Saturday, March 7, 2026

ਯੂਨੀਵਰਸਿਟੀ ਵੱਲੋਂ ਡਾ. ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣੇ ਤੇ ਡੁੂੰਘੇ ਦੁੱਖ ਦਾ ਪ੍ਰਗਟਾਵਾ

jaswant singh neki

ਅੰਮ੍ਰਿਤਸਰ, 16 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ, ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਗੁਰੂ ਨਾਨਕ ਅਧਿਐਨ ਵਿਭਾਗ, ਸਮੂਹ ਅਧਿਆਪਕ ਸਾਹਿਬਾਨ, ਕਰਮਚਾਰੀ ਅਤੇ ਵਿਦਿਆਰਥੀ ਡਾ. ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣੇ ਤੇ ਡੁੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ।
ਡਾ. ਜਸਵੰਤ ਸਿੰਘ ਨੇਕੀ ਪੰਜਾਬੀ ਦੇ ਉੱਘੇ ਚਿੰਤਕ, ਵਿਦਵਾਨ, ਬੁੱਧੀਜੀਵੀ, ਦਾਰਸ਼ਨਿਕ, ਮਨੋਚਿਕਿਤਸਿਕ, ਸ਼ਾਇਰ ਅਤੇ ਗੁਰਮਤਿ ਫ਼ਲਸਫ਼ੇ ਦੇ ਮਹਾਨ ਗਿਆਤਾ ਸਨ। ਉਹ ਹੁਣ ਤੱਕ ਉਪਰੋਕਤ ਵਿਸ਼ਿਆਂ ਨਾਲ ਸੰਬੰਧਿਤ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਦੀ ਰਚਨਾ ਪੰਜਾਬੀ ਸਾਹਿਤ ਅਤੇ ਸਿੱਖ ਜਗਤ ਨੂੰ ਭੇਟਾ ਕਰ ਚੁੱਕੇ ਸਨ। ਉਹ ਰਾਸ਼ਟਰੀ ਅਤੇ ਅੰੰਤਰ-ਰਾਸ਼ਟਰੀ ਕਾਨਫਰੰਸਾਂ ਵਿਚ ਸ਼ਿਰਕਤ ਕਰਦੇ ਹੋਏ ਆਪਣੇ ਮੂਲ ਭਾਸ਼ਣਾ ਰਾਹੀਂ ਸਿੱਖ ਜਗਤ ਦੀ ਅਗਵਾਈ ਕਰਦੇ ਰਹੇ।
ਆਪ ਜੀ ਨੂੰ ‘ਕਰੁਣਾ ਦੀ ਛੋਹ ਤੋਂ ਮਗਰੋਂ’ ਕਾਵਿ ਸੰਗ੍ਰਹਿ ਉਪਰ ਸਾਹਿਤ ਅਕਾਦਮੀ ਪੁਰਸਕਾਰ 1979 ਈ. ਵਿਚ ਪ੍ਰਦਾਨ ਕੀਤਾ ਗਿਆ। ਆਪ ਆਲ ਇੰਡੀਆ ਮੈਡੀਕਲ ਇੰਸਟੀਚਿਉਟ ਦੇ ਮਨੋ ਵਿਗਿਆਨ ਵਿਭਾਗ ਵਿਚ 1968 ਤੋਂ 1975 ਈ. ਤੱਕ ਪ੍ਰੋ. ਅਤੇ ਮੁਖੀ ਦੇ ਅਹੁਦੇ ਤੇ ਰਹੇ। ਆਪ 1978 ਤੋਂ 1981 ਈ. ਤੱਕ ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ ਰਹੇ। 1981 ਤੋਂ 1985 ਈ. ਤੱਕ ਆਪ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਮੈਂਬਰ ਰਹੇ। ਸਿੱਖ ਅਧਿਐਨ ਖੇਤਰ ਵਿਚ ਆਪ ਜੀ ਦਾ ਵਡਮੁੱਲਾ ਯੋਗਦਾਨ ਰਿਹਾ ਅਤੇ ਇਸ ਖੇਤਰ ਨਾਲ ਜੁੜੇ ਹੋਏ ਵਿਦਵਾਨਾਂ ਅਤੇ ਖੋਜਾਰਥੀਆਂ ਨੂੰ ਸਮੇਂ-ਸਮੇਂ ਤੇ ਦਿਸ਼ਾ ਪ੍ਰਦਾਨ ਕਰਦੇ ਰਹੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਆਪ ਕਾਫੀ ਲੰਮੇ ਅਰਸੇ ਤੋਂ ਅਨਿੱਖੜ ਰੂਪ ਨਾਲ ਜੁੜੇ ਹੋਏ ਸਨ। ਆਪ ਵਿਦਿਆਰਥੀ ਜੀਵਨ ਤੋਂ ਹੀ ਗੁਰਮਤਿ ਫ਼ਲਸਫ਼ੇ ਦੇ ਧਾਰਨੀ ਸਨ ਅਤੇ ਨਵੀਆਂ ਨਸਲਾਂ ਨੂੰ ਵੀ ਗੁਰਮਤਿ ਫ਼ਲਸਫ਼ੇ ਦੇ ਮਹੱਤਵ ਲਈ ਉਤਸਾਹਿਤ ਕਰਦੇ ਰਹਿੰਦੇ ਸਨ। ਆਪ ਜੀ ਦੀ ਅਨੁਭਵੀ ਅਤੇ ਅਦੁੱਤੀ ਸ਼ਖ਼ਸੀਅਤ ਦੀ ਅਮਿੱਟ ਛਾਪ ਸਿੱਖ ਜਗਤ ਵਿਚ ਹਮੇਸ਼ਾ ਚਾਨਣ-ਮੁਨਾਰੇ ਦੀ ਤਰ੍ਹਾਂ ਕਾਇਮ ਰਹੇਗੀ।  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ, ਪ੍ਰੋਫ਼ੈਸਰ ਸਾਹਿਬਾਨ, ਕਰਮਚਾਰੀ ਅਤੇ ਸਮੂਹ ਵਿਦਿਆਰਥੀ ਇਸ ਸਦਮੇ ਦੀ ਘੜੀ ਵਿਚ ਪਰਿਵਾਰ ਦੇ ਜੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply