Monday, February 2, 2026

ਜੀ.ਕੇ ਨੇ ਅਧਿਆਪਕਾਂ ਨੂੰ ਆਪਣੇ ਕੰਮ ਨੂੰ ਕਿੱਤਾ ਮੰਨਣ ਦੀ ਬਜਾਏ ਚੁਨੌਤੀ ਵੱਜੋਂ ਸਵੀਕਾਰ ਕਰਨ ਦੀ ਸਲਾਹ ਦਿੱਤੀ

PPN2509201508

ਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸੁੱਚਜੇ ਢੰਗ ਨਾਲ ਪੜ੍ਹਾਉਣ ਲਈ ਦਿੱਲੀ ਦੇ ਲਗਭਗ 200 ਪੰਜਾਬੀ ਅਧਿਆਪਕਾਂ ਦੀ ਅੱਜ ਕਾਰਜਸ਼ਾਲਾ ਲਗਾਈ ਗਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬੀ ਵਿਸ਼ੇ ਦੇ ਨਵੇਂ ਸਿਲੇਬਸ, ਲੇਖ, ਇਕਾਂਗੀ, ਕਹਾਣੀ, ਜੀਵਨੀ, ਕਵਿਤਾ, ਪੜ੍ਹਨ ਤੇ ਪੜ੍ਹਾਉਣ ਬਾਰੇ ਆਪਣੇ ਵਿਚਾਰ ਰੱਖੇ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਦਿੱਲੀ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਵੱਲੋਂ 2 ਦਿਨੀਂ ਪੰਜਾਬੀ ਭਾਸ਼ਾ ਦੀ ਚੜ੍ਹਦੀ ਕਲਾ ਲਈ ਕਰਵਾਏ ਜਾ ਰਹੇ ਸਮਾਗਮ ਦੇ ਪਹਿਲੇ ਦਿਨ ਵਿਦਿਵਾਨਾ ਅਤੇ ਪਤਿਵੰਤੇ ਸੱਜਣਾਂ ਨੇ ਭਾਸ਼ਾ ਨੂੰ ਅੱਜ ਦੇ ਮਾਡਰਨ ਯੁੱਗ ਦੇ ਵਿਚ ਸਨਮਾਨ ਦਿਵਾਉਣ ਦੇ ਲਈ ਨੁੱਕਤੇ ਵੀ ਸਾਂਝੇ ਕੀਤੇ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. , ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਸੀਨੀਅਰ ਕਮੇਟੀ ਮੈਂਬਰ ਕੁਲਮੋਹਨ ਸਿੰਘ, ਵਿਕਾਸ ਕਮੇਟੀ ਦੇ ਚੇਅਰਮੈਨ ਐਡਵੋਕੇਟ ਬੀਰਇੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਵਿਦਿਵਾਨ ਪ੍ਰਕਾਸ਼ ਸਿੰਘ ਗਿਲ , ਤਾਰਾ ਸਿੰਘ ਅਨਜਾਣ, ਡਾ. ਪ੍ਰਿਥਵੀ ਰਾਜ ਥਾਪਰ, ਡਾ. ਨਰਿੰਦਰ ਸਿੰਘ, ਕਰਨਲ ਜਸਬੀਰ ਸਿੰਘ ਨਿਰਮਲ, ਬੀਬੀ ਜਗਦੀਸ਼ ਕੌਰ, ਡਾ. ਬਲਜੀਤ ਸਿੰਘ ਚੰਡੀਗੜ੍ਹ ਅਤੇ ਡਾ. ਹਰਮੀਤ ਸਿੰਘ ਨੇ ਆਪਣੇ ਤਜ਼ੁਰਬੇ ਨੂੰ ਅਧਿਆਪਕਾਂ ਦੇ ਸਾਹਮਣੇ ਰੱਖਿਆ।
ਜੀ.ਕੇ. ਨੇ ਪੰਜਾਬੀ ਭਾਸ਼ਾ ਨੂੰ ਸੁਫੀ ਜੁਬਾਨ ਦੀ ਅਮੀਰੀ ਵੱਜੋਂ ਖਤਮ ਹੋਣ ਦੀ ਗਲ ਕਰਦੇ ਹੋਏੇ ਦਿੱਲੀ ਵਿੱਚ ਭਾਸ਼ਾ ਨੂੰ ਬਣਦਾ ਮਾਨ-ਸਤਿਕਾਰ ਦਿਵਾਉਣ ਵਾਸਤੇ ਚੁੱਕੇ ਗਏ ਕੱਦਮਾ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਦਿੱਲੀ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਵਾਸਤੇ ਅਰੰਭੇ ਗਏ ਸੰਘਰਸ਼ ਦੀ ਪਹਿਲੀ ਲੜਾਈ 1964 ਵਿੱਚ ਲੜੀ ਗਈ ਸੀ ਜੋਕਿ 1980 ਵਿੱਚ ਪੰਜਾਬੀ ਐਕਾਡਮੀ ਦੇ ਕਾਇਮ ਹੋਣ ਉਪਰੰਤ ਸਰਕਾਰੀ ਸਕੂਲਾ ਵਿੱਚ ਅਧਿਆਪਕਾਂ ਦੀ ਨਿਯੂਕਤੀ ਰਾਹੀਂ ਸਿਰੇ ਚੜ੍ਹੀ। ਅਧਿਆਪਕਾਂ ਨੂੰ ਪੜਾਈ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਜੱਜਬੇ ਅਤੇ ਪੂਰੀ ਤਨਦੇਹੀ ਨਾਲ ਪੜਾਉਣ ਦੀ ਹਿਦਾਇਤ ਦਿੰਦੇ ਹੋਏ ਜੀ.ਕੇ. ਨੇ ਆਪਣੇ ਵਿਦਿਆਰਥੀ ਕਾਲ ਦਾ ਜਿਕਰ ਕੀਤਾ।
ਜੀ.ਕੇ. ਨੇ ਕਿਹਾ ਕਿ 6 ਨੰਬਰ ਘਟ ਹੋਣ ਕਰਕੇ ਪੰਜਾਬੀ ਵਿਸ਼ੇ ਵਿੱਚ ਗੋਲਡ ਮੈਡਲ ਪ੍ਰਾਪਤ ਨਾ ਕਰ ਸਕਣ ਦਾ ਉਨ੍ਹਾਂ ਨੂੰ ਅੱਜ ਵੀ ਮਲਾਲ ਹੈ। ਅਧਿਆਪਕਾਂ ਨੂੰ ਉਨ੍ਹਾਂ ਨੇ ਆਪਣੇ ਕੰਮ ਨੂੰ ਕਿੱਤਾ ਮੰਨਣ ਦੀ ਬਜਾਏ ਚੁਨੌਤੀ ਵੱਜੋਂ ਸਵੀਕਾਰ ਕਰਨ ਦੀ ਸਲਾਹ ਦਿੱਤੀ। ਇਸ ਸੰਬੰਧ ਵਿੱਚ ਜੀ.ਕੇ. ਨੇ ਆਮੀਰ ਖਾਨ ਦੀ ਫਿਲਮ ਤਾਰੇ ਜਮੀਂ ਪਰ ਵਿੱਚ ਸਲੋ ਲਰਨਿੰਗ ਬੱਚੇ ਵੱਲੋਂ ਅਧਿਆਪਕ ਦੇ ਧਿਆਨ ਸੱਦਕਾ ਆਪਣੀ ਕਾਬਲੀਅਤ ਸਾਬਿਤ ਕਰਨ ਦਾ ਹਵਾਲਾ ਵੀ ਦਿੱਤਾ। ਕਿਸੇ ਵੀ ਚੀਜ ਦੀ ਪ੍ਰਾਪਤੀ ਨੂੰ ਅਸੰਭਵ ਮੰਨਣ ਦੀ ਬਜਾਏ ਅਧਿਆਪਕਾਂ ਨੂੰ ਜੀ.ਕੇ. ਨੇ ਭਗਤ ਪੂਰਨ ਸਿੰਘ, ਭਾਈ ਵੀਰ ਸਿੰਘ, ਮਦਰ ਟਰੇਸਾ ਅਤੇ ਦਿੱਲੀ ਘਟਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਪੁਸ਼ਪਿੰਦਰ ਸਿੰਘ ਵੱਲੋਂ ਸਮਾਜ ਦੇ ਹੇਠਲੇ ਤਬਕੇ ਲਈ ਨਿਸ਼ਕਾਮ ਭਾਵ ਨਾਲ ਕੀਤੇ ਗਏ ਕਾਰਜਾਂ ਨੂੰ ਵੀ ਯਾਦ ਕੀਤਾ।
ਰਾਣਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨ ਵਾਸਤੇ ਪੰਜਾਬੀ ਭਾਸ਼ਾ ਨੂੰ ਬੋਲਣ ਅਤੇ ਸਮਝਣ ਦੀ ਲੋੜ ਬਾਰੇ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਦੀ ਅਧਿਆਪਕਾਂ ਨੂੰ ਅਪੀਲ ਕੀਤੀ। ਘਰਾਂ ਵਿੱਚ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜੀ ਭਾਸ਼ਾ ਵਿੱਚ ਗਲ ਕਰਨ ਦੇ ਵੱਧ ਰਹੇ ਰੁਝਾਨ ਤੇ ਰਾਣਾ ਨੇ ਠੱਲ ਪਾਉਣ ਵਾਸਤੇ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਪੰਜਾਬੀ ਭਾਸ਼ਾ ਵਿੱਚ ਗਲ ਕਰਨ ਤੇ ਜੋਰ ਦਿੱਤਾ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸ਼ਤ ਗੁਰਬਚਨ ਸਿੰਘ ਚੀਮਾ, ਕਮੇਟੀ ਮੈਂਬਰ ਹਰਵਿੰਦਰ ਸਿੰਘ ਆਦਿਕ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply