
ਸੰਦੌੜ/ਬਠਿੰਡਾ, 23 ਸਤੰਬਰ( ਹਰਮਿੰਦਰ ਭੱਟ/ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਦੇ ਨਿਰਦੇਸ਼ਾਂ ਅਨੁਸਾਰ ਡੇਂਗੂ ਦੀ ਰਕਥਾਮ ਅਤੇ ਬਚਾਅ ਲਈ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਹੜੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਘਰਾਂ ਵਿੱਚ ਜਾ ਕੇ ਡੇਂਗੂ ਲਾਰਵਾ ਸਬੰਧੀ ਸਰਵੇ ਕਰ ਰਹੀਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਮੀਤ ਕੁਮਾਰ ਜਾਰੰਗਲ ਨੇ ਅੱਜ ਇਨ੍ਹਾਂ ਟੀਮਾਂ ਦੀ ਬੁਲਾਈ ਗਈ ਇਕ ਰੀਵਿਊ ਬੈਠਕ ਦੌਰਾਨ ਦਿੱਤੀ। ਸ਼੍ਰੀ ਜਾਰੰਗਲ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿੱਚ ਪਾਏ ਗਏ ਡੇਂਗੂ ਦੇ ਕੇਸ਼ਾਂ ਦਾ ਆਬਾਦੀ ਅਤੇ ਇਲਾਕਿਆਂ ਅਨੁਸਾਰ ਸ਼ਹਿਰ ਦੇ ਨਕਸ਼ੇ ‘ਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ 6 ਟੀਮਾਂ ਨੇ ਪਰਸ ਰਾਮ ਨਗਰ, ਪ੍ਰਤਾਪ ਨਗਰ, ਗੋਪਾਲ ਨਗਰ ਅਤੇ ਅਰਜਨ ਨਗਰ ਦੇ 320 ਘਰਾਂ ਦੇ ਸਰਵੇ ਕੀਤਾ। ਜਿਸ ਦੌਰਾਨ 6 ਘਰਾਂ ਦੇ ਚਲਾਨ ਕੱਟੇ ਗਏ, ਜਿੱਥੇ ਡੇਂਗੂ ਦਾ ਲਾਰਵਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘਰਾਂ ਵਿੱਚ ਡੇਂਗੂ ਦਾ ਲਾਰਵਾ ਗਮਲਿਆਂ, ਕੂਲਰਾਂ, ਫਰਿੱਜ ਦੇ ਪਿੱਛੇ ਖੜ੍ਹੇ ਪਾਣੀ ਆਦਿ ਥਾਵਾਂ ‘ਤੇ ਪਾਇਆ ਗਿਆ। ਸ਼੍ਰੀ ਜਾਰੰਗਲ ਨੇ ਦੱਸਿਆ ਕਿ ਘਰਾਂ ਵਿੱਚ ਸਰਵੇ ਕਰਨ ਵਾਲੀਆਂ ਇਹ ਟੀਮਾਂ ਸਿਰਫ਼ ਡੇਂਗੂ ਲਾਰਵਾ ਦੀ ਭਾਲ ਨਹੀਂ ਕਰਦੀਆਂ। ਇਹ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਪ੍ਰਤੀ ਸੁਚੇਤ ਕਰਦੀਆਂ ਹਨ ਅਤੇ ਜੇਕਰ ਕਿਸੇ ਘਰ ਵਿੱਚ ਬੁਖ਼ਾਰ ਨਾਲ ਪੀੜ੍ਹਤ ਮਰੀਜ ਮੌਜੂਦ ਹੈ ਤਾਂ ਉਸ ਨੂੰ ਸਰਕਾਰੀ ਹਸਪਤਾਲ ਤੋਂ ਡੇਂਗੂ ਕਨਫਰਮੇਸ਼ਨ ਟੈਸਟ ਅਤੇ ਮੁਫ਼ਤ ਦਵਾਈਆਂ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ। ਸ਼੍ਰੀ ਜਾਰੰਗਲ ਨੇ ਦੱਸਿਆ ਕਿ ਅੱਜ ਤੋਂ ਟੀਮਾਂ ਵਧਾ ਕੇ 8 ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਟੀਮਾਂ ਆਪਣੀਆਂ ਰਿਪੋਰਟਾਂ ਸਿਹਤ ਵਿਭਾਗ ਨੂੰ ਦੇ ਰਹੀਆਂ ਹਨ, ਤਾਂ ਜੋ ਸ਼ੱਕੀ ਡੇਂਗੂ ਪੀੜ੍ਹਤ ਮਰੀਜਾਂ ਨੂੰ ਵੀ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਇਨ੍ਹਾਂ ਟੀਮਾਂ ਦੀਆਂ ਰੀਵਿਊ ਬੈਠਕਾਂ ਹਰ ਰੋਜ਼ ਕਰ ਰਹੇ ਹਨ, ਜਿਸ ਦੌਰਾਨ ਇਨ੍ਹਾਂ ਦੇ ਆਪਸੀ ਤਾਲਮੇਲ ਅਤੇ ਕਾਰਵਾਈ ਬਾਰੇ ਚਰਚਾ ਕੀਤੀ ਜਾਂਦੀ ਹੈ। ਇਸ ਮੌਕੇ ‘ਤੇ ਸਿਹਤ ਅਧਿਕਾਰੀ ਅਤੇ ਨਗਰ ਨਿਗਮ ਅਧਿਕਾਰੀ ਵੀ ਮੌਜੂਦ ਹਨ।
Punjab Post Daily Online Newspaper & Print Media