Friday, March 6, 2026

ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਬਾਂਹ ਫੜੇ – ਮਜੀਠੀਆ

ਮਜੀਠਾ ਵਿਖੇ ਬਾਬਾ ਭਾਈ ਸਾਲ੍ਹੋ ਜੀ ਦੇ ਜਨਮ ਦਿਹਾੜੇ ਦੇ ਜੋੜ ਮੇਲੇ ‘ਚ ਲਵਾਈ ਹਾਜ਼ਰੀ

PPN2909201510

ਮਜੀਠਾ, 29 ਸਤੰਬਰ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸਨਅਤਕਾਰਾਂ ਦੀ ਆਵਾਜ਼ ਸੁਣਦਿਆਂ ਉਹਨਾਂ ਦੀ ਬਾਂਹ ਫੜਨ ਅਤੇ ਇਹਨਾਂ ਨੂੰ ਦਰਪੇਸ਼ ਮਸਲਿਆਂ ਦਾ ਠੋਸ ਹਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਸ: ਮਜੀਠੀਆ ਅੱਜ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਅਨਿਨ ਸੇਵਕ ਧੰਨ ਧੰਨ ਬਾਬਾ ਭਾਈ ਸਾਲ੍ਹੋ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਕਰਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੁਖੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਵੱਖ ਵੱਖ ਸਮੇਂ ਕੇਂਦਰ ਸਰਕਾਰ ਕੋਲ ਰਾਜ ਦੇ ਮਸਲਿਆਂ ਨੂੰ ਪੁਰਜ਼ੋਰ ਤਰੀਕੇ ਨਾਲ ਉਠਾਉਂਦੇ ਰਹੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਨਾਲ ਕੀਤੀਆਂ ਵਧੀਕੀਆਂ ਦੇ ਮੱਦੇਨਜ਼ਰ ਕੇਂਦਰ ਦੀ ਐਨ. ਡੀ. ਏ ਸਰਕਾਰ ਪੰਜਾਬ ਨਾਲ ਪੂਰਾ ਨਿਆਂ ਕਰੇਗੀ।
ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਨੂੰ ਜਿੰਨਾ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਸ ਦੇ ਮੁਕਾਬਲੇ ਐਨ. ਡੀ. ਏ ਸਰਕਾਰ ਦੇ ਮੁਖੀ ਸ੍ਰੀ ਮੋਦੀ ਨੇ ਆਪਣੇ ਇੱਕ ਸਾਲ ਦੇ ਰਾਜ ਦੌਰਾਨ ਇਸ ਸਰਹੱਦੀ ਸੂਬੇ ਨੂੰ ਵਿਸ਼ੇਸ਼ ਤਵੱਜੋ ਦਿੰਦਿਆਂ ਕਈ ਅਹਿਮ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੰਬਾ ਸਮਾਂ ਪੰਜਾਬ ਵਿਰੁੱਧ ਅਪਣਾਏ ਮਤਰੇਈ ਮਾਂ ਵਾਲੇ ਰਵਈਏ ਲਈ ਕਾਂਗਰਸ ਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀਆਂ ਕਰਨੀਆਂ ਦੀ ਸਜ਼ਾ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣੀ ਪਵੇਗੀ ਕਿਉਂਕਿ ਪਿਛਲੇ 8 ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਵਿੱਚ ਕਰਵਾਏ ਲਾ ਮਿਸਾਲ ਵਿਕਾਸ ਸਾਹਮਣੇ ਕਾਂਗਰਸ ਕਿਤੇ ਵੀ ਨਹੀਂ ਟਿਕਦੀ। ਸ. ਮਜੀਠੀਆ ਨੇ ਕਿਹਾ ਕਿ ਐਨ. ਈ. ਏ ਸਰਕਾਰ ਨੇ ਆਉਂਦਿਆਂ ਸਾਰ ਹੀ ਇੱਕ ਸਾਲ ਦੇ ਵਕਫ਼ੇ ਦੌਰਾਨ ਪੰਜਾਬ ਨੂੰ ਆਈ. ਆਈ. ਐੱਮ, ਏਮਜ਼, ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ, ਮੁਹਾਲੀ ਅੰਤਰਰਾਸ਼ਟਰੀ ਏਅਰਪੋਰਟ ਦੀ ਸ਼ੁਰੂਆਤ ਆਦਿ ਰਾਹੀਂ ਪੰਜਾਬ ਅੰਦਰ ਚੱਲ ਰਹੀ ਵਿਕਾਸ ਦੀ ਰਫ਼ਤਾਰ ਨੂੰ ਹੋਰ ਬਲ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਨੇ ਪੰਜਾਬ ਲਈ ਅਹਿਮ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ, ਉਸ ਤੋਂ ਇਹ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਪੰਜਾਬ ਕੇਂਦਰ ਅਤੇ ਅਕਾਲੀ-ਭਾਜਪਾ ਸਰਕਾਰ ਦੀ ਦੂਰਅੰਦੇਸ਼ੀ ਸਦਕਾ ਆਉਂਦੇ ਸਮੇਂ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹੇਗਾ।
ਇਸ ਤੋਂ ਪਹਿਲਾਂ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਬਾਬਾ ਭਾਈ ਸਾਲ੍ਹੋ ਜੀ ਦੇ ਜਨਮ ਦਿਹਾੜੇ ਮੌਕੇ ਅਲੌਕਿਕ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਵਧਾਈ ਦਿੱਤੀ। ਅੱਜ ਡੇਰਾ ਭਾਈ ਸਾਲ੍ਹੋ ਜੀ ਮਜੀਠਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ। ਜਿੱਥੇ ਰਾਗੀ ਜਥਿਆਂ, ਡਾਢੀਆਂ ਅਤੇ ਕਥਾਵਾਚਕਾਂ ਨੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਸ: ਮਜੀਠੀਆ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਅਤੇ ਮਹਾਪੁਰਸ਼ਾਂ ਵੱਲੋਂ ਦਰਸਾਏ ਗਏ ਰਸਤੇ ‘ਤੇ ਚਲਦਿਆਂ ਗਰੀਬ ਤੇ ਲੋੜਵੰਦਾਂ ਦੀ ਸੇਵਾ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਜ਼ੋਰਦਾਰ ਹੰਭਲਾ ਮਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਮਾਜ ਵਿੱਚ ਮਾਦਾ ਭਰੂਣ ਹੱਤਿਆ ਲਈ ਕੋਈ ਜਗਾ ਨਹੀਂ ਹੋਣੀ ਚਾਹੀਦੀ।ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਦਾ ਮੇਲਾ ਪ੍ਰਬੰਧਕ ਕਮੇਟੀ ਦੇ ਮੁਖੀ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਸਿਰੋਪਾਉ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।  ਇਸ ਮੌਕੇ ਬਾਬਾ ਸ਼ਿਵਦਿਆਲ ਸਿੰਘ, ਮੇਜਰ ਸ਼ਿਵੀ , ਜੋਧ ਸਿੰਘ ਸਮਰਾ, ਸਲਵੰਤ ਸਿੰਘ ਸੇਠ, ਤਰੁਨ ਕੁਮਾਰ ਅਬਰੋਲ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਰਾਕੇਸ਼ ਪ੍ਰਾਸ਼ਰ,ਬੱਬੀ ਭੰਗਵਾਂ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਬਲਬੀਰ ਸਿੰਘ ਚੰਦੀ, ਨੰਬਰਦਾਰ ਜਸਪਾਲ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ ਪ੍ਰਧਾਨ, ਗੁਰਚਰਨ ਸਿੰਘ ਬੇਗੇਵਾਲ, ਬਲਵੰਤ ਸਿੰਘ ਮਜੀਠਾ, ਨਿਰਮਲ ਸਿੰਘ , ਪ੍ਰੋ: ਪਰਮਬੀਰ ਸਿੰਘ ਮੱਤੇਵਾਲ, ਸੋਨੂੰ ਮਜੀਠਾ, ਸੁਖਜੀਤ ਸਿੰਘ ਲੁਧਰ, ਪ੍ਰਭਦਿਆਲ ਸਿੰਘ ਮਜੀਠਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply