friday, March 6, 2026

ਸਵੱਛ ਭਾਰਤ ਅਭਿਆਨ ਦੀ ਕਾਮਯਾਬੀ ਲਈ ਆਧੁਨਿਕ ਤਕਨੀਕਾਂ ਦੀ ਲਈ ਜਾਵੇਗੀ ਮਦਦ-ਅਨਿਲ ਜੋਸ਼ੀ

ਸਰਵੇ ਵਿਚ ਮੋਹਰੀ ਰਹਿਣ ‘ਤੇ ਮੋਗਾ ਨਗਰ ਨਿਗਮ ਦੇ ਅਧਿਕਾਰੀਆਂ ਦਾ ਕੀਤਾ ਸਨਮਾਨ
ਸਵੱਛ ਭਾਰਤ ਸਬੰਧੀ ਨਗਰ ਨਿਗਮ ਮੋਗਾ ਦੇ ਲੋਗੋ ਨੂੰ ਪੂਰੇ ਸੂਬੇ ਵਿੱਚ ਕੀਤਾ ਜਾਵੇਗਾ ਲਾਗੂ

PPN0709201512ਅੰਮ੍ਰਿਤਸਰ, 7 ਸਤੰਬਰ (ਗੁਰਪ੍ਰੀਤ ਸਿੰਘ ਸੱਗੂ)-ਸਵੱਛ ਭਾਰਤ ਅਭਿਆਨ ਨੂੰ ਕਾਮਯਾਬ ਕਰਨ ਲਈ ਆਧੁਨਿਕ ਤਕਨੀਕਾਂ ਦੀ ਵੀ ਸਹਾਇਤਾ ਲਈ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਮੋਗਾ ਨਗਰ ਨਿਗਮ ਦੇ ਕੌਂਸਲਰਾਂ, ਅਧਿਕਾਰੀਆਂ ਅਤੇ ਸੈਨੇਟਰੀ ਇੰਸਪੈਕਟਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਅਭਿਆਨ ਦੇ ਵਿਅਕਤੀਗਤ ਘਰੇਲੂ ਸ਼ੌਚਾਲਿਆ (ਆਈ. ਐਚ. ਐਚ. ਐਲ) ਦੇ ਡੋਰ-ਟੂ-ਡੋਰ ਸਰਵੇ ਵਿਚ ਮੋਗਾ ਨਗਰ ਨਿਗਮ ਪੰਜਾਬ ਵਿਚੋਂ ਪਹਿਲੇ ਨੰਬਰ ‘ਤੇ ਰਿਹਾ ਹੈ ਜਿਸ ਨੇ ਸਭ ਤੋਂ ਪਹਿਲਾਂ 100 ਫੀਸਦੀ ਸਰਵੇ ਮੁਕੰਮਲ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਉਨ੍ਹਾਂ ਇਸ ਉਪਲਬਧੀ ਲਈ ਨਗਰ ਨਿਗਮ ਮੋਗਾ ਦੇ ਮੇਅਰ ਸ੍ਰੀ ਅਕਸ਼ਿਤ ਜੈਨ, ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਕੌਂਸਲਰਾਂ, ਸੈਨੇਟਰੀ ਇੰਸਪੈਕਟਰਾਂ ਅਤੇ ਮਿਊਂਸਪਲ ਇੰਪਲਾਈ ਫੈਡਰੇਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮੋਗਾ ਨਿਗਮ ਵੱਲੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਵਿਚ ਜੀ. ਪੀ. ਐਸ ਸਿਸਟਮ ਸ਼ੁਰੂ ਕਰਕੇ ਇਕ ਨਵਾਂ ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬਾਕੀ ਨਿਗਮਾਂ ਨੂੰ ਵੀ ਆਧੁਨਿਕ ਤਕਨੀਕਾਂ ਨਾਲ ਇਸ ਤਰ੍ਹਾਂ ਦੇ ਨਵੇਂ ਉਪਰਾਲੇ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸਵੱਛ ਭਾਰਤ ਮਿਸ਼ਨ ਵਿਚ ਪੂਰੀ ਕਾਮਯਾਬੀ ਹਾਸਲ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਮੋਗਾ ਨਗਰ ਨਿਗਮ ਦੁਆਰਾ ਸਵੱਛ ਭਾਰਤ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਕ ਲੋਗੋ ਤਿਆਰ ਕੀਤਾ ਗਿਆ ਹੈ, ਜਿਸ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਅਧੀਨ ਵਿਅਕਤੀਗਤ ਘਰੇਲੂ ਸ਼ੌਚਾਲਿਆ ਦੇ ਨਿਰਮਾਣ ਅਤੇ ਸਿੰਗਲ ਪਿਟ ਸ਼ੌਚਾਲਿਆ ਨੂੰ ਸੈਨੇਟਰੀ ਸ਼ੌਚਾਲਿਆਂ ਵਿਚ ਤਬਦੀਲ ਕਰਨ ਲਈ ਸੂਬੇ ਦੇ ਸਾਰੇ ਨਗਰ ਨਿਗਮਾਂ ਵਿਚ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਮੋਗਾ ਨਗਰ ਨਿਗਮ ਨੇ 100 ਫੀਸਦੀ ਮੁਕੰਮਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਰਵੇ ਵਿਚ ਨਗਰ ਨਿਗਮ ਮੋਗਾ ਦੀ ਸੀਮਾ ਵਿਚ ਆਉਂਦੇ ਕੁਲ 3641 ਲਾਭਪਾਤਰੀਆਂ ਦੇ ਫਾਰਮ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿਚੋਂ 3377 ਨੂੰ ਨਿਗਮ ਦੇ ਸੈਨੇਟਰੀ ਇੰਸਪੈਕਟਰਾਂ ਵੱਲੋਂ ਘਰ-ਘਰ ਜਾ ਕੇ ਵੈਰੀਫਾਈ ਗਿਆ ਅਤੇ ਵੈਰੀਫਾਈ ਹੋਏ ਫਾਰਮਾਂ ‘ਤੇ ਕਾਰਵਾਈ ਕਰਦਿਆਂ ਸਬੰਧਤ ਲਾਭਪਾਤਰੀਆਂ ਨੂੰ ਸੈਂਕਸ਼ਨ ਪੱਤਰ ਜਾਰੀ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਮੋਗਾ ਨਿਗਮ ਦੁਆਰਾ ਕੂੜੇ ਦੀ ਲਿਫਟਿੰਗ ਦੀਆਂ ਸਾਰੀਆਂ ਗੱਡੀਆਂ ‘ਤੇ ਜੀ. ਪੀ. ਐਸ ਸਿਸਟਮ ਲਗਾਇਆ ਗਿਆ ਹੈ ਜਿਸ ਨਾਲ ਸ਼ਹਿਰ ਵਿਚ ਕੂੁੜਾ ਚੁੱਕਣ ਦੇ ਪੁਆਇੰਟਾਂ ਤੋਂ ਰੋਜ਼ਾਨਾ ਕੂੜੇ ਦੀ ਲਿਫਟਿੰਗ ਸਮੇਂ ‘ਤੇ ਯਕੀਨੀ ਬਣ ਸਕੇਗੀ। ਇਸ ਸਿਸਟਮ ਦਾ ਕੰਟਰੋਲ ਰੂਮ ਨਿਗਮ ਦੇ ਮੁੱਖ ਦਫ਼ਤਰ ਵਿਚ ਸਥਾਪਿਤ ਕੀਤਾ ਗਿਆ ਹੈ ਜਿਥੇ ਇਕ ਕਰਮਚਾਰੀ ਦੀ ਪੱਕੀ ਡਿਊਟੀ ਲਗਾਈ ਗਈ ਹੈ। ਇਸ ਸਬੰਧੀ ਸ਼ਹਿਰ ਵਿਚ ਇਕ ਟੋਲ ਫਰੀ ਨੰਬਰ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਕੰਟਰੋਲ ਰੂਮ ਵਿਚ ਦੇਖਿਆ ਜਾਵੇਗਾ ਕਿ ਸ਼ਿਕਾਇਤ ਵਾਲੇ ਕੂੜਾ ਕੁਲੈਕਸ਼ਨ ਪੁਆਇੰਟ ਦੇ ਨਜ਼ਦੀਕ ਕੂੜਾ ਚੁੱਕਣ ਵਾਲੀ ਕਿਹੜੀ ਗੱਡੀ ਚੱਲ ਰਹੀ ਹੈ। ਉਸ ਗੱਡੀ ਨੂੰ ਸ਼ਿਕਾਇਤ ਨੋਟ ਕਰਵਾ ਕੇ ਅੱਧੇ ਘੰਟੇ ਦੇ ਅੰਦਰ-ਅੰਦਰ ਉਥੋਂ ਕੂੜਾ ਚੁਕਵਾਇਆ ਜਾਵੇਗਾ। ਇਸ ਸਿਸਟਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਵੱਖ-ਵੱਖ ਰੂਟ ਤਿਆਰ ਕੀਤੇ ਗਏ ਹਨ ਜਿਨ੍ਹਾਂ ‘ਤੇ ਕੰਟਰੋਲ ਰੂਮ ਵਿਚ ਬੈਠੇ ਕਰਮਚਾਰੀ ਦੀ ਨਜ਼ਰ ਰਹੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply