
ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਜ਼ਿਲ੍ਹੇ ਵਿਚ ਬੱਚਿਆਂ ਸਬੰਧੀ ਸ਼ੁਰੂ ਕੀਤੀ ਗਈ ਚਾਈਲਡ ਲਾਈਨ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਬੱਚਿਆਂ ‘ਤੇ ਅੱਤਿਆਚਾਰ ਰੋਕਣ ਅਤੇ ਬੱਚਿਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਮੁਸ਼ਕਿਲ ਵਿਚੋਂ ਕੱਢਣ ਲਈ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟੋਲ ਫਰੀ 1098 ਨੰਬਰ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪ ਲਾਈਨ ਨੰਬਰ ‘ਤੇ ਇਹ ਸਹੂਲਤ 24 ਘੰਟੇ ਉਪਲੱਬਧ ਹੈ ਤੇ ਇਹ ਸਹਾਇਤਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਹੈਲਪ ਲਾਈਨ ਬਾਲ ਮਜ਼ਦੂਰਾਂ, ਬੇਸਹਾਰਾ, ਘਰੋਂ ਕੱਢੇ, ਮਾਨਸਿਕ ਤੇ ਸਰੀਰਕ ਤੌਰ ‘ਤੇ ਅੰਗਹੀਣ, ਨਸ਼ਿਆਂ ਅਤੇ ਹੋਰ ਬੁਰੀਆਂ ਆਦਤਾਂ ਦੇ ਸ਼ਿਕਾਰ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਤੋਂ ਇਲਾਵਾ ਬੱਚਿਆਂ ‘ਤੇ ਅੱਤਿਆਚਾਰ (ਘਰ ਵਿਚ, ਬਾਹਰ, ਦੁਕਾਨਾਂ ‘ਤੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ) ਤੇ ਪਰੇਸ਼ਾਨੀਆਂ (ਏਡਜ਼ ਤੇ ਐਚ.ਆਈ.ਵੀ ਦੇ ਗ੍ਰਸਿਤ ਬੱਚੇ) ਸਬੰਧੀ ਕਾਰਗਰ ਸਾਬਿਤ ਹੋ ਰਹੀ ਹੈ। ਉਨਾਂ ਦੱਸਿਆ ਕਿ ਚਾਈਲਡ ਲਾਈਨ ਸਹਾਇਤਾ ਲਈ ਕਿਸੇ ਵੀ ਸਥਾਨ ਜਾਂ ਕਿਸੇ ਸਮੇਂ ਫਰੀ ਫੋਨ ਕੀਤਾ ਜਾ ਸਕਦਾ ਹੈ ਅਤੇ ਸੂਚਨਾ ਮਿਲਣ ‘ਤੇ ਬੱਚੇ ਨੂੰ ਕਿਸੇ ਵੀ ਸਥਾਨ ਤੋਂ ਲਿਆਉਣ ਦੀ ਸੁਵਿਧਾ ਹੈ। ਉਨਾਂ ਅੱਗੇ ਦੱਸਿਆ ਕਿ ਚਾਈਲਡ ਲਾਈਨ ਵੱਖ-ਵੱਖ ਸੁਵਿਧਾਵਾਂ ਪzzਦਾਨ ਕਰਦੀ ਹੈ, ਜਿਨ੍ਹਾਂ ਵਿਚ ਸਲਾਹ-ਮਸ਼ਵਰੇ ਦੀਆਂ ਸੁਵਿਧਾਵਾਂ, ਰਹਿਣ ਦੀਆਂ ਸੁਵਿਧਾਵਾਂ, ਅੱਤਿਆਚਾਰਾਂ ਤੋਂ ਸੁਰੱਖਿਆ, ਘਰ ਜਲ ਸੁਵਿਧਾ, ਡਾਕਟਰੀ ਸਹਾਇਤਾ, ਵਜ਼ੀਫਾ, ਕਾਨੂੰਨੀ ਸਹਾਇਤਾ, ਰਿਹਾਇਸ਼ ਦੀ ਸਹੂਲਤ ਤੇ ਗੁਆਚੇ ਬੱਚੇ ਨੂੰ ਲੱਭਣ ਤੇ ਉਸ ਨੂੰ ਘਰ ਵਾਪਸ ਪਹੁੰਚਾਉਣਾ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚਾਈਲਡ ਲਾਈਨ ਇਕ ਰਾਸ਼ਟਰੀ ਯੋਜਨਾ ਹੈ ਅਤੇ 1098 ਨੰਬਰ ਡਾਇਲ ਕਰਕੇ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ।
Punjab Post Daily Online Newspaper & Print Media