ਬੱਚਿਆਂ ਦੇ ਮਾਨਸਿਕ ਵਿਕਾਸ ਲਈ ਕਲਾ ਮੁਕਾਬਲਿਆਂ ਦਾ ਅਹਿਮ ਯੋਗਦਾਨ- ਡਾ. ਤਰੁਨਦੀਪ ਕੌਰ
ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ) – ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਅੱਜ ਦਫ਼ਤਰ ਰੈਡ ਕਰਾਸ ਵਿਖੇ ਜ਼ਿਲ੍ਹਾ ਪੱਧਰੀ ‘ਆਨ ਦ ਸਪੌਟ ਪੇਂਟਿੰਗ ਮੁਕਾਬਲਾ’ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ 15 ਸਕੂਲਾਂ ਦੇ 115 ਵਿਦਿਆਰਥੀਆਂ ਨੇ ਭਾਗ ਲਿਆ। ਗਰੀਨ, ਵਾਈਟ ਅਤੇ ਬਲਿਊ ਤਿੰਨ ਗਰੁੱਪਾਂ ਤੋਂ ਇਲਾਵਾ ਸਪੈਸ਼ਲ ਬੱਚਿਆਂ ਦੇ ਦੋ ਯੈਲੋ ਅਤੇ ਰੈਡ ਗਰੁੱਪਾਂ ਨੇ ਇਸ ਪੇਂਟਿੰਗ ਮੁਕਾਬਲੇ ਵਿਚ ਮੌਕੇ ‘ਤੇ ਆਪਣੀ ਕਲਾ ਨੂੰ ਬਾਖੂਬੀ ਕਾਗਜ਼ ‘ਤੇ ਚਿਤਰਿਆ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਪਤਨੀ ਡਾ. ਤਰੁਨਦੀਪ ਕੌਰ ਆਈ. ਆਰ. ਐਸ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਜਿਥੇ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਉਨ੍ਹਾਂ ਦੀ ਸੋਚ ਵੀ ਵਿਕਸਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਵਿਕਾਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵੀ ਜ਼ਰੂਰੀ ਹੈ, ਜਿਹੜਾ ਕਿ ਅਜਿਹੇ ਮੁਕਾਬਲੇ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਬੱਚਿਆਂ ਨੇ ਕੌਮੀ ਪੱਧਰ ‘ਤੇ ਮੱਲ੍ਹਾਂ ਮਾਰੀਆਂ ਹਨ ਅਤੇ ਅੱਜ ਜਿਸ ਤਰ੍ਹਾਂ ਇਨ੍ਹਾਂ ਬੱਚਿਆਂ ਨੇ ਸਮਾਜਿਕ ਮੁੱਦਿਆਂ ਨੂੰ ਕਾਗਜ਼ ‘ਤੇ ਚਿਤਰਿਆ ਹੈ, ਉਸ ਨਾਲ ਸਮਾਜ ਨੂੰ ਵੀ ਇਕ ਵਧੀਆ ਸੇਧ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀ 7 ਅਕਤੂਬਰ 2015 ਨੂੰ ਜਿਮਨੇਜੀਅਮ ਹਾਲ, ਨੇੜੇ ਸਰਕਟ ਹਾਊਸ, ਗੁਰਦਾਸਪੁਰ ਵਿਖੇ ਰਾਜ ਪੱਧਰੀ ਪੇਂਟਿੰਗ ਮੁਕਾਬਲੇ ਵਿਚ ਹਿੱਸਾ ਲੈਣਗੇ। ਮੁਕਾਬਲੇ ਦੇ ਜੱਜਾਂ ਦੀ ਭੂਮਿਕਾ ਮੈਡਮ ਮਾਲਾ ਚਾਵਲਾ, ਸ੍ਰੀ ਧਰਮਿੰਦਰ ਸ਼ਰਮਾ ਅਤੇ ਸ੍ਰੀ ਕੁਲਵੰਤ ਸਿੰਘ ਨੇ ਨਿਭਾਈ।
ਇਸ ਮੁਕਾਬਲੇ ਵਿਚ ‘ਗਰੀਨ ਗਰੁੱਪ’ (5 ਤੋਂ 8 ਸਾਲ) ਵਿਚ ਡੀ. ਏ. ਵੀ ਪਬਲਿਕ ਸਕੂਲ ਕੈਂਟ ਬ੍ਰਾਂਚ ਦੀ ਨਵਿਆ ਤਲਵਾਰ ਨੂੰ ਪਹਿਲਾ, ਮਾਨਵ ਪਬਲਿਕ ਸਕੂਲ ਦੇ ਪਿਊਸ਼ ਨੂੰ ਦੂਸਰਾ ਅਤੇ ਸਪਰਿੰਗ ਡੇਲ ਪਬਲਿਕ ਸਕੂਲ ਦੀ ਦੀਆ ਨੂੰ ਤੀਸਰਾ ਸਥਾਨ ਮਿਲਿਆ ਜਦਕਿ ਸੈਕਰਡ ਹਾਰਟ ਸਕੂਲ ਦੀ ਅਚਿੰਤਾ ਵੋਹਰਾ ਨੂੰ ਹੌਸਲਾ ਵਧਾਊ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ‘ਵਾਈਟ ਗਰੁੱਪ (9 ਤੋਂ 12 ਸਾਲ) ਵਿਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਗੁਰਪ੍ਰੀਤ ਸਿੰਘ ਨੇ ਪਹਿਲਾ, ਸੈਕਰਡ ਹਾਰਟ ਪਬਲਿਕ ਸਕੂਲ ਦੀ ਸ਼ਰੂਤੀ ਆਨੰਦ ਨੇ ਦੂਸਰਾ ਅਤੇ ਭਵਨਸ ਐਸ. ਐਲ ਸਕੂਲ ਦੇ ਯੋਗਿਕ ਸੇਠ ਨੇ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਦੇ ਅਖਿਲ ਨੇ ਹੌਸਲਾ ਵਧਾਊ ਪੁਰਸਕਾਰ ਹਾਸਲ ਕੀਤਾ। ‘ਬਲਿਊ ਗਰੁੱਪ’ (13 ਤੋਂ 16 ਸਾਲ) ਵਿਚ ਮਾਨਵ ਪਬਲਿਕ ਸਕੂਲ ਦੀ ਕ੍ਰਿਤੀ ਰੇਖੀ ਨੂੰ ਪਹਿਲਾ, ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਦੇ ਮਨੋਜ ਕੁਮਾਰ ਨੂੰ ਦੂਸਰਾ ਅਤੇ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਮੁਕੇਸ਼ ਭੱਟੀ ਨੂੰ ਤੀਸਰਾ ਸਥਾਨ ਮਿਲਿਆ ਜਦਕਿ ਹੌਸਲਾ ਵਧਾਊ ਅਜੀਤ ਵਿਦਿਆਲਿਆ ਦੀ ਸਿਮਰਨਜੋਤ ਕੌਰ ਦੇ ਹਿੱਸੇ ਆਇਆ। ਸਪੈਸ਼ਲ ਬੱਚਿਆਂ ਦੇ ‘ਯੈਲੋ ਗਰੁੱਪ’ (5 ਤੋਂ 10 ਸਾਲ) ਵਿਚ ਡੀ. ਏ. ਵੀ ਰੈਡ ਕਰਾਸ ਸਕੂਲ ਦੀ ਜਾਨਵੀ ਨੂੰ ਪਹਿਲਾ, ਲਵਪ੍ਰੀਤ ਸਿੰਘ ਨੂੰ ਦੂਸਰਾ ਅਤੇ ਸ਼ਿਵਮ ਵਰਮਾ ਨੂੰ ਤੀਸਰਾ ਸਥਾਨ ਮਿਲਿਆ ਜਦਕਿ ਭਵਨਸ ਸੀ. ਐਲ ਪਬਲਿਕ ਸਕੂਲ ਦੇ ਮੰਨਤ ਗੁਪਤਾ ਨੂੰ ਹੌਸਲਾ ਵਧਾਊ ਇਨਾਮ ਇਨਾਮ ਮਿਲਿਆ। ਇਸੇ ਤਰ੍ਹਾਂ ਸਪੈਸ਼ਲ ਬੱਚਿਆਂ ਦੇ ‘ਰੈਡ ਗਰੁੱਪ’ (11 ਤੋਂ 18 ਸਾਲ) ਵਿਚ ਡੀ. ਏ. ਵੀ ਰੈਡ ਕਰਾਸ ਸਕੂਲ ਦੀ ਚਾਹਤ ਮਿੱਤਲ ਨੇ ਪਹਿਲਾ, ਸ਼ਿਵਮ ਰਾਏ ਨੇ ਦੂਸਰਾ ਅਤੇ ਅਨੁਸ਼ਕਾ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਤਿੰਦਰਪਾਲ ਸਿੰਘ ਨੂੰ ਹੌਸਲਾ ਵਧਾਊ ਪਰਸਕਾਰ ਮਿਲਿਆ। ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸਕੱਤਰ ਰੈੱਡ ਕਰਾਸ ਸੁਸਾਇਟੀ ਮੈਡਮ ਵਿਨੇ ਸ਼ਰਮਾ, ਵਧੀਕ ਸਕੱਤਰ ਡਾ. ਰਣਧੀਰ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media
