ਭਿੱਖੀਵਿੰਡ, 13 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਜਿਲਾ ਤਰਨਤਾਰਨ ਵਿਚ ਆਉਦੇ ਪਿੰਡ ਭਿੱਖੀਵਿੰਡ ਸਥਿਤ ਵਾਰਡ ਨੰ: 9 ਦੀ ਗਲੀ ਵਿੱਚ ਬੀਤੇ ਦਿਨੀ ਸੀਵਰੇਜ ਦਾ ਪਾਇਪ ਪਾਉਣ ਤੋਂ ਹੋਈ ਮਾਮੂਲੀ ਤਕਰਾਰ ਤੋ ਬਾਅਦ ਇੱਕ ਅਕਾਲੀ ਆਗੂ ਵੱਲੋ ਪੰਜਾਬੀ ਅਖਬਾਰ ਦੇ ਪੱਤਰਕਾਰ ਲਖਵਿੰਦਰ ਸਿੰਘ ਗੋਲਣ ਉੱਪਰ ਪਿਸਤੌਲ ਤਾਣ ਕੇ ਜ਼ਾਨੋ ਮਾਰਨ ਦੀਆ ਧਮਕੀਆਂ ਦੇਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੱਤਰਕਾਰ ਲਖਵਿੰਦਰ ਸਿੰਘ ਗੋਲਣ ਨੇ ਦੱਸਿਆ ਕਿ ਭਿੱਖੀਵਿੰਡ ਦੀ ਵਾਰਡ ਨੰ: 9 ਵਿੱਚ ਉਨਾਂ ਦੀ ਗਲੀ ‘ਚ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਬਣ ਰਹੀ ਹੌਦੀ ਵਿੱਚ ਪਾਣੀ ਦੀ ਨਿਕਾਸੀ ਬਾਰੇ ਠੇਕੇਦਾਰ ਨਾਲ ਗੱਲ ਕਰੇ ਸਨ ਤਾਂ ਉਸ ਸਮੇਂ ਮੌਜੂਦ ਅਕਾਲੀ ਆਗੂ ਸਤੀਸ਼ ਕੁਮਾਰ ਨੇ ਬਿਨਾਂ ਵਜ੍ਹਾ ਤਕਰਾਰ ਸ਼ੁਰੂ ਕਰ ਦਿੱਤੀ ਅਤੇ ਅਚਾਨਕ ਸਤੀਸ਼ ਕੁਮਾਰ ਅਤੇ ਉਸ ਦੇ ਲੜਕੇ ਬੱਬਲੂ ਨੇ ਪਿਸਤੌਲ ਅਤੇ ਕਿਰਚ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਸ ‘ਤੇ ਹਮਲਾ ਕਰ ਦਿੱਤਾ, ਪਰ ਕਿਸੇ ਤਰਾਂ ਭੱਜ ਕੇ ਆਪਣੀ ਜ਼ਾਨ ਬਚਾਈ ਅਤੇ ਉਕਤ ਵਿਅਕਤੀ ਉਚੀ-ਉਚੀ ਗਾਲਾਂ ਕੱਢਦੇ ਚਲੇ ਗਏ।ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਜਦ ਉਸ ਦਾ ਲੜਕਾ ਰਣਬੀਰ ਸਿੰਘ ਗੌਲਣ ਮੌਕੇ ‘ਤੇ ਪਹੁੰਚਿਆ ਤਾਂ ਉਸ ਨੇ ਗੁਰਪ੍ਰੀਤ ਸਿੰਘ ਗੋਲਾ ਨੂੰ ਨਾਲ ਲੈ ਕੇ ਥਾਣੇ ਦਰਖਾਸ਼ਤ ਦੇ ਦਿੱਤੀ।ਜਿਸ ਦਾ ਦਰਖਾਸਤ ਨੰ: 127 ਹੈ, ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਉਨਾਂ ‘ਤੇ ਪੁਲਿਸ ਰਾਜੀਨਾਵਂੇ ਦਾ ਦਬਾਅ ਪਾ ਰਹੀ ਹੈ।
ਲਖਵਿੰਦਰ ਗੋਲਣ ਨੇ ਹੋਰ ਦੱਸਿਆ ਕਿ ਇਸੇ ਸਬੰਧ ‘ਚ ਭਿੱਖੀਵਿੰਡ ਸਥਿਤ ਸਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਪੱਟੀ ਰੋਡ ਵਿਖੇ ਪੱਤਰਕਾਰਾਂ ਦੀ ਹੋਈ ਮੀਟਿੰਗ ਵਿੱਚ ਪਹੁੰਚੇ ਪੱਤਰਕਾਰ ਭਾਈਚਾਰੇ ਨੇ ਉਕਤ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਨਾਲ ਹੀ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਨਾ ਕਰਨ ‘ਤੇ ਕਰੜੇ ਸੰਘਰਸ਼ ਦੀ ਚੇਤਾਵਨੀ ਦਿੱਤੀ।ਇਸ ਮੌਕੇ ਪ੍ਰਧਾਨ ਰਾਣਾ ਬੁੱਗ, ਮਨੀ ਪੰਜ਼ਾਬ ਪਲੱਸ, ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜ਼ਪੂਤ, ਬਲਜੀਤ ਸਿੰਘ, ਤਰਸੇਮ ਸਿੰਘ ਰਾਮਰੌਣੀ, ਤਰਲੋਚਨ ਸਿੰਘ, ਆਲ-ਇੰਡੀਆ ਐਟੀ-ਕੁਰਪਸ਼ਨ ਦੇ ਮੁੱਖ ਸਲਾਹਕਾਰ ਪੰਜ਼ਾਬ ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਲਾ ਆਦਿ ਹਾਜਿਰ ਸਨ।
ਉਧਰ ਜਦ ਇਸ ਮਾਮਲੇ ਸਬੰਧੀ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ ਨਛੱਤਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਨਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media