Friday, March 6, 2026

ਸੁਖਬੀਰ ਬਾਦਲ ਵਲੋਂ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਵਿਸਤਾਰ ਦੀ ਕਾਰ ਸੇਵਾ ਦਾ ਸ਼ੁਭਅਰੰਭ

PPN2109201506

ਨਵੀਂ ਦਿੱਲੀ, 21 ਸਤੰਬਰ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਨਵੀਨੀਕਰਨ ਅਤੇ ਵਿਸਤਾਰ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਜਾ ਰਹੇ ਉਕਤ ਅਦਾਰੇ ਵਿੱਚ ਕਾਰ ਸੇਵਾਂ ਦੇ ਕਾਰਜਾਂ ਦੀ ਸ਼ੁਰੂਆਤ ਵੇਲੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੀ ਉਨ੍ਹਾਂ ਨਾਲ ਮੌਜ਼ੂਦ ਸਨ।
ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕਾਰ ਸੇਵਾ ਦਾ ਟੱਕ ਲਗਾਇਆ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਾਦਲ ਨੂੰ ਸ਼ਿਰੋਪਾਉ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੇ ਦਿੱਲੀ ਕਮੇਟੀ ਨੂੰ ਇਸ ਕੌਮਾਂਤਰੀ ਪੱਧਰੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੇ ਵਧਾਈ ਵੀ ਦਿੱਤੀ।ਸਿੱਖ ਧਰਮ ਦੀ ਯਾਤਰਾ ਕਿੱਥੋਂ, ਕਿਵੇਂ ਤੋਂ ਕਿੱਥੋਂ ਤਕ ਪੁੱਜਣ ਦੇ ਪੂਰੇ ਸਫ਼ਰ ਦਾ ਵੇਰਵਾ ਸਿੱਖ ਜਗਤ ਦੇ ਉਕਤ ਵੱਡੇ ਕੇਂਦਰ ਰਾਹੀਂ ਬੱਚਿਆਂ ਤਕ ਪੁੱਜਣ ਦਾ ਵੀ ਬਾਦਲ ਨੇ ਦਾਅਵਾ ਕੀਤਾ।
ਜੀ.ਕੇ. ਨੇ ਬਾਬਾ ਬਚਨ ਸਿੰਘ ਜੀ ਦੇ ਸਹਿਯੋਗ ਸੱਦਕਾ ਕਰਵਾਈ ਜਾ ਰਹੀ ਇਸ ਸੇਵਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖੋਜ ਕਰਨ ਵਾਲੇ ਖੋਜਕਾਰਾਂ ਨੂੰ ਇੱਕ ਵੱਡਾ ਪਲੇਟਫਾਰਮ ਮਿਲਣ ਦੀ ਵੀ ਗਲ ਕੀਤੀ। ਜੀ.ਕੇ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਅਤੇ ਭੱਟਾਂ ਦੀ ਬਾਣੀ ਕਿਸ ਕਸਵੱਟੀ ਤੇ ਦਰਜ਼ ਕੀਤੀ ਗਈ, ਇਹ ਸੈਂਟਰ ਇਸ ਗਲ ਦਾ ਵੀ ਖੁਲਾਸਾ ਸੰਗਤਾਂ ਤਕ ਪਹੁੰਚਾਵੇਗਾ। ਸਿੱਖ ਇਤਿਹਾਸ ਨੂੰ ਮਾਡਰਨ ਤਕਨੀਕ ਰਾਹੀਂ ਡਿਜਿਟਲ ਲਾਈਬ੍ਰੇਰੀ ਵਿੱਚ ਸੰਭਾਲਣ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ। 250 ਸੀਟਾਂ ਦੀ ਹੋਂਦ ਵਾਲੇ ਨਵੇਂ ਬਣਾਏ ਜਾ ਰਹੇ ਆੱਡੀਟੋਰੀਅਮ ਦੇ 4 ਡੀ.ਐਕਸ. ਤਕਨੀਕ ਨਾਲ ਲੈਸ ਹੋਣ ਦਾ ਵੀ ਜੀ.ਕੇ ਨੇ ਦਾਅਵਾ ਕੀਤਾ। ਡੇਢ ਤੋਂ ਦੋ ਵਰ੍ਹੇ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਪਾਰਲੀਮੈਂਟ ਦੇ ਸਾਹਮਣੇ ਉਕਤ ਅਦਾਰੇ ਦੇ ਬਣਨ ਉਪਰੰਤ ਜੀ.ਕੇ. ਨੇ ਸੈਲਾਨੀਆਂ ਅਤੇ ਸੰਗਤਾਂ ਦੀ ਭਾਰੀ ਆਮਦ ਹੋਣ ਦੀ ਵੀ ਗਲ ਕਹੀ।ਗੁਰਬਾਣੀ ਦੇ ਖੋਜ ਕਰਨ ਲਈ ਇਤਿਹਾਸਕ ਹਸਤਲਿਖਿਤ ਸਰੂਪ ਅਤੇ ਪੋਥੀਆਂ ਵੀ ਉਪਲਬਧ ਕਰਾਉਣ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ।
ਸਿਰਸਾ ਨੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਨੂੰ ਕਈ ਭਾਸ਼ਾਵਾਂ ਵਿੱਚ ਮਿਲਣ ਦੀ ਗਲ ਕਰਦੇ ਹੋਏ ਪੰਜਾਬ ਤੋਂ ਬਾਹਰ ਸਿੱਖ ਗੁਰੂਆਂ ਦੀ ਕੁਰਬਾਨੀ ਤੋਂ ਲੋਕਾਂ ਦੇ ਜਾਗਰੁਕ ਨਾ ਹੋਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਕਿਹਾ ਕਿ ਇੱਥੇ ਆਉਣ ਵਾਲੇ ਸੈਲਾਨੀ ਆਪਣੀ ਭਾਸ਼ਾ ਵਿੱਚ ਸਿੱਖ ਇਤਿਹਾਸ ਦੀ ਬਰੀਕਿਆਂ, ਕੁਰਬਾਨੀਆਂ ਅਤੇ ਸਿੱਖ ਸਭਿਆਚਾਰ ਤੋਂ ਭਲੀ ਪ੍ਰਕਾਰ ਜਾਣੂ ਹੋਣਗੇ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਕੈਪਟਨ ਇੰਦਰਪ੍ਰੀਤ ਸਿੰਘ ਅਤੇ ਚਮਨ ਸਿੰਘ ਆਦਿਕ ਮੌਜੂਦ ਸਨ।
ਅਦਾਰੇ ਦਾ ਇਤਿਹਾਸ – ਸਿੱਖ ਸਭਿਆਚਾਰ ਦੀ ਝਾਂਕੀ ਪੇਸ਼ ਕਰਨ ਵਾਸਤੇ ਬੀਤੇ 48 ਸਾਲਾਂ ਤੋਂ ਉਕਤ ਸਥਾਨ ਤੇ ਚਲ ਰਹੀਆਂ ਕੋਸ਼ਿਸ਼ਾਂ ਤੇ ਇਸ ਵਾਰ ਕਮੇਟੀ ਦੀ ਗੰਭੀਰਤਾ ਸੱਦਕਾ ਬੁਰ ਪੈਣ ਦੀ ਸੰਭਾਵਣਾਂ ਬਣ ਗਈ ਹੈ। ਪੰਥ ਰਤਨ ਮਾਸਟਰ ਤਾਰਾ ਸਿੰਘ ਵੱਲੋਂ 18 ਜਨਵਰੀ 1967 ਨੂੰ ਰਸ਼ਮੀ ਤੌਰ ਤੇ ਨੀਂਹ ਪੱਥਰ ਰਖਣ ਤੋਂ ਬਾਅਦ ਸਿੱਖ ਸੰਸਕ੍ਰਿਤਿਕਗੜ੍ਹ ਨਾਮ ਦਾ ਅਜਾਇਬਘਰ ਬਣਾਉਣ ਦੀ ਸ਼ੁਰੂ ਹੋਈ ਯਾਤਰਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 2 ਸਤੰਬਰ 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਕਾਇਮ ਕਰਨ ਦੇ ਉਦਘਾਟਨੀ ਪੱਥਰ ਤਕ ਹੀ ਸਿਮਟ ਕੇ ਰਹਿ ਗਈ ਸੀ। ਇਸ ਬਿਲਡਿੰਗ ਵਿੱਚ 2013 ਤਕ ਦਿੱਲੀ ਕਮੇਟੀ ਦਾ ਦਫ਼ਤਰ ਵੀ ਚਲਦਾ ਰਿਹਾ ਹੈ ਪਰ ਮੌਜ਼ੂਦਾ ਕਮੇਟੀ ਵੱਲੋਂ ਇਸ ਸਥਾਨ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਦੇ ਵਿਰਾਸਤੀ ਘਰ ਬਣਾਉਣ ਵਾਸਤੇ ਸ਼ੁਰੂ ਕੀਤੀ ਗਈ ਜੱਦੋਜਹਿਦ ਦੇ ਵਿਸਤਾਰ ਦੇ ਅਗਲੇ ਸਫ਼ਰ ਦੀ ਅੱਜ ਸ਼ੁਰੂਆਤ ਹੋਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply