ਅਗਲੀ ਡੂਸੂ ਚੋਣ ਵਿੱਚ ਐਸ.ਓ.ਆਈ ਤਗੜੀ ਚੁਨੌਤੀ ਦੇਵੇਗੀ – ਜੀ.ਕੇ

ਨਵੀਂ ਦਿੱਲੀ, 11 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟ ਵਿੰਗ, ਸਟੂਡੈਂਟਸ ਔਰਗਾਨਾਈਜੈਸ਼ਨ ਆਫ ਇੰਡੀਆ (ਐਸ.ਓ.ਆਈ.) ਨੇ ਦਿੱਲੀ ਯੂਨੀਵਰਸਿਟੀ ਦੀਆਂ ਸਥਾਨਿਕ ਕਾਲਜ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੱਜ ਹੋਇਆਂ ਚੋਣਾਂ ਵਿੱਚ ਦਿੱਲੀ ਦੇ 3 ਖਾਲਸਾ ਕਾਲਜਾਂ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾੱਮਰਸ ਅਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਵਿੱਖੇ ਚੋਣ ਅਖਾੜੇ ਵਿੱਚ ਪਹਿਲੀ ਵਾਰ ਨਿੱਤਰੀ ਐਸ.ਓ.ਆਈ. ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਖੇ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਚੋਣ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ ਹੈ।
ਗੁਰੂ ਗੋਬਿੰਦ ਸਿੰਘ ਕਾਲਜ ਵਿੱਖੇ ਐਸ.ਓ.ਆਈ. ਦਾ ਪੂਰਾ ਪੈਨਲ ਜੇਤੂ ਰਿਹਾ ਜਿਸ ਵਿੱਚ ਗਗਨਦੀਪ ਸਿੰਘ ਪ੍ਰਧਾਨ, ਅਸ਼ੀਸ਼ ਕੌਰ ਚੱਢਾ ਮੀਤ ਪ੍ਰਧਾਨ, ਉਜੱਵਲ ਅਰੋੜਾ ਜਨਰਲ ਸਕੱਤਰ, ਗੁਰਦੇਵ ਸਿੰਘ ਜੁਆਇੰਟ ਸਕੱਤਰ, ਹਰਨਾਮ ਕੌਰ ਸੀ.ਸੀ., ਅਤੇ ਗੁਰਸ਼ਾਂਝ ਸਿੰਘ ਸੀ.ਸੀ. ਸ਼ਾਮਿਲ ਹਨ। ਇਸੇ ਤਰ੍ਹਾਂ ਹੀ ਗੁਰ ਤੇਗ ਬਹਾਦਰ ਕਾਲਜ ਵਿੱਚ ਪ੍ਰਧਾਨ ਨਿਤੇਸ਼ ਰੋਹਿੱਲਾ, ਜਨਰਲ ਸਕੱਤਰ ਰਜਨੀ ਅਰੋੜਾ, ਅਤੇ ਜੁਆਇੰਟ ਸਕੱਤਰ ਹਿਮਾਂਸ਼ੂ ਸਰਮਾ ਜੇਤੂ ਰਹੇ। ਜਦਕਿ ਗੁਰ ਨਾਨਕ ਦੇਵ ਕਾਲਜ ਵਿੱਖੇ ਜਨਰਲ ਸਕੱਤਰ ਦੇ ਅਹੁਦੇ ਤੇ ਅਨਿਲ ਕੁਮਾਰ ਦੀ ਜਿੱਤ ਹੋਈ।
ਵੱਡੀ ਜਿੱਤ ਤੋਂ ਖੁਸ਼ ਨਜ਼ਰ ਆ ਰਹੇ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਯੂਥ ਅਕਾਲੀ ਦਲ ਦੇ ਦਿੱਲੀ ਇਕਾਈ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਰਟੀ ਦਫ਼ਤਰ ਵਿੱਖੇ ਜੇਤੂ ਉਮੀਦਵਾਰਾਂ ਨੂੰ ਸਿਰੋਪਾਉ ਦੇ ਕੇ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਜੀ.ਕੇ. ਨੇ ਐਸ.ਓ.ਆਈ. ਲਈ ਦਿੱਲੀ ਵਿੱਖੇ ਅੱਜ ਦੇ ਦਿਨ ਨੂੰ ਇਤਿਹਾਸਕ ਦਸਿਆ। ਜੀ.ਕੇ. ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਉਤਰਨ ਦਾ ਫੈਸਲਾ ਹਾਲਾਂਕਿ ਕਾਫੀ ਦੇਰ ਨਾਲ ਲਿਆ ਗਿਆ ਸੀ ਪਰ ਫਿਰ ਵੀ ਅਸੀਂ ਆਪਣੀ ਹੋਂਦ ਨੂੰ ਪ੍ਰਗਟਾਕੇ ਅਗਲੇ ਵਰ੍ਹੇ ਡੂਸੂ ਚੋਣਾਂ ਲੜਨ ਦਾ ਸਫਰ ਆਸਾਨ ਕਰ ਲਿਆ ਹੈ।ਅਗਰ ਪਾਰਟੀ ਨੇ ਇੱਕ ਮਹੀਨਾਂ ਪਹਿਲਾਂ ਮੌਜੂਦਾਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੁੰਦਾ ਤਾਂ ਸ਼ਾਇਦ ਨਤੀਜੇ ਹੋਰ ਸੁਖਾਵੇ ਹੋਣੇ ਸੀ।
ਅਗਲੀ ਡੂਸੂ ਚੋਣਾਂ ਵਿੱਚ ਐਸ.ਓ.ਆਈ. ਵੱਲੋਂ ਐਨ.ਐਸ.ਯੂ.ਆਈ, ਏ.ਬੀ.ਵੀ.ਪੀ ਅਤੇ ਸੀ.ਵਾਈ.ਐਸ.ਐਸ. ਨੂੰ ਤਕੜੀ ਚੁਨੌਤੀ ਦੇਣ ਦਾ ਵੀ ਜੀ.ਕੇ ਨੇ ਦਾਅਵਾ ਕੀਤਾ।ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਦੇ ਆਗੂ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਸਣੇ ਸਮੂਹ ਆਗੂਆਂ ਵੱਲੋਂ ਉਕਤ ਚੋਣਾਂ ਨੂੰ ਜਿੱਤਣ ਵਾਸਤੇ ਜੰਗੀ ਪੱਧਰ ਤੇ ਕੀਤੇ ਗਏ ਕਾਰਜਾਂ ਦੇ ਲਈ ਵੀ ਜੀ.ਕੇ. ਨੇ ਧੰਨਵਾਦ ਕੀਤਾ। ਜੀ.ਕੇ ਨੇ ਕਿਹਾ ਕਿ ਅਸਲ ਮਿਹਨਤ ਤਾਂ ਬੱਚਿਆਂ ਨੇ ਕੀਤੀ ਹੈ ਜਿਨ੍ਹਾਂ ਨੇ ਅਕਾਲੀ ਦਲ ਦੇ ਖਿਲਾਫ ਨਸ਼ਿਆਂ ਦੇ ਪ੍ਰਸਾਰ ਦੇ ਚਲਦੇ ਕੂੜ ਪ੍ਰਚਾਰ ਦੇ ਖਿਲਾਫ਼ ਆਪਣੇ ਸਾਥਿਆਂ ਨੂੰ ਸੁਚੇਤ ਕਰਦੇ ਹੋਏ ਪਾਰਟੀ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕੀਤਾ ਹੈ।
ਸਿਰਸਾ ਨੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਖੇ ਐਸ.ਓ.ਆਈ ਦੀ ਹੋਈ ਹੂੰਝਾ ਫੇਰ ਜਿੱਤ ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਕਰਦੇ ਹੋਏ ਕਿਹਾ ਕਿ ਇਸ ਕਾਲਜ ਵਿੱਚ ਜਿਆਦਾਤਰ ਦਾਖਿਲੇ 90 ਫੀਸ਼ਦੀ ਤੋਂ ਵੱਧ ਨੰਬਰ ਬਾਰ੍ਹਵੀ ਜਮਾਤ ਵਿੱਚ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਦੇ ਹੁੰਦੇ ਹਨ ਜਿਹੜੇ ਕੀ ਬੌਧਿਕ ਤੌਰ ਤੇ ਕਿਸੇ ਨੂੰ ਵੀ ਬਹਿਸ਼ ਦੇ ਵਿੱਚ ਹਰਾ ਸਕਦੇ ਹਨ ਅਤੇ ਸਿਖਿਆ ਕੀ ਹੈ ਉਸ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਹਨ। ਅਗਰ ਐਸੇ ਕਾਲਜ ਵਿੱਚ ਐਸ.ਓ.ਆਈ. ਸ਼ਿਆਸੀ ਤੌਰ ਤੇ ਮਿਆਰੀ ਸਿੱਖਿਆ ਦੇ ਦਿਮਾਗਾਂ ਦੇ ਨਾਲ ਜਿੱਤ ਕੇ ਆਉਂਦੀ ਹੈ ਤਾਂ ਉਸ ਜਿੱਤ ਦੀ ਅਹਿਮੀਅਤ ਕਈ ਗੁਣਾਂ ਵੱਧ ਜਾਂਦੀ ਹੈ। ਸਿਰਸਾ ਨੇ ਚੋਣ ਨਤੀਜਿਆਂ ਦੀ ਸਮੀਖਿਆ ਕਰਦੇ ਹੋਏ ਐਸ.ਓ.ਆਈ. ਨੂੰ ਪਹਿਲੀ ਪ੍ਰੀਖਿਆ ਵਿੱਚ ਪਾਸਿੰਗ ਮਾਰਕਸ ਤੋਂ ਕਾਫੀ ਵੱਧ ਮਿਲਣ ਦਾ ਵੀ ਦਾਅਵਾ ਕੀਤਾ।
ਹਿੱਤ ਨੇ ਪਹਿਲੀ ਵਾਰ ਚੋਣ ਲੜਦੇ ਹੋਏ ਐਸ.ਓ.ਆਈ ਵੱਲੋਂ ਪ੍ਰਾਪਤ ਕੀਤੀ ਗਈ ਜਿੱਤ ਨੂੰ ਮੀਲ ਦਾ ਪੱਥਰ ਦਸਦੇ ਹੋਏ ਕਿਹਾ ਕਿ ਜਿਸ ਜੱਥੇਬੰਦੀ ਨੂੰ ਦਿੱਲੀ ਵਿੱਖੇ ਇੱਕ ਮਹੀਨਾਂ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ ਜੇਕਰ ਉਹ ਜਿੱਤ ਕੇ ਆ ਰਹੀ ਹੈ ਤਾਂ ਵੱਡੀ ਗਲ ਹੈ।ਇਸ ਮੌਕੇ ਐਸ.ਓ.ਆਈ. ਨਾਲ ਪਾਰਟੀ ਦਾ ਤਾਲਮੇਲ ਦੇਖਣ ਵਾਲੇ ਕਾਲਕਾ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਜਸਪ੍ਰੀਤ ਸਿੰਘ ਵਿੱਕੀਮਾਨ, ਅਕਾਲੀ ਦਲ ਦੇ ਆਈ.ਟੀ. ਇੰਚਾਰਜ ਵਿਕਰਮ ਸਿੰਘ ਆਦਿਕ ਮੌਜੂਦ ਸਨ।
Punjab Post Daily Online Newspaper & Print Media