ਹੁਣ ਤੱਕ 13 ਹਜ਼ਾਰ ਤੋਂ ਵੱਧ ਖਾਤੇ ਖੁੱਲ੍ਹੇ
ਅੰਮ੍ਰਿਤਸਰ, 24 ਸਤੰਬਰ (ਗੁਰਚਰਨ ਸਿੰਘ) – ਮੰਤਰੀ ਵਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਤਹਿਤ ਸ਼ੁਰੂ ਕੀਤੀ ਗਈ ‘ਸੁਕੰਨਿਆ ਸਮ੍ਰਿਧੀ ਯੋਜਨਾ ਨੂੰ ਅੰਮ੍ਰਿਤਸਰ ਪੋਸਟਲ ਡਵੀਜ਼ਨ ਵਿਚ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਇਸ ਯੋਜਨਾ ਤਹਿਤ 13 ਹਜ਼ਾਰ ਤੋਂ ਵੀ ਵੱਧ ਖਾਤੇ ਖੋਲ੍ਹੇ ਜਾ ਚੁੱਕੇ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਬੇਟੀਆਂ ਲਈ ਇਕ ਵਰਦਾਨ ਦੀ ਤਰ੍ਹਾਂ ਹੈ, ਜਿਸ ਨਾਲ ਬੇਟੀਆਂ ਦੀ ਪੜ੍ਹਾਈ, ਵਿਆਹ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਖੁਸ਼ਹਾਲ ਜ਼ਿੰਦਗੀ ਲਈ ਪੈਸਾ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਆਪਣੀ ਬੇਟੀ ਦੇ ਸੁਨਹਿਰੀ ਭਵਿੱਖ ਲਈ ਇਸ ਸਕੀਮ ਦਾ ਲਾਹਾ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਬੇਟੀ ਦਾ ਇਹ ਖਾਤਾ ਇਕ ਹਜ਼ਾਰ ਰੁਪਏ ਨਾਲ ਖੋਲ੍ਹਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਬੇਟੀ ਦੇ ਇਸ ਖਾਤੇ ਵਿਚ ਪ੍ਰਤੀ ਸਾਲ ਘੱਟੋ-ਘੱਟ ਇਕ ਹਜ਼ਾਰ ਰੁਪਏ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ ਅਤੇ ਇਕ ਸਾਲ ਵਿਚ ਵੱਧ ਤੋਂ ਵੱਧ 1 ਲੱਖ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਜਦ ਬੇਟੀ 18 ਸਾਲ ਦੀ ਹੋਵੇਗੀ ਤਾਂ ਉਸ ਦੀ ਉੱਚ ਸਿੱਖਿਆ ਆਦਿ ਲਈ ਕੁੱਲ ਜਮ੍ਹਾਂ ਰਕਮ ਦਾ 50 ਪ੍ਰਤੀਸ਼ਤ ਕਢਵਾਇਆ ਜਾ ਸਕਦਾ ਹੈ। ਬੇਟੀ ਦਾ ਵਿਆਹ ਹੋਣ ‘ਤੇ ਜਾਂ ਖਾਤਾ ਖੋਲ੍ਹਣ ਦੀ ਤਰੀਕ ਤੋਂ 21 ਸਾਲ ਪੂਰੇ ਹੋਣ ‘ਤੇ ਖਾਤਾ ਬੰਦ ਹੋ ਜਾਵੇਗਾ ਅਤੇ ਪੈਸਾ ਸਰਪ੍ਰਸਤ ਨੂੰ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਬਜਟ ਵਿਚ ਆਮਦਨ ਕਰ ਵਿਚ ਛੋਟ ਹੈ। ਉਨਾਂ ਅੱਗੇ ਦੱਸਿਆ ਕਿ ਜੇਕਰ ਇਸ ਖਾਤੇ ਵਿਚ ਸਿਰਫ 14 ਸਾਲ ਤਕ ਇਕ ਹਜ਼ਾਰ ਪ੍ਰਤੀ ਮਹੀਨਾ ਜਮਾਂ ਕਰਵਾਏ ਜਾਣ ਤਾਂ ਜਦ ਬੇਟੀ 21 ਸਾਲ ਦੀ ਹੋਵੇਗੀ ਜਾਂ ਉਸਨੂੰ 6 ਲੱਖ 41 ਹਜ਼ਾਰ 92 ਰੁਪਏ ਮਿਲਣਗੇ ਜਦਕਿ 14 ਸਾਲਾਂ ਵਿਚ ਖਾਤੇ ਵਿਚ ਕੇਵਲ ਕੁਲ 1 ਲੱਖ 68 ਹਜ਼ਾਰ ਰੁਪਏ ਹੀ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਸਰਪ੍ਰਸਤ ਆਪਣੀਆਂ ਦੋ ਬੇਟੀਆਂ ਲਈ ਦੋ ਖਾਤੇ ਖੁੱਲ੍ਹਵਾ ਸਕਦੇ ਹਨ। ਜੁੜਵਾਂ ਹੋਣ ‘ਤੇ ਉਸ ਦਾ ਸਬੂਤ ਦੇ ਕੇ ਤੀਜਾ ਖਾਤਾ ਵੀ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਖਾਤੇ ਨੂੰ ਕਿਤੇ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨਿਯਮਾਂ ਮੁਤਾਬਿਕ ਇਸ ‘ਤੇ ਆਮਦਨ ਕਰ ਤੋਂ ਛੋਟ ਵੀ ਮਿਲੇਗੀ।
ਉਨ੍ਹਾਂ ਕਿਹਾ ਕਿ ਇਹ ਖਾਤਾ ਖੁਲ੍ਹਵਾਉਣਾ ਬਹੁਤ ਆਸਾਨ ਹੈ ਅਤੇ ਇਸ ਦੇ ਲਈ ਲੜਕੀ ਦਾ ਜਨਮ ਸਰਟੀਫਿਕੇਟ, ਰੈਸੀਡੈਂਸ ਪਰੂਫ ਅਤੇ ਪਾਸਪੋਰਟ ਆਕਾਰ ਦੀਆਂ ਦੋ ਫੋਟੋਆਂ ਦੇਣੀਆਂ ਹੋਣਗੀਆਂ। ਜੇਕਰ ਕਿਸੇ ਵਿਅਕਤੀ ਦਾ ਰਾਸ਼ਨ ਕਾਰਡ ਜਾਂ ਰਿਹਾਇਸ਼ ਦਾ ਸਬੂਤ ਨਹੀ ਹੈ ਤਾਂ ਉਹ ਆਪਣੇ ਖੇਤਰ ਦੇ ਡਾਕੀਏ ਕੋਲੋਂ ਰਿਹਾਇਸ਼ ਦਾ ਪਤਾ ਤਸਦੀਕ ਕਰਵਾ ਕੇ ਖਾਤਾ ਖੁਲ੍ਹਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਖਾਤਾ ਖੋਲ੍ਹਣ ਲਈ ਫਾਰਮ ਮੁਫ਼ਤ ਦਿੱਤਾ ਜਾਂਦਾ ਹੈ।
Punjab Post Daily Online Newspaper & Print Media
