Saturday, March 21, 2026

 ਡੇਰਾ ਸਿਰਸਾ ਨੂੰ ਮੁਆਫੀ ‘ਤੇ ਮੁੜ ਵਿਚਾਰ ਲਈ ਸ੍ਰੀ ਅਕਾਲ ਤਖ਼ਤ ਵਲੋਂ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੀ ਜਾਵੇਗੀ

Giani-Gurbachan-Singh1

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਗਈ ਮੁਆਫੀ ਤੋਂ ਬਾਅਦ ਦੇਸ ਵਿਦੇਸ਼ ਦੇ ਸਿੱਖਾਂ ਤੇ ਪੰਥਕ ਜਥੇਬੰਦੀਆਂ ਵਿੱਚ ਪੈਦਾ ਹੋਏ ਰੋਸ ਨੂੰ ਦੇਖਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼ਾਮ 6.30 ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਆਪ ਪੱਤਰਕਾਰਾਂ ਦੇ ਸਾਹਮਣੇ ਤਾਂ ਨਾ ਆਏ ਪ੍ਰੰਤੂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਸਦੀਆਂ ਤੋਂ ਚਲੀ ਆ ਰਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਸਭ ਦੇ ਵਿਚਾਰਾਂ ਦਾ ਸਤਿਕਾਰ ਕਰਦਿਆਂ ਅਕਾਲ ਤਖ਼ਤ ਸਾਹਿਬ ਤੋਂ ਕੌਮ ਨੂੰ ਸਮਰਪਿੱਤ, ਨਿਰਪੱਖ, ਦਾਨਿਸ਼ਵੰਦ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੀ ਜਾਵੇਗੀ।ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ, ਸੰਪਰਦਾਵਾਂ, ਸਿੱਖ ਵਿਦਵਾਨ, ਬੁੱਧੀਜੀਵੀ ਜਾਂ ਕੋਈ ਵੀ ਗੁਰਸਿੱਖ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਆਪਣੇ ਵਡਮੁੱਲੇ ਸੁਝਾਅ ਦੇਵੇ। ਕਮੇਟੀ ਆਏ ਸੁਝਾਵਾਂ ਨੂੰ ਘੋਖ-ਵਿਚਾਰ ਕਰਕੇ ਆਪਣੀ ਰਾਏ ਦੇਵੇਗੀ।

ਸਿੰਘ ਸਾਹਿਬਾਨ ਨੇ ਪ੍ਰੈਸ ਨੋਟ ਵਿੱਚ ਅੱਗੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਅਤੇ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਹਰ ਸਮੇਂ ਸਿੱਖ ਕੌਮ ਦੀ ਅਗਵਾਈ ਕਰਦਾ ਆ ਰਿਹਾ ਹੈ। ਸਮੇਂ-ਸਮੇਂ ਵੱਡੇ ਤੋਂ ਵੱਡੇ ਮਸਲੇ ਇਸ ਤਖ਼ਤ ਤੇ ਯੋਗ ਅਤੇ ਸੁਚੱਜੀ ਅਗਵਾਈ ਲਈ ਆਉਂਦੇ ਰਹੇ ਹਨ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਮਰਿਯਾਦਾ ਅਨੁਸਾਰ ਦੀਰਘ ਵਿਚਾਰ ਵਟਾਂਦਰਾ ਕਰਨ ਮਗਰੋਂ ਫੈਸਲੇ ਲਏ ਜਾਂਦੇ ਰਹੇ ਹਨ ਜੋ ਹਮੇਸ਼ਾਂ ਸਿੱਖ ਕੌਮ ਨੇ ਚੜ੍ਹਦੀ ਕਲਾ ਨਾਲ ਸਵੀਕਾਰ ਕੀਤੇ ਹਨ।
ਇਸੇ ਤਰ੍ਹਾਂ ਇੱਕ ਮਸਲਾ ਡੇਰਾ ਸਿਰਸਾ ਮੁਖੀ ਵੱਲੋਂ ਸੰਨ 2007 ਵਿਚ ਕੀਤੇ ਸਵਾਂਗ ਦੇ ਕਾਰਨ ਉੱਠੇ ਵਿਵਾਦ ਸਬੰਧੀ ਪ੍ਰਾਪਤ ਹੋਇਆ।ਜਿਸ ਉਪਰ ਵਿਚਾਰ ਵਟਾਂਦਰਾ ਕਰਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਕੀਤਾ ਗਿਆ ਸੀ।ਇਹ ਵਿਵਾਦ ਲਗਾਤਾਰ ਚੱਲਦਾ ਰਿਹਾ ਅਤੇ ਇਸ ਨੇ ਕਈ ਵਾਰ ਗੰਭੀਰ ਹਿੰਸਕ ਰੂਪ ਵੀ ਧਾਰਿਆ।
ਉਪਰੋਕਤ ਦੇ ਸਬੰਧ ਵਿਚ ਹੁਣ ਇੱਕ ਲਿਖਤੀ ਬੇਨਤੀ ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਦਸਤਖ਼ਤਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਪ੍ਰਾਪਤ ਹੋਈ ਜੋ ਕਿ ਇਸ ਪ੍ਰਕਾਰ ਹੈ :-
“ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਾਰੇ ਧਰਮਾਂ ਦੇ ਪੀਰ ਪੈਗੰਬਰ ਸਾਹਿਬਾਨ ਦੀ ਨਕਲ ਕਰਨਾ ਤਾਂ ਦੁੂਰ ਦੀ ਗੱਲ, ਅਸੀਂ ਕਦੀ ਅਜਿਹਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ।ਅਸੀਂ ਨਕਲ ਕਿਵੇਂ ਕਰ ਸਕਦੇ ਹਾਂ ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਕਦੇ ਨਕਲ ਕੀਤੀ ਹੋਵੇ ਜਾਂ ਕਦੀ ਨਕਲ ਕਰਨ ਦਾ ਸੋਚਿਆ ਵੀ ਹੋਵੇ।ਅਸੀਂ ਕਦੇ ਕਿਸੇ ਦੀ ਨਕਲ ਨਹੀਂ ਕੀਤੀ ਅਤੇ ਸੌ ਫੀਸਦੀ ਅੱਜ ਵੀ ਕਹਿੰਦੇ ਹਾਂ ਅਤੇ ਹਮੇਸ਼ਾਂ ਕਹਿੰਦੇ ਰਹਾਂਗੇ ਕਿ ਅਸੀਂ ਕਿਸੇ ਸੰਤ ਪੀਰ ਪੈਗੰਬਰ ਦੇ ਬਰਾਬਰ ਮੰਨਦੇ ਹੀ ਨਹੀਂ ਤਾਂ ਅਸੀਂ ਕਿਸੇ ਦੀ ਨਕਲ ਕਰਨ ਦੀ ਜੁਅਰਤ ਕਿਵੇਂ ਕਰ ਸਕਦੇ ਹਾਂ। ਸਾਡੇ ਲਈ ਸਾਰੇ ਧਰਮਾਂ ਦੇ ਸੰਤ ਪੈਗੰਬਰ ਭਗਵਾਨ ਸਵਰੂਪ ਨੇ”।ਉਪਰੋਕਤ ਪੱਤਰ ਦੇ ਨਾਲ ਡੇਰਾ ਮੁਖੀ ਵੱਲੋਂ ਇੱੱਕ ਸੀ.ਡੀ ਵੀ ਤਿਆਰ ਕਰਕੇ ਭੇਜੀ ਗਈ ਜਿਸ ਵਿਚ ਉਸਨੇ ਉਪਰੋਕਤ ਸਾਰੇ ਸ਼ਬਦ ਹੂ-ਬ-ਹੂ ਦੁਹਰਾਏ ਹਨ।
ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਸਲੇ ‘ਤੇ ਉਪਰੋਕਤ ਤੱਥਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਗੰਭੀਰਤਾ ਨਾਲ ਵਿਚਾਰ ਕੇ ਤੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਵਡੇਰੇ ਪੰਥਕ ਹਿੱਤਾਂ, ਦੇਸ਼ ਅਤੇ ਪੰਜਾਬ ਅੰਦਰ ਪੂਰਨ ਅਮਨ ਅਤੇ ਸ਼ਾਂਤੀ ਬਨਾਉਣ ਦੇ ਮਕਸਦ ਨਾਲ ਤੇ ਆਪਣੀ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਇੱਕ ਸਹੀ ਅਤੇ ਨਿਰਪੱਖ ਫੈਸਲਾ ਲੈਂਦੇ ਹੋਏ ਡੇਰਾ ਮੁਖੀ ਦਾ ਸਪੱਸ਼ਟੀਕਰਨ ਸਵੀਕਾਰ ਕੀਤਾ ਗਿਆ ਸੀ ਤਾਂ ਜੋ ਪੰਥ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ। ਜਿਥੇ ਅਸੀਂ ਉਹਨਾਂ ਸਮੂੰਹ ਪੰਥਕ ਸੰਸਥਾਵਾਂ, ਸੰਪਰਦਾਵਾਂ ਤੇ ਗੁਰੁ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਬਣਾਈ ਰੱਖਣ ਲਈ ਇਸ ਫੈਸਲੇ ਦਾ ਭਰਪੂਰ ਸਮਰਥਨ ਕੀਤਾ ਓਥੇ ਕੁਝ ਪੰਥਕ ਧਿਰਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਰੋਸ ਵੀ ਪ੍ਰਗਟ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾਂ ਸਮਰਪਿੱਤ ਰਹੀਆਂ ਕੁੱਝ ਸੰਸਥਾਵਾਂ ਨੇ ਇਸ ਪ੍ਰਕਿਰਆ ਨੂੰ ਹੋਰ ਬਿਹਤਰ ਬਣਾਉਣ ਲਈ ਕੁੱਝ ਵਿਚਾਰ ਵੀ ਦਿੱਤੇ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮੇਸ਼ਾਂ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਕੇ ਗੁਰਮਤਿ ਦੀ ਰੋਸ਼ਨੀ ਵਿਚ ਫੈਸਲੇ ਲਏ ਜਾਂਦੇ ਹਨ।ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇੱਕਸੁਰਤਾ ਬਣਾਈ ਰੱਖਣੀ ਚਾਹੀਦੀ ਹੈ।ਸਦੀਆਂ ਤੋਂ ਚਲੀ ਆ ਰਹੀ ਇਸ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਸਭ ਦੇ ਵਿਚਾਰਾਂ ਦਾ ਸਤਿਕਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਨੂੰ ਸਮਰਪਿਤ, ਨਿਰਪੱਖ, ਦਾਨਿਸ਼ਵੰਦ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੀ ਜਾਵੇਗੀ।
ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ, ਸੰਪਰਦਾਵਾਂ, ਸਿੱਖ ਵਿਦਵਾਨ, ਬੁੱਧੀਜੀਵੀ ਜਾਂ ਕੋਈ ਵੀ ਗੁਰਸਿੱਖ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਆਪਣੇ ਵਡਮੁੱਲੇ ਸੁਝਾਅ ਦੇਵੇ। ਕਮੇਟੀ ਆਏ ਸੁਝਾਵਾਂ ਨੂੰ ਘੋਖ-ਵਿਚਾਰ ਕਰਕੇ ਆਪਣੀ ਰਾਏ ਦੇਵੇਗੀ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply