ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ) – ਕਾਫੀ ਦੇਰ ਤੋਂ ਬਾਅਦ ਕਲ੍ਹ ਸ਼ਾਮ 6-00ਵਜੇ ਜੰਡਿਆਲਾ ਗੁਰੂ ਦੇ ਵੋਟਰਾਂ ਦੇ ਦਰਸ਼ਨ ਕਰਨ ਆਏ ਹਰਮਿੰਦਰ ਸਿੰਘ ਗਿੱਲ ਦਾ ‘ਬਾਦਲਾਂ’ ਨੇ ਪ੍ਰੋਗ੍ਰਾਮ ਰੱਦ ਕਰਵਾ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਨੂੰ ਜੰਡਿਆਲਾ ਗੁਰੂ ਵਿਚ ਕੋਈ ਯੋਗ ਲੀਡਰ ਅਗਵਾਈ ਕਰਨ ਲਈ ਨਹੀਂ ਲੱਭ ਰਿਹਾ ਸੀ।ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਜੋ ਕਿ ਜੰਡਿਆਲਾ ਗੁਰੂ ਤੋਂ ਹਲਕਾ ਵਿਧਾਇਕ ਦੀ ਨੁਮਾਇੰਦਗੀ ਕਰਦੇ ਸਨ, ਉਸ ਮੰਤਰੀ ਨੂੰ ਹਰਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਕ ਕਾਂਗਰਸੀ ਆਗੂ ਦੀ ਰਹਿਨੁਮਾਈ ਹੇਠ ਹਰਮਿੰਦਰ ਸਿੰਘ ਗਿੱਲ ਵਲੋਂ ਰੋਡ ਸ਼ੋਅ ਦਾ ਪ੍ਰੋਗ੍ਰਾਮ ਬਣਾਇਆ ਗਿਆ ਸੀ ਪਰ ‘ਬਾਦਲਾਂ’ ਦੀ ਤੇਜ਼ ਗਰਜ ਨੇ ਜਦ ਅਪਣਾ ਅਸਲੀ ਰੂਪ ਦਿਖਾਇਆ ਤਾਂ ਹਰਮਿੰਦਰ ਸਿੰਘ ਗਿੱਲ ਰਸਤੇ ਵਿਚ ਹੀ ਅਪਣਾ ਰੋਡ ਸ਼ੋਅ ਛੱਡ ਕੇ ਚਲਦੇ ਬਣੇ। ਜਿੰਨਾਂ ਚਿਰ ਹਰਮਿੰਦਰ ਸਿੰਘ ਗਿੱਲ ਦਿੱਤੇ ਗਏ ਸਮੇਂ ਸ਼ਾਮ 4-00 ਵਜੇ ਤੋਂ ਲੇਟ 6-00 ਵਜੇ ਤੱਕ ਜੰਡਿਆਲਾ ਗੁਰੂ ਨਹੀ ਪਹੁੰਚੇ, ‘ਬਾਦਲਾਂ’ ਨੇ ਕੋਈ ਵੀ ਹਰਕਤ ਨਹੀਂ ਕੀਤੀ, ਪ੍ਰੰਤੂ ਜਦ ਹਰਮਿੰਦਰ ਸਿੰਘ ਗਿੱਲ ਲਗਭਗ ੬ ਵਜੇ ਜੰਡਿਆਲਾ ਗੁਰੂ ਪਹੁੰਚੇ ਅਤੇ ਉਹਨਾਂ ਨੇ ਅਪਣੇ ਦਫ਼ਤਰ ਦਾ ‘ਆਪ ਹੀ’ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਕਾਂਗਰਸੀ ਸਮਰਥਕਾਂ ਵਲੋਂ ਰੋਡ ਸ਼ੋਅ ਦਾ ਪ੍ਰੋਗ੍ਰਾਮ ਬਣਾਇਆ ਗਿਆ।ਹਰਮਿੰਦਰ ਸਿੰਘ ਗਿੱਲ ਅਜੇ ਕੁੱਝ ਕੁ ਮੀਟਰ ਦੀ ਦੁਰੀ ਤੱਕ ਹੀ ਪਹੁੰਚੇ ਸਨ ਕਿ ਉਹਨਾਂ ਦਾ ਪਿੱਛਾ ਕਰ ਰਹੇ ‘ਬਾਦਲਾਂ’ ਨੇ ਉਹਨਾਂ ਨੂੰ ਘੇਰ ਲਿਆ ਅਤੇ ਹਰਮਿੰਦਰ ਸਿੰਘ ਗਿੱਲ ਨੂੰ ਅਪਣੇ ਸਾਥੀਆਂ ਸਮੇਤ ਰੋਡ ਸ਼ੋਅ ਰੱਦ ਕਰਕੇ ਵਾਪਿਸ ਜਾਣਾ ਪਿਆ। ਮਾਯੂਸ ਕਾਂਗਰਸੀ ਵਰਕਰ ਇਥੋਂ ਤੱਕ ਕਹਿ ਰਹੇ ਸਨ ਕਿ ਅਗਰ ਹਰਮਿੰਦਰ ਸਿੰਘ ਗਿੱਲ ਲੇਟ ਨਾ ਹੁੰਦੇ ਤਾਂ ਰੋਡ ਸ਼ੋਅ ਸਫਲ ਹੋ ਜਾਣਾ ਸੀ।ਕਿਉਂਕਿ ਉਸ ਵਕਤ ‘ਬਾਦਲ’ ਸ਼ਾਂਤ ਹੋ ਕੇ ਘੁੰਮ ਰਹੇ ਸਨ, ਪਰ ਹਰਮਿੰਦਰ ਸਿੰਘ ਗਿੱਲ ਵਲੋਂ ਮਿਥੇ ਗਏ ਸਮੇਂ ਸ਼ਾਮ 4-00 ਵਜੇ ਤੋਂ ਲੇਟ 6-00 ਵਜੇ ਆਉਣ ਤੇ 6-30 ਵਜੇ ‘ਬਾਦਲਾਂ’ ਨੇ ਉਹਨਾਂ ਨੂੰ ਸਾਰੇ ਪਾਸਿਉਂ ਘੇਰ ਲਿਆ ਅਤੇ ਮੂਸਲੇਧਾਰ ਬਾਰਿਸ਼ ਸ਼ੁਰੂ ਹੋ ਗਈ।ਬਾਦਲਾਂ ਦੇ ਤੇਜ਼ ਰਫ਼ਤਾਰ ਨਾਲ ਬਰਸਨ ਤੋਂ ਬਾਅਦ ਸਾਰੇ ਸ਼ਹਿਰ ਵਿਚ ਚਿੱਕੜ ਹੀ ਚਿੱਕੜ ਹੋ ਗਿਆ, ਜਿਸ ਕਰਕੇ ਹਰਮਿੰਦਰ ਸਿੰਘ ਗਿੱਲ ਨੂੰ ਬਾਰਿਸ਼ ਵਿੱਚ ਅਪਣਾ ਪ੍ਰੋਗ੍ਰਾਮ ਵਿੱਚ ਹੀ ਰੱਦ ਕਰਨਾ ਪਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …