ਸੈਂਕੜੇ ਪਰਿਵਾਰ ਅਕਾਲੀ ਵਿਚ ਹੋਏ ਸ਼ਾਮਿਲ
ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਦੀਆਂ ਤੇਰਾਂ ਤੇਰਾਂ ਸੀਟਾਂ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾ ਦਿਓ, ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣ ਨਾਲ ਮੋਦੀ ਜੀ ਪ੍ਰਧਾਨ ਮੰਤਰੀ ਬਣ ਜਾਣਗੇ,ਬਾਦਲ ਸਾਹਿਬ ਦੀ ਦੋਸਤੀ ਮੋਦੀ ਜੀ ਨਾਲ ਹੋਣ ਕਰਕੇ ਸਭ ਤੋਂ ਵੱਧ ਫਾਇਦਾ ਬਠਿੰਡਾ ਦੇ ਲੋਕਾਂ ਨੂੰ ਹੋਵੇਗਾ। ਬਠਿੰਡਾ ਵਿਚ ਹੁਣ ਨਾਲੋ ਦਸ ਗੁਣਾ ਜਿਆਦਾ ਵਿਕਾਸ ਕੀਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਭੁਚੋ ਦੇ ਦਰਜਨਾਂ ਪਿੰਡਾਂ ਵਿਚ ਭਾਰੀ ਇਕੱਠਾ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨਾਂ ਕਿਹਾ ਮਨਪ੍ਰੀਤ ਦਾ ਲੋਕ ਹਤਾਇਸ਼ੀ ਹੋਣ ਦਾ ਝੂਠਾ ਚਿਹਰਾ ਸਾਹਮਣੇ ਆ ਗਿਆ ਹੈ। ਮਨਪ੍ਰੀਤ ਨੇ ਬਾਦਲ ਸਰਕਾਰ ਦਾ ਵਿੱਤ ਮੰਤਰੀ ਹੋਣ ਸਮੇਂ ਵੀ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਭਲਾਈ ਸਕੀਮਾਂ ਦਾ ਵਿਰੋਧ ਕੀਤਾ ਸੀ ਤੇ ਹੁਣ ਵੀ ਗਰੀਬਾਂ ਨੂੰ ਨੀਲੇ ਕਾਰਡਾਂ ਤੇ ਦਿੱਤੀ ਜਾਣ ਵਾਲੀ ਇਕ ਰੁਪਏ ਕਿਲੌ ਕਣਕ ਦੀ ਵੀ ਚੋਣ ਕਮਿਸ਼ਨ ਨੂੰ ਸ਼ਕਾਇਤ ਕਰਕੇ ਰੋਕ ਲਵਾ ਦਿੱਤੀ ਹੈ। ਉਨਾਂ ਕਿਹਾ ਕਾਗਰਸ ਅਤੇ ਚੋਣ ਕਮਿਸ਼ਨ ਦਾ ਇਕ ਮਹੀਨੇ ਵਿਚ ਭੋਗ ਪੈ ਜਾਵੇਗਾ ਅਤੇ ਗਰੀਬਾਂ ਨੂੰ ਦਿੱਤੀਆਂ ਜਾਣ ਵਾਲੀਆਂ ਭਲਾਈ ਸਕੀਮਾਂ ਇਸੇ ਤਰਾਂ ਹੀ ਜਾਰੀ ਰਹਿਣਗੀਆਂ। ਉਨਾਂ ਕਿਹਾ ਮਨਪ੍ਰੀਤ ਨੇ ਮੰਤਰੀ ਹੁੰਦਿਆਂ ਸਭ ਤੋਂ ਵੱਧ ਝੂਠੇ ਪਰਚੇ ਆਪਣੇ ਹਲਕੇ ਗਿਦੜਵਾਹਾ ਵਿਚ ਕਰਵਾਏ ਸਨ ਤੇ ਗਿਦੜਵਾਹਾ ਤੋਂ ਚੋਣ ਲੜਣ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤੋਂ ਅਮ੍ਰਿਤ ਛਕਿਆ ਸੀ ਤੇ ਜਿੱਤਣ ਤੋਂ ਬਾਅਦ ਭੰਗ ਕਰ ਦਿੱਤਾ। ਉਨਾ ਕਿਹਾ ਜਿਹੜਾ ਗੁਰੂ ਦਾ ਨਹੀ ਬਣਿਆ ਉਹ ਲੋਕਾਂ ਦਾ ਕੀ ਬਣੂਗਾ।
ਬੀਬੀ ਬਾਦਲ ਨੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਾਗਰਸ ਨੇ ਰੌਜਾਨਾ ਘਰਾਂ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਰੇਟ ਵਧਾ ਲੋਕਾਂ ਨੂੰ ਮਹਿੰਗਾਈ ਦੇ ਬੋਝ ਥੱਲੇ ਦੱਬ ਰੱਖਿਆ ਹੈ, ਜਿਸ ਕਾਰਨ ਗਰੀਬ ਵਿਅਕਤੀ ਨੂੰ ਅੱਜ ਆਪਣੀ ਰਸੋਈ ਚਲਾਉਣੀ ਅੋਖੀ ਪਈ ਹੈ। ਬੀਬਾ ਹਰਸਿਮਰਤ ਕੌਰ ਅੱਜ ਪਿੰਡ ਕੋਠੇ ਕੌਰ ਸਿੰਘ ਵਾਲਾ, ਅਬਲੂ, ਕੋਠੇ ਬੁੱਧ ਸਿੰਘ ਵਾਲਾ, ਬਲਾਹੜ ਮਹਿਮਾ, ਆਕਲੀਆ ਖੁਰਦ, ਆਕਲੀਆ ਕਲਾਂ, ਕੋਠੇ ਨੱਥਾ ਸਿੰਘ ਵਾਲੇ, ਕੋਠੇ ਇੰਦਰ ਸਿੰਘ ਵਾਲਾ, ਬਲਾਹੜ ਵਿੰਝੂ, ਗੋਨਿਆਣਾ ਖੁਰਦ, ਖੇਮੂਆਣਾ, ਅਮਰਗੜ, ਗਿਲਪੱਤੀ, ਭੋਖੜਾ ਅਤੇ ਗੋਨਿਆਣਾ ਮੰਡੀ ਵਿਚ ਭਾਰੀ ਇੱਕਠਾ ਨੂੰ ਸੰਬੋਧਨ ਕੀਤਾ। ਇਸ ਮੌਕੇ ਜੈਲਦਾਰ ਲਖਵਿੰਦਰ ਸਿੰਘ ਲੱਖੀ ਹਲਕਾ ਇੰਚਾਰਜ਼, ਬਲਕਾਰ ਸਿੰਘ ਬਰਾੜ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਦੇ ਯਤਨਾ ਸਦਕਾ ਪਿੰਡ ਅਬਲੂ ਤੋਂ ਸਰਪੰਚ ਸਰਬਜੀਤ ਸ਼ਰਮਾ ਅਤੇ ਆਕਲੀਆ ਤੋਂ ਸਵਰਨ ਸਿੰਘ ਦੀ ਅਗਵਾਈ ਵਿਚ ਸੈਂਕੜੇ ਪਰਿਵਾਰ ਦੂਜੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ।