Monday, February 2, 2026

ਅੰਮ੍ਰਿਤਸਰ ਦੇ ਵਿਕਾਸ ਕੰਮਾਂ ਲਈ ਵੱਖਰੇ ਤੌਰ ‘ਤੇ 800 ਕਰੋੜ ਦੇਣ ਦਾ ਐਲਾਨ

ਸੜਕਾਂ ਕੰਢੇ ਰੇਤਾ, ਬੱਜਰੀ ਅਤੇ ਮਲਬਾ ਡੰਪ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਨਿਰਦੇਸ਼

ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਸਵੱਛ ਭਾਰਤ ਮਿਸ਼ਨ ਤਹਿਤ ਰਾਜ ਪੱਧਰੀ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਮਿਸ਼ਨ ਵਿੱਚ ਰਾਹ ਦਸੇਰੇ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੋਹਰੀ ਭੂਮਿਕਾ ਨਾਲ ਸਵੱਛ ਭਾਰਤ ਦਾ ਸੁਪਨਾ ਸੁਚੱਜੇ ਢੰਗ ਨਾਲ ਸੱਚ ਵਿਚ ਤਬਦੀਲ ਹੋ ਸਕਦਾ ਹੈ।
ਮੁੱਖ ਪਾਰਲੀਮਾਨੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ ਸਮੇਤ ਪੰਦਰਵਾੜਾ ਸ਼ੁਰੂ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੱਚੇ ਦਿਲੋਂ ਅਹਿਦ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਘਰ, ਆਲਾ ਦੁਆਲਾ,ਗਲੀਆਂ, ਸੜਕਾਂ, ਸ਼ਹਿਰ, ਰਾਜ ਅਤੇ ਦੇਸ਼ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਨਾਲ ਗੰਦਗੀ, ਕੂੜਾ ਅਤੇ ਰਹਿੰਦ-ਖੂੰਹਦ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਪਾਰਕਾਂ ਅਤੇ ਹੋਰਨਾਂ ਜਨਤਕ ਥਾਵਾਂ ‘ਤੇ ਕੂੜਾ ਕਰਕਟ ਸੁਟਣ ਦੀ ਆਦਤ ਛੱਡਣੀ ਸਮੇਂ ਦੀ ਮੁੱਖ ਮੰਗ ਹੈ ਜਿਸ ‘ਤੇ ਸਾਨੂੰ ਰਲ ਕੇ ਪਹਿਰਾ ਦੇਣਾ ਪੈਣਾ ਹੈ। ਉਨ੍ਹਾਂ ਨਗਰ ਨਿਗਮ ਦੇ ਕਰਮਚਾਰੀਆਂ, ਆਮ ਲੋਕਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਵੱਛ ਭਾਰਤ ਨੂੰ ਮਿਸ਼ਨਰੀ ਭਾਵਨਾ ਨਾਲ ਅੱਗੇ ਲੈ ਕੇ ਜਾਣ ਤਾਂ ਜੋ ਹੇਠਲੇ ਪੱਧਰ ਤੱਕ ਗੰਦਗੀ ਖਿਲਾਫ ਅਸਰਦਾਰ ਮੁਹਿੰਮ ਅਮਲ ਵਿੱਚ ਲਿਆਂਦੀ ਜਾ ਸਕੇ।ਇਸੇ ਦੌਰਾਨ ਸਵੱਛ ਭਾਰਤ ਦਾ ਲੋਗੋ ਰਲੀਜ਼ ਕਰਨ ਪਿਛੋਂ ਸ੍ਰੀ ਜੋਸ਼ੀ ਨੇ ਆਟੋ ਰਿਕਸ਼ਿਆਂ ਅਤੇ ਰਿਕਸ਼ਿਆਂ ਦਾ ਇਕ ਕਾਫਲਾ ਰਵਾਨਾ ਕੀਤਾ ਜੋ ਕਿ ਆਡੀਓ ਸੀ.ਡੀ.ਰਾਹੀਂ ਲੋਕਾਂ ਨੂੰ ਗੰਦਗੀ ਦੇ ਖਿਲਾਫ ਜਾਗਰੂਕ ਕਰਨ ਦੇ ਨਾਲ ਨਾਲ ਆਪਣੇ ਸ਼ਹਿਰ ਵਿੱਚ ਸਫਾਈ ਰੱਖਣ ਲਈ ਪ੍ਰੇਰਿਤ ਕਰੇਗਾ।
ਸ਼ਹਿਰ ਵਿਚ ਸੜਕਾਂ ਦੇ ਆਲੇ ਦੁਆਲੇ ਕਬਜਿਆਂ ਦੀ ਗੱਲ ਕਰਦਿਆਂ ਸ੍ਰੀ ਜੋਸ਼ੀ ਨੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਤੇ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੂੰ ਕਬਜਿਆਂ ਵਿਰੁੱਧ ਮੁਹਿੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਉਨ੍ਹਾਂਨਾਲ ਹੀ ਸੜਕਾਂ ਕੰਢੇ ਰੇਤਾ,ਬਜਰੀ ਅਤੇ ਮਲਬਾ ਡੰਪ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ। ਉਨ੍ਹਾਂ ਮੇਅਰ ਨੂੰ ਕਿਹਾ ਕਿ ਸ਼ਹਿਰ ਵਿਚ ਵੱਡੇ ਪੱਧਰ ‘ਤੇ ਚੱਲ ਰਹੇ ਵਿਕਾਸ ਕੰਮਾਂ ਦਾ ਖੁਦ ਜਾ ਕੇ ਜਾਇਜਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਆਪਣੇ ਆਲੇ ਦੁਆਲੇ ਚੱਲ ਰਹੇ ਵਿਕਾਸ ਕੰਮਾਂ ਦੀ ਨਿਗਾਹਸਾਨੀ ਕਰਨ ਤਾਂ ਜੋ ਕੁਆਲਿਟੀ ਨਾਲ ਕਿਸੇ ਵੀ ਕਿਸਮ ਦਾ ਸਮਝੋਤਾ ਨਾ ਹੋ ਸਕੇ।ਸ੍ਰੀ ਜੋਸ਼ੀ ਨੇ ਵਿਕਾਸ ਕੰਮਾਂ ਅਤੇ ਸਵੱਛ ਭਾਰਤ ਤਹਿਤ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ 4529532 ਰੁਪਏ ਦਾ ਚੈੱਕ ਸੌਂਪਦਿਆਂ ਕਿਹਾ ਕਿ ਉਹ ਜਲਦ ਹੀ ਨਿਗਮ ਨੂੰ ਹੋਰ ਫੰਡ ਭੇਜਣਗੇ ਤਾਂ ਜੋ ਬੁਨਿਆਦੀ ਢਾਂਚਾ ਮਜਬੂਤ ਕੀਤਾ ਜਾ ਸਕੇ।
ਉਨ੍ਹਾਂ ਐਲਾਨ ਕੀਤਾ ਕਿ ਉਹ ਵਿਚਾਰ ਕਰ ਰਹੇ ਹਨ ਕਿ ਮੁਕੰਮਲ ਤੌਰ ‘ਤੇ ਸਫਾਈ ਵਿਵਸਥਾ ਨੂੰ ਅਮਲ ਵਿੱਚ ਲਿਆਉਣ ਵਾਲੀ ਕਾਲੋਨੀ ਅਤੇ ਅਬਾਦੀ ਨੂੰ ਨਗਦ ਇਨਾਮ ਅਤੇ ਸਲਾਹੁਤਾ ਸਰਟੀਫਿਕੇਟ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕਾਰਜ ਸਵੱਛ ਭਾਰਤ ਮਿਸ਼ਨ ਤਹਿਤ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਅਜਿਹੀਆਂ ਕਾਲੋਨੀਆਂ ਅਤੇ ਅਬਾਦੀਆਂ ਦਾ ਉਹ ਖੁਦ ਨਿੱਜੀ ਤੌਰ ‘ਤੇ ਦੌਰਾ ਕਰਨਗੇ।
ਇਸੇ ਦੌਰਾਨ ਸ੍ਰੀਮਤੀ ਸਿੱਧੂ ਨੇ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਲਈ ਸਾਂਝੇ ਅਤੇ ਅਸਰਦਾਰ ਯਤਨਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਗਲੀ, ਮੁਹੱਲੇ, ਸ਼ਹਿਰ, ਰਾਜ ਅਤੇ ਦੇਸ਼ ਨੂੰ ਸਾਫ ਸੁਥਰਾ ਰੱਖੀਏ।ਇਸ ਤੋਂ ਪਹਿਲਾਂ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਿਸ਼ਨ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਨਵੇਂ 20 ਟਰਾਲੀਆਂ, ਟਰੈਕਟਰ ਦੀ ਖਰੀਦ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਅੰਮ੍ਰਿਤਸਰ ਦੀ ਸਫਾਈ ਮੁਹਿੰਮ ਹੋਰ ਰਫ਼ਤਾਰ ਫੜ੍ਹ ਲਵੇਗੀ।ਹੋਰਨਾਂ ਤੋਂ ਇਲਾਵਾ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਵੱਖ ਵੱਖ ਵਾਰਡਾਂ ਦੇ ਕੌਂਸਲਰ ਅਤੇ ਨਿਗਮ ਦੇ ਉੱਚ ਅਧਿਕਾਰੀ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply