ਮਾਲੇਰਕੋਟਲਾ (ਸੰਦੌੜ), 14 ਸਤੰਬਰ (ਹਰਮਿੰਦਰ ਸਿੰਘ ਭੱਟ) – ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਇੱਕ ਅਹਿਮ ਮੀਟਿੰਗ ਅੱਜ ਇਥੇ ਕਾਲੀ ਮਾਤਾ ਮੰਦਿਰ ਧਰਮਸ਼ਾਲਾ ਵਿਖੇ ਹੋਈ। ਜਿਸ ਵਿਚ ਉਚੇਚੇ ਤੌਰ ‘ਤੇ ਪੁੱਜੇ ਜਥੇਬੰਦੀ ਦੀ ਸੂਬਾ ਵਿੱਤ ਸਕੱਤਰ ਮੈਡਮ ਸੁਭਾਸ਼ ਰਾਣੀ ਅਤੇ ਜ਼ਿਲ੍ਹਾ ਚੇਅਰਪਰਸਨ ਬੀਬੀ ਸਿੰਦਰ ਕੌਰ ਬੜੀ ਨੇ ਆਪਣੇ ਸੰਬੋਧਨ ‘ਚ ਜਥੇਬੰਦੀ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਹੱਕਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੀਆਂ ਜੁਝਾਰੂ ਆਂਗਣਵਾੜੀ ਮੁਲਾਜ਼ਮਾਂ ਨੇ ਜਿਥੇ ਤਿੱਖਾ ਸੰਘਰਸ਼ ਲੜਦਿਆਂ ਪ੍ਰਸੂਤਾ ਛੁੱਟੀ, ਯੋਗਤਾ ‘ਚ ਵਾਧਾ ਕਰਨਾ, ਅਬੋਰਸ਼ਨ ਲੀਵ, ਵਿਦੇਸ਼ ਜਾਣ ਲਈ ਛੁੱਟੀ ਅਤੇ ਸਰਕਲ ਮੀਟਿੰਗਾਂ ‘ਤੇ ਜਾਣ ਲਈ ਟੀ.ਏ.ਦੇਣ ਆਦਿ ਸਮੇਤ ਕਈ ਹੋਰ ਪ੍ਰਾਪਤੀਆਂ ਕੀਤੀਆਂ ਉਥੇ ਹੁਣ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਚੰਡੀਗੜ੍ਹ ਵਿਖੇ ੧੩੫ ਦਿਨਾਂ ਤੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਮੰਤਵ ਬਾਰੇ ਵਿਸਥਾਰ ‘ਚ ਚਾਨਣਾ ਪਾਉਂਦਿਆਂ ਕਿਹਾ ਕਿ ਜਿੰਨ੍ਹਾਂ ਚਿਰ ਤੱਕ ਪੰਜਾਬ ਸਰਕਾਰ ਹਰਿਆਣਾ ਪੈਟਰਨ ਲਾਗੂ ਨਹੀਂ ਕਰਦੀ ਉਦੋਂ ਤੱਕ ਇਹ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ।ਮੀਟਿੰਗ ਵਿਚ ਚੰਡੀਗੜ੍ਹ ਭੁੱਖ ਹੜਤਾਲ ‘ਚ ਸ਼ਮੂਲੀਅਤ ਕਰਨ ਲਈ ਮਾਲੇਰਕੋਟਲਾ ਬਲਾਕ-੧ ਅਤੇ ਮਾਲੇਰਕੋਟਲਾ ਬਲਾਕ-੨ ਨਾਲ ਸਬੰਧਤ ਵਰਕਰਾਂ ਦੀਆਂ ਲਗਾਈਆਂ ਗਈਆਂ ਡਿਉਟੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਦੇ ਸਾਰੇ ੩੧ ਵਾਰਡਾਂ ਸਮੇਤ ਰੁੜਕੀ, ਚੌਂਦਾ, ਝਨੇਰ, ਅਹਿਮਦਗੜ੍ਹ, ਕੁੱਪ, ਭੋਗੀਵਾਲ, ਸੰਦੌੜ, ਕੰਗਣਵਾਲ ਆਦਿ ਸਰਕਲਾਂ ਦੀਆਂ ਵਰਕਰਾਂ ੧੩ ਨਵੰਬਰ ਤੋਂ ੨੯ ਨਵੰਬਰ ਤੱਕ ਲਗਾਤਾਰ ਚੰਡੀਗੜ੍ਹ ਭੁੱਖ ਹੜਤਾਲ ‘ਚ ਸ਼ਮੂਲੀਅਤ ਕਰਨਗੀਆਂ।
ਇਸ ਮੌਕੇ ਮੀਟਿੰਗ ਵਿਚ ਮਾਲੇਰਕੋਟਲਾ ਬਲਾਕ-੧ ਦੀ ਸਰਵਸੰਮਤੀ ਨਾਲ ਨਵੀਂ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਗੁਰਮੇਲ ਕੌਰ, ਜਨਰਲ ਸਕੱਤਰ ਬਲਵੀਰ ਕੌਰ, ਖਜ਼ਾਨਚੀ ਰੁਪਿੰਦਰ ਕੌਰ, ਸਹਾਇਕ ਖਜ਼ਾਨਚੀ ਬਲਜਿੰਦਰ ਕੌਰ ਬਿੰਜੋਕੀ, ਸੀਨੀਅਰ ਮੀਤ ਪ੍ਰਧਾਨ ਨਸੀਮ ਤੇ ਜਸਪਾਲ ਕੌਰ, ਮੀਤ ਪ੍ਰਧਾਨ ਪਰਮਜੀਤ ਕੌਰ ਰੁੜਕੀ, ਜੁਆਇੰਟ ਸੈਕਟਰੀ ਰਣਜੀਤ ਕੌਰ ਚੌਂਦਾ, ਪ੍ਰੈਸ ਸਕੱਤਰ ਸਿਮਰਨ ਰਾਣੀ, ਕਾਰਜਕਾਰਨੀ ਮੈਂਬਰਾਂ ਵਿਚ ਸੀਮਾਂ ਰਾਣੀ, ਨਸਰੀਨ ਅਖੱਤਰ, ਲੱਛਮੀ, ਸ਼ਬੀਰਾਂ ਬੇਗਮ ਅਤੇ ਕੁਲਵਿੰਦਰ ਕੌਰ ਚੁਣੀਆਂ ਗਈਆਂ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media