ਸੰਦੌੜ, 20 ਸਤੰਬਰ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਪਾਰਟੀ ਹਾਈਕਮਾਨ ਪਾਰਟੀ ਵਰਕਰਾਂ ਦੀ ਸਲਾਹ ਨਾਲ ਹੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਫੈਸਲਾ ਕਰੇਗੀ।ਸ੍ਰੀ ਛੋਟੇਪੁਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਪੂਰਾ ਉਤਸਾਹ ਹੈ ਅਤੇ ਲੋਕ ਆਪ ਦੀ ਸਰਕਾਰ ਬਣਾਉਣ ਨੂੰ ਲੈਕੇ ਜੋਸ ਵਿਚ ਹਨ।ਉਨ੍ਹਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਵਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਹਰ ਚੀਜ ਤੇ ਸੱਤਾਧਾਰੀਆਂ ਦਾ ਕਬਜਾ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਸ੍ਰੀ ਛੋਟੇਪੁਰ ਨੇ ਕਿਹਾ ਕਿ ਪੂਰੇ ਦੇਸ ਵਿਚ ਪੰਜਾਬ ਅੱਜ ਧਰਨਿਆਂ ਵਾਲਾ ਸੂਬਾ ਬਣ ਕੇ ਰਹਿ ਗਿਆ ਹੈ।ਪੰਜਾਬ ਦੇ ਹਰ ਵਰਗ ਤੇ ਲੋਕ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਉਤਰੇ ਪਏ ਹਨ ਜਦਕਿ ਪੰਜਾਬ ਸਰਕਾਰ ਪੰਜਾਬ ਦਾ ਆਰਥਿਕ ਦੀਵਾਲਾ ਕੱਢਣ ਵਿਚ ਲੱਗੀ ਹੋਈ ਹੈ।ਉਨ੍ਹਾਂ ਕਿਹਾ ਕਿ ਜੇਕਰ ਦੇਸ ਦੀ ਸੱਤਾ ਤੇ ਕਾਬਜ ਰਹੀਆਂ ਪਾਰਟੀਆਂ ਸਹੀ ਅਰਥਾਂ ਵਿਚ ਜਨਤਾ ਦੀਆਂ ਮੁਸ਼ਕਿਲਾਂ ਨੂੰ ਹੱਲ ਕਰ ਦਿੰਦੀਆਂ ਤਾਂ ਆਮ ਆਦਮੀ ਪਾਰਟੀ ਹੋਂਦ ਵਿਚ ਨਾ ਆਉਂਦੀ।ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ੨੦੧੭ ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਦਿੱਲੀ ਵਾਲਾ ਇਤਿਹਾਸ ਸਿਰਜਣਗੇ।ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਬਿਹਤਰ ਨਿਜਾਮ ਦੇਣਾ ਹੁੰਦਾ ਹੈ ਪਰ ਦੇਸ ਦੀਆਂ ਰਾਜਨੀਤਿਕ ਪਾਰਟੀਆਂ ਆਪਣਾ ਢਿੱਡ ਭਰਨ ਤੱਕ ਸੀਮਿਤ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚੋਂ ਲਾਲ ਬੱਤੀ ਕਲਚਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕਰੇਗੀ।ਇਸ ਮੌਕੇ ਆਪ ਪਾਰਟੀ ਦੇ ਸੰਗਰੂਰ ਦਫਤਰ ਦੇ ਇੰਚਾਰਜ ਸ੍ਰੀ ਅਬਜਿੰਦਰ ਸੰਘਾ, ਸਰਕਲ ਕੋਆਰਡੀਨੇਟਰ ਚਰਨਜੀਤ ਸਿੰਘ ਚੰਨਾ, ਜਗਜੀਤ ਸਿੰਘ ਫੌਜੀ ਖੁਰਦ, ਬਲਜਿੰਦਰ ਸਿੰਘ ਚੀਮਾ ਆਦਿ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media