ਨਵੀਂ ਦਿੱਲੀ, 8 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬਾਲਾ ਸਾਹਿਬ ਹਸਪਤਾਲ ਦੇ ਰੇਡੀਐਂਟ ਹੈਲਥ ਕੇਅਰ ਨਾਲ ਕੀਤੇ ਗਏ ਕਰਾਰ ਵਿੱਚ ਕਥਿਤ ਤੌਰ ‘ਤੇ ਸੈਂਕੜੇ ਕਰੋੜ ਰੁਪਇਆਂ ਦਾ ਮਾਲੀ ਫਾਇਦਾ ਹਵਾਲਾ ਜਰੀਏ ਚੁੱਕਣ ਦਾ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਵਕੀਲਾਂ ਦੀ ਤਜਵੀਜ਼ ਤੇ ਵਿਦੇਸ਼ੀ ਰੂਟ ਤੋਂ ਆਈ ਉਕਤ ਰਕਮ ਦੀ ਜਾਂਚ ਲਈ ਡਾਇਰੈਕਟਰ ਰਵੈਨਿਊ ਇੰਟੈਲੀਜੈਂਸ ਕੋਲ ਸ਼ਿਕਾਇਤ ਕਰਨ ਦਾ ਐਲਾਨ ਕੀਤਾ ਹੈ।
ਸਿਰਸਾ ਨੇ ਕਿਹਾ ਕਿ ਰੇਡੀਐਂਟ ਹੈਲਥ ਕੇਅਰ ਨੇ ਆਪਣੀ ਵੈਬਸਾਈਟ ਤੇ 5 ਫਰਵਰੀ 2012 ਨੂੰ ਬਾਲਾ ਸਾਹਿਬ ਹਸਪਤਾਲ 30 ਸਾਲ ਵਾਸਤੇ ਕਮੇਟੀ ਤੋਂ 370 ਕਰੋੜ (77 ਮਿਲੀਅਨ ਡਾਲਰ) ਵਿੱਚ ਲੈਣ ਦੀ ਜਾਣਕਾਰੀ ਦਿੱਤੀ ਸੀ, ਜਦੋਂਕਿ ਇਸ ਕਰਾਰ ਦੀ ਜਾਣਕਾਰੀ ਦੇਣ ਲਈ ਸਰਨਾ ਵੱਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਵਿਚ ਸਰਨਾ ਨੇ ਸਿਰਫ 25.50 ਕਰੋੜ ਰੁਪਏ ਕਮੇਟੀ ਨੂੰ 12.75 ਕਰੋੜ ਦੀਆਂ ਦੋ ਬਰਾਬਰ ਕਿਸ਼ਤਾਂ ਵਿੱਚ ਮਿਲਣ ਦੀ ਗੱਲ ਕਹੀ ਸੀ।ਜਿਸ ਦੀ ਪਹਿਲੀ ਕਿਸ਼ਤ ਦੇ ਤੌਰ ‘ਤੇ ਸਰਨਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਰਪ੍ਰਸ਼ਤੀ ਹੇਠ ਬਣਾਏ ਗਏ ਗੁਰੂ ਹਰਿਕ੍ਰਿਸ਼ਨ ਮੈਡੀਕਲ ਟ੍ਰੱਸਟ ਵਿਚ 12.75 ਕਰੋੜ ਰੁਪਏ ਪ੍ਰਾਪਤ ਵੀ ਕੀਤੇ ਸਨ। ਜਿਸ ਦਾ ਭੁਗਤਾਨ ਹੁਣ ਕਮੇਟੀ ਵੱਲੋਂ ਕੋਰਟ ਦੇ ਫੈਸਲਾਕਾਰ ਵੱਲੋਂ ਕਰਵਾਏ ਗਏ ਫੈਸਲੇ ਤਹਿਤ 13.25 ਕਰੋੜ ਰੁਪਏ ਕੀਤਾ ਗਿਆ ਹੈ।
ਸਿਰਸਾ ਨੇ ਕਿਹਾ ਕਿ ਸਰਨਾ ਨੇ ਅੱਜ ਹਸਪਤਾਲ ਬਾਰੇ ਜਾਰੀ ਆਪਣੇ ਪ੍ਰੈਸ ਨੋਟ ਵਿਚ 12.75 ਕਰੋੜ ਦੀ ਉਕਤ ਰਕਮ ਵਿੱਚੋਂ ਕਮੇਟੀ ਨੂੰ ਘੱਟ ਪ੍ਰਾਪਤ ਹੋਏ 6.75 ਕਰੋੜ ਰੁਪਏ ਦੀ ਰਕਮ ਤੇ ਚੁੱਪੀ ਸਾਧ ਕੇ ਸਿੱਧੇ ਤਰੀਕੇ ਨਾਲ ਗੁਰੂ ਦੀ ਸੰਗਤ ਨਾਲ ਗਬਨ ਕਰਨ ਨੂੰ ਸਵੀਕਾਰ ਕਰ ਲਿਆ ਹੈ।ਸਿਰਸਾ ਨੇ ਕਿਹਾ ਕਿ ਪੰਥਕ ਸਿਆਸਤ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕਰਾਰ ਦੀ ਏਵਜ ਵਿਚ ਕਮੇਟੀ ਦਾ ਪ੍ਰਧਾਨ ਕਹਿੰਦਾ ਹੈ ਕਿ ਕਮੇਟੀ ਕੋਲ 25.50 ਕਰੋੜ ਰੁਪਏ ਆਉਣੇ ਹਨ, ਪਰ ਦੇਣ ਵਾਲਾ ਕਹਿੰਦਾ ਹੈ ਕਿ ਉਸ ਨੇ 370 ਕਰੋੜ ਦਿੱਤੇ ਹਨ।
ਕਮੇਟੀ ਨੂੰ ਰੈਡੀਐਂਟ ਹੈਲਥ ਕੇਅਰ ਦੇ ਦਾਅਵੇ ਮੁਤਾਬਿਕ 349.50 ਕਰੋੜ ਰੁਪਏ ਦੇ ਹੋਏ ਘਾਟੇ ਦੀ ਜਾਂਚ ਕੇਂਦਰੀ ਏਜੰਸੀ ਵੱਲੋਂ ਹੋਣ ਉਪਰੰਤ ਸੱਚ ਸਾਹਮਣੇ ਆਉਣ ਦਾ ਵੀ ਸਿਰਸਾ ਨੇ ਦਾਅਵਾ ਕੀਤਾ। ਸਿਰਸਾ ਨੇ ਸਾਫ਼ ਸ਼ਬਦਾਂ ਵਿੱਚ ਸਰਨਾ ‘ਤੇ ਕਮੇਟੀ ਦਾ 6.75 ਕਰੋੜ ਰੁਪਏ ਆਪਣੇ ਘਰ ਲੈ ਜਾਉਣ ਦਾ ਗੰਭੀਰ ਦੋਸ਼ ਲਗਾਇਆ।ਪੱਤਰਕਾਰਾਂ ਵੱਲੋਂ ਹਸਪਤਾਲ ਨੂੰ ਵੇਚਣ ਬਾਰੇ ਸਰਨਾ ਦੇ ਇਨਕਾਰੀ ਦਾਅਵੇ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਿਰਸਾ ਨੇ ਸਵਾਲਾਂ ਦੀ ਝੜੀ ਲਗਾਉਂਦੇ ਹੋਏ ਕਈ ਸਵਾਲ ਦਾਗੇ।ਅਗਰ ਸਰਨਾ ਨੇ ਹਸਪਤਾਲ ਨਹੀਂ ਵੇਚਿਆ ਤਾਂ ਕਮੇਟੀ ਨੇ 13.25 ਕਰੋੜ ਰੁਪਏ ਦਾ ਭੁਗਤਾਨ ਕਿਸ ਏਵਜ ਵਿੱਚ ਕੀਤਾ? ਸਰਨਾ ਨੇ ਰੇਡੀਐਂਟ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਲਈ ਗਈ ਰਿਸ਼ਵਤ ਦੀ ਰਕਮ ਦੇ ਭੁਗਤਾਨ ਲਈ ਕੂੱਝ ਸਮੇਂ ਦੀ ਮੋਹਲਤ ਲੈਣ ਵਾਸਤੇ ਆਪਣੇ ਫਾਰਮ ਹਾਊਸ ਨੂੰ ਰੇਡੀਐਂਟ ਕੋਲ ਗਿਰਵੀ ਕਿਉਂ ਰੱਖਿਆ? ਜੇਕਰ ਹਸਪਤਾਲ ਨਹੀਂ ਵਿੱਕਿਆ ਸੀ ਤਾਂ ਸਰਨਾ ਨੇ ਡੀ.ਡੀ.ਏ ਨੂੰ ਲੀਜ ਦੀਆਂ ਸ਼ਰਤਾਂ ਦੇ ਉਲੰਘਣਾ ਦੇ ਦੋਸ਼ ਵਿੱਚ ਗੁਰੂ ਦੀ ਗੋਲਕ ਤੋਂ ਲਗਭਗ ਡੇਢ ਕਰੋੜ ਰੁਪਏ ਦੇ ਜੁਰਮਾਨੇ ਦਾ ਭੁਗਤਾਨ ਕਿਉਂ ਕੀਤਾ?
ਸਰਨਾ ਵੱਲੋਂ ਅੱਜ ਟਰੱਸਟ ਦੇ ਗਬਨ ਕੀਤੇ ਗਏ 6.75 ਕਰੋੜ ਰੁਪਏ ਗੁਰਦੁਆਰਾ ਸਾਹਿਬ ਵਿੱਖੇ ਲਗਾਉਣ ਦੇ ਕੀਤੇ ਗਏ ਦਾਅਵੇ ਨੂੰ ਸਿਰਸਾ ਨੇ ਹਾਸੋਹੀਣਾ ਦੱਸਦੇ ਹੋਏ ਸਰਨਾ ਨੂੰ ਖੁੱਲ੍ਹਾ ਸਮਾਂ ਕੱਢ ਕੇ ਕਮੇਟੀ ਦੇ ਖਾਤਿਆਂ ਦੀ ਜਾਂਚ ਕਰਕੇ ਉਕਤ ਲਾਪਤਾ ਰਕਮ ਨੂੰ ਲੱਭ ਕੇ ਦੇਣ ਦੀ ਵੀ ਚੁਨੌਤੀ ਦਿੱਤੀ।ਸਿਰਸਾ ਨੇ ਕਿਹਾ ਕਿ ਅਗਰ ਸਰਨਾ ਉਕਤ ਰਕਮ ਵਿੱਚੋਂ 100 ਰੁਪਏ ਦੀ ਰਕਮ ਵੀ ਲੱਭ ਕੇ ਦੇ ਦੇਣ ਤਾਂ ਉਹ ਸਿਆਸਤ ਨੂੰ ਅਲਵਿਦਾ ਕਹਿ ਦੇਣਗੇ।ਸਿਰਸਾ ਨੇ ਗੁਰਦੁਆਰਾ ਸਿਆਸ਼ਤ ਰਾਹੀਂ ਸਰਨਾ ਤੇ ਆਪਣੀਆਂ ਨਿਜੀ ਜਾਇਦਾਦਾਂ ਬਣਾਉਣ ਦਾ ਵੀ ਆਰੋਪ ਲਗਾਉਂਦੇ ਹੋਏ 1984 ਤੋਂ ਬਾਅਦ ਸਰਨਾ ਵੱਲੋਂ ਲੁਧਿਆਣਾ ਵਿੱਖੇ ਗੁਫੀ ਚਿੱਪਸ ਦੇ ਨਾਮ ਤੇ ਲਏ ਗਏ ਦੋ ਪਲਾਟਾਂ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਨੂੰ ਦਿਵਾਲੀਆਂ ਹੋਣ ਦੇ ਦਿੱਤੇ ਗਏ ਹਲਫਨਾਮੇ ਦਾ ਵੀ ਖੁਲਾਸਾ ਕੀਤਾ।ਸਿਰਸਾ ਨੇ ਸਵਾਲ ਕੀਤਾ ਕਿ 1984 ਵਿੱਚ ਦਿਵਾਲੀਆ ਇਨਸਾਨ ਅੱਜ ਕਿਵੇਂ ਹਜਾਰਾ ਕਰੋੜ ਦਾ ਮਾਲਿਕ ਹੋ ਗਿਆ? ਉਧਰ ਉਪਰੋਕਤ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਸ.z ਪਰਮਜੀਤ ਸਿੰਘ ਸਰਨਾ ਨੇ ਕਿਹਾ ਉਨ੍ਹਾਂ ਕਿਹਾ ਕੀ ਸz. ਮਨਜੀਤ ਸਿੰਘ ਜੀ.ਕੇ ਅਤੇ ਸਿਰਸਾ ਵਲੋਂ 300 ਕਰੋੜ ਦਾ ਜੋ ਇਲਜ਼ਾਮ ਲਗਾ ਤੇ ਦਿੱਲੀ ਦੀ ਸਿੱਖ ਸੰਗਤ ਨੂੰ ਪਿਛਲੀਆਂ ਚੋਣਾਂ ਵਿਚ ਭਰਮਾ ਕੇ ਜਿੱਤ ਪ੍ਰਪਾਤ ਕੀਤੀ ਸੀ, ਉਸ ਦਾ ਕੋਈ ਵੀ ਸਬੂਤ ਸੰਗਤ ਸਾਹਮਣੇ ਅੱਜ ਤਕ ਪੇਸ਼ ਨਹੀ ਕੀਤਾ ।ਉਨਾਂ ਕਿਹਾ ਕਿ ਦਿੱਲੀ ਦੀ ਸੰਗਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੀ ਹੈ ਕੀ ਸਿੱਖ ਸੰਗਤ ਨੂੰ ਬਾਲਾ ਸਾਹਿਬ ਹਸਪਤਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਬਾਰੇ ਝੂਠ ਬੋਲ ਕੇ ਭਰਮਾਉਣ ਦੇ ਦੋਸ਼ੀ ਮਨਜੀਤ ਸਿੰਘ ਜੀ. ਕੇ ਅਤੇ ਸਿਰਸਾ ਨੂੰ ਤਲਬ ਕੀਤਾ ਜਾਵੇ।ਉਨ੍ਹਾਂ ਇਹ ਵੀ ਅਪੀਲ ਕੀਤੀ ਕੀ ਮੌਜੂਦਾ ਕਮੇਟੀ ਦੇ ਹੁਣ ਤਕ ਦੇ ਕਾਰਜਕਾਲ ਦੇ ਕੰਮਾਂ ਦੀ ਪੜਤਾਲ ਕਾਰਵਾਈ ਜਾਵੇ ਤੇ ਕਮੇਟੀ ਨੂੰ ਭੰਗ ਕਰਕੇ ਕੰਮ ਕਾਜ ਚਲਾਉਣ ਲਈ ਤਿੰਨ ਮੈਂਬਰੀ ਕਮੇਟੀ ਕਮੇਟੀ ਬਣਾਈ ਜਾਵੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media