Sunday, June 21, 2026

ਸੁਜਾਨਪੁਰ ਵਿੱਚ ਤਿੰਨ ਦਿਨਾਂ ਜਨ ਸੂਚਨਾ ਮੁਹਿੰਮ ਸ਼ੁਰੂ – ਕੇਂਦਰੀ ਮੰਤਰੀ ਸਾਂਪਲਾ ਵੱਲੋਂ ਉਦਘਾਟਨ

PPN1609201533

ਸੁਜਾਨਪੁਰ (ਪਠਾਨਕੋਟ), 16 ਸਤੰਬਰ (ਪ..ਪ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕੇਂਦਰ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਉਪਰਾਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਠਾਨਕੋਟ ਜ਼ਿਲ੍ਹੇ ਦੇ ਕਸਬਾ ਸੁਜਾਨਪੁਰ ਵਿਖੇ ਤਿੰਨ ਦਿਨਾਂ ਜਨ ਸੂਚਨਾ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਜਨ ਸੂਚਨਾ ਮੁਹਿੰਮ ਦਾ ਉਦਘਾਟਨ ਕੇੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਦਿਨੇਸ਼ ਸਿੰਘ ਬੱਬੂ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ। ਇਸ ਮੌਕੇ ਪਠਾਨਕੋਟ ਤੋਂ ਵਿਧਾਇਕ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ, ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ, ਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ., ਸ਼੍ਰੀ ਯਸ਼ਪਾਲ ਐਸ.ਪੀ., ਨਗਰ ਕੌਂਸਲ ਪ੍ਰਧਾਨ ਸੁਜਾਨਪੁਰ ਸ਼੍ਰੀ ਰੂਪ ਲਾਲ, ਪੱਤਰ ਸੂਚਨਾ ਦਫਤਰ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਸ਼੍ਰੀ ਪਵਿੱਤਰ ਸਿੰਘ, ਮੁਹਿੰਮ ਦੀ ਸੰਚਾਲਨ ਅਧਿਕਾਰੀ ਸ਼੍ਰੀਮਤੀ ਊਸ਼ਾ ਰਾਣੀ, ਮੀਡੀਆ ਤੇ ਸੰਚਾਰ ਅਧਿਕਾਰੀ ਸ਼੍ਰੀਮਤੀ ਗਗਨਦੀਪ ਕੌਰ ਦੇਵਗਨ, ਖੇਤਰੀ ਪ੍ਰਦਰਸ਼ਨੀ ਅਧਿਕਾਰੀ ਚੰਡੀਗੜ੍ਹ ਕੁਮਾਰੀ ਸਪਨਾ, ਖੇਤਰੀ ਪ੍ਰਚਾਰ ਅਧਿਕਾਰੀ ਫਿਰੋਜ਼ਪੁਰ ਸ਼੍ਰੀਮਤੀ ਨੀਲਮ ਪਾਠਕ ਵੀ ਮੌਜੂਦ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਲੋਕ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਤੋਂ ਵਾਂਝੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਤੇ ਉਪਰਾਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕੀਤੇ ਗਏ ਇਸ ਯਤਨ ਦਾ ਇਲਾਕੇ ਦੇ ਲੋਕਾਂ ਨੂੰ ਲਾਭ ਹੋਵੇਗਾ। 18 ਸਤੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਪ੍ਰਬੰਧ ਜਲੰਧਰ ਸਥਿਤ ਪੱਤਰ ਸੂਚਨਾ ਦਫਤਰ ਵੱਲੋਂ ਮੰਤਰਾਲੇ ਦੀਆਂ ਬਾਕੀ ਇਕਾਈਆਂ ਖੇਤਰੀ ਪ੍ਰਚਾਰ ਨਿਦੇਸ਼ਾਲਾ, ਗੀਤ ਤੇ ਨਾਟਕ ਪ੍ਰਭਾਗ, ਡੀ.ਏ.ਵੀ.ਪੀ., ਦੂਰਦਰਸ਼ਨ ਤੇ ਆਕਾਸ਼ਵਾਣੀ ਤੇ ਜ਼ਿਲਾ੍ਹ ਪ੍ਰਸ਼ਾਸਨ ਪਠਾਨਕੋਟ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਸ਼੍ਰੀ ਵਿਜੇ ਸਾਂਪਲਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਲੋਕ ਭਲਾਈ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀਵਾਰ ਮੌਜੂਦਾ ਕੇਂਦਰ ਸਰਕਾਰ ਵੱਲੋਂ ਫੌਜੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਵਨ ਰੈਂਕ ਵਨ ਪੈਨਸ਼ਨ ਯੋਜਨਾ ਲਾਗੂ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਇਤਿਹਾਸਕ ਫੈਸਲੇ ਰਾਹੀਂ ਸਾਬਕਾ ਫੌਜੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਸਾਬਕਾ ਫੌਜੀਆਂ ਦੀ ਬਹੁਤਾਤ ਹੈ, ਇਸ ਲਈ ਇਸ ਯੋਜਨਾ ਦਾ ਉਨ੍ਹਾਂ ਨੂੰ ਖ਼ਾਸ ਫਾਇਦਾ ਪੁੱਜੇਗਾ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਵਰ੍ਹੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿਰਫ ਨਵੀਆਂ ਸਕੀਮਾਂ ਉਲੀਕੀਆਂ ਹੀ ਨਹੀਂ ਗਈਆਂ ਬਲਕਿ ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਬੇਟੀ ਬਚਾਓ ਬੇਟੀ ਪੜਾਓ, ਸ਼੍ਰਮੇਵ ਜਯਤੇ ਅਤੇ ਸਮਾਜ ਕਲਿਆਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਸਵੱਛ ਭਾਰਤ ਮੁਹਿੰਮ ਦਾ ਜ਼ਿਕਰ ਕਰਦਿਆਂ ਸ਼੍ਰੀ ਸਾਂਪਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਧਾਰਨਾ ਸਿਰਫ ਸੜਕਾਂ ਜਾਂ ਮੁਹੱਲਿਆਂ ਨੂੰ ਸਾਫ ਕਰਨਾ ਹੀ ਨਹੀਂ ਬਲਕਿ ਸੋਚ ਨੂੰ ਵੀ ਸਵੱਛ ਕਰਨਾ ਹੈ ਕਿਉਂਕਿ ਸਵੱਛ ਸੋਚ ਨਾਲ ਹੀ ਦੇਸ਼ ਸਰਵ ਪੱਖੀ ਵਿਕਾਸ ਕਰ ਸਕਦਾ ਹੈ।
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਨ ਮਗਰੋਂ ਵਿਦੇਸ਼ਾਂ ਵਿੱਚ ਭਾਰਤ ਦਾ ਰੁੱਤਬਾ ਵਧਿਆ ਹੈ ਅਤੇ ਦੇਸ਼ ਵਾਸੀਆਂ ਦਾ ਸਰਕਾਰ ਵਿੱਚ ਵਿਸ਼ਵਾਸ ਵੀ ਮਜ਼ਬੂਤ ਹੋਇਆ ਹੈ । ਉਨ੍ਹਾਂ ਹਾਜ਼ਰ ਲੋਕਾਂ ਨੂੰ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਤੇ ਸਕੀਮਾਂ ਦੀ ਜਾਣਕਾਰੀ ਹਾਸਲ ਕਰਕੇ ਇਸ ਦਾ ਲਾਹਾ ਲੈਣ ਦੀ ਅਪੀਲ ਕੀਤੀ।
ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਪੱਤਰ ਸੂਚਨਾ ਦਫਤਰ ਚੰਡੀਗੜ੍ਹ ਦੇ ਉਪ ਨਿਦੇਸ਼ਕ ਸ਼੍ਰੀ ਪਵਿੱਤਰ ਸਿੰਘ ਨੇ ਦੱਸਿਆ ਕਿ ਜਨ ਸੂਚਨਾ ਮੁਹਿੰਮ ਦਾ ਮੰਤਵ ਸਰਕਾਰ ਅਤੇ ਲੋਕਾਂ ਵਿਚਾਲੇ ਦੂਰੀ ਨੂੰ ਘੱਟ ਕਰਨਾ ਹੈ । ਲੱਗੇ ਸੂਚਨਾ ਸਟਾਲਾਂ ਤੋਂ ਜਾਣਕਾਰੀ ਹਾਸਲ ਕਰਕੇ ਲੋਕ ਵੱਖ-ਵੱਖ ਸਕੀਮਾਂ ਦਾ ਫਾਇਦਾ ਉਠਾ ਸਕਦੇ ਹਨ। ਉਨਾਂ੍ਹ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 28 ਜਨ ਸੂਚਨਾ ਮੁਹਿੰਮਾਂ ਸਫਲਤਾਪੂਰਵਕ ਮੁਕੰਮਲ ਹੋ ਚੁੱਕੀਆਂ ਹਨ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਸ਼੍ਰੀ ਸਾਂਪਲਾ ਤੇ ਸ਼੍ਰੀ ਬੱਬੂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਰਮੇਸ਼ ਠਾਕੁਰ ਨੇ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ ( ਰਾਮਸਾ) ਤੇ ਸ਼੍ਰੀ ਸੁਭਾਸ਼ ਕੁਮਾਰ ਨੇ ਸਰਵ ਸਿੱਖਿਆ ਅਭਿਆਨ ਤੇ ਮਿੱਡ ਡੇ ਮੀਲ ਬਾਰੇ ਅਤੇ ਕੌਮੀ ਅੰਗਹੀਣ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਦੇ ਵਿਸ਼ਾਲ ਕੁਮਾਰ ਨੇ ਅਪੰਗਾਂ ਦੀ ਭਲਾਈ ਲਈ ਚਲ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ।
ਜਨ ਸੂਚਨਾ ਮੁਹਿੰਮ ਦੇ ਸਬੰਧ ਵਿੱਚ ਖੇਤਰੀ ਪ੍ਰਚਾਰ ਨਿਦੇਸ਼ਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਤੋਂ ਂਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਜਿਲਾ੍ਹ ਸਿੱਖਿਆ ਅਫਸਰ ਸ਼੍ਰੀ ਪਵਨ ਕੁਮਾਰ, ਸ਼੍ਰੀ ਰੂਪ ਲਾਲ ਪ੍ਰਧਾਨ ਨਗਰ ਕੌਸਲ ਸੁਜਾਨਪੁਰ ਤੇ ਪੱਤਰ ਸੂਚਨਾ ਦਫਤਰ ਦੇ ਉਪ ਨਿਦੇਸ਼ਕ ਸ਼੍ਰੀ ਪਵਿੱਤਰ ਸਿੰਘ ਝੰਡੀ ਨੇ ਵਿਖਾ ਕੇ ਰਵਾਨਾ ਕੀਤਾ। ਸੁਜਾਨਪੁਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਨਸਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਰੈਲੀ ਦੀ ਅਗਵਾਈ ਪ੍ਰਿੰਸੀਪਲ ਆਰਤੀ ਗੁਪਤਾ ਤੇ ਖੇਤਰੀ ਪ੍ਰਚਾਰ ਅਧਿਕਾਰੀ ਫਿਰੋਜ਼ਪੁਰ ਸ਼੍ਰੀਮਤੀ ਨੀਲਮ ਪਾਠਕ ਤੇ ਖੇਤਰੀ ਪ੍ਰਚਾਰ ਦਫਤਰ ਜਲੰਧਰ ਦੇ ਤਕਨੀਕੀ ਸਹਾਇਕ ਸ਼੍ਰੀ ਕਵੀਸ਼ ਦੱਤ ਨੇ ਕੀਤੀ। ਗੀਤ ਤੇ ਨਾਟਕ ਪ੍ਰਭਾਗ ਦੀਆਂ ਰਜਿਸਟਰਡ ਪਾਰਟੀਆਂ ਬਲਵਿੰਦਰ ਸਿੰਘ ਬਿੰਦਾ ਤੇ ਓਮ ਨਮੋ ਸ਼ਿਵਾਏ ਵੱਲੋਂ ਜਾਗਰੂਕਤਾ ਆਧਾਰਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply