
ਪਠਾਨਕੋਟ, 29 ਸਤੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਪਠਾਨਕੋਟ ਸ਼ਹਿਰ ਨੂੰ ਹਰਿਆ ਭਰਿਆ, ਸੁੰਦਰ ਤੇ ਸਾਫ ਸੁਥਰਾ ਬਣਾਉਣ ਅਤੇ ਇਸ ਦੇ ਸਰਵਪੱਖੀ ਵਿਕਾਸ ਲਈ 4.14 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਰਕਾਰ ਇਹ ਵੀ ਯਤਨ ਕਰ ਰਹੀ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਦੇ ਨਾਲ ਨਾਲ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਇਆ ਜਾਵੇ। ਇਸ ਦੇ ਨਾਲ ਹੀ ਸਾਡੀ ਵੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀ ਵੀ ਸ਼ਹਿਰਾਂ ਤੇ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਈਏ। ਇਹ ਪ੍ਰਗਟਾਵਾ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕਰਦਿਆਂ ਕਿਹਾ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਵੀ ਸ਼ਹਿਰ ਵਿੱਚ ਸਾਫ਼ ਸਫਾਈ ਦੀ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਸਰਕਾਰ ਵਲੋਂ ਨਗਰ ਨਿਗਮ ਪਠਾਨਕੋਟ ਨੂੰ ਇਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਅਤੇ ਇਸ ਗ੍ਰਾਂਟ ਦੀ ਰਾਸ਼ੀ ਨਾਲ 35 ਨਵੇਂ ਡੰਪਰ, ਦੋ ਪੋਟੇਬਲ ਫੋਗਿੰਗ ਮਸ਼ੀਨਾਂ, ਦੋ ਨਵੇਂ ਟਰੈਕਟਰ, ਤਿੰਨ ਨਵੀਆਂ ਟਰਾਲੀਆਂ ਕਾਰਪੋਰੇਸ਼ਨ ਵੱਲੋਂ ਖਰੀਦੀਆਂ ਗਈਆਂ ਹਨ ਅਤੇ ਪੁਰਾਣੀ ਮਸ਼ੀਨਰੀ ਅਤੇ ਫਾਇਰ ਬ੍ਰਗੇਡ ਦੀਆਂ ਗੱਡੀਆਂ ਠੀਕ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਲਈ 5 ਨਵੀਆਂ ਮੋਟਰਾਂ ਲਗਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚੋ ਗੰਦਗੀ ਉਠਾਉਣ ਵਾਲੇ ਟ੍ਰੈਕਟਰ ਟਰਾਲੀਆਂ ਦੀ ਕਾਰਗੁਜਾਰੀ ‘ਤੇ ਨਜ਼ਰ ਰੱਖਣ ਲਈ ਕਰਮਚਾਰੀਆਂ ਦੀਆਂ ਵਿਸ਼ੇਸ ਟੀਮਾਂ ਵੀ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਕਰਕੱਟ ਲਗਾਏ ਗਏ ਡੰਪਰਾਂ ਵਿੱਚ ਸੁੱਟਣ। ਉਨ੍ਹਾਂ ਨੇ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਪਲਾਟਾਂ ਦੀ ਚਾਰਦਿਵਾਰੀ ਕਰਵਾਉਣ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜਿੱਥੇ ਕਿੱਤੇ ਹੋਰ ਡੰਪਰਾਂ ਦੀ ਜ਼ਰੂਰਤ ਹੈ, ਉੱਥੇ ਵੀ ਡੰਪਰ ਲਗਾਏ ਜਾਣਗੇ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵਿੱਚ ਸ਼ਾਮਲ ਕੀਤੇ ਗਏ 17 ਪਿੰਡਾਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾ ਮੁਹਈਆ ਕਰਨ ਅਤੇ ਸਾਫ਼ ਸਫਾਈ ਨੂੰ ਯਕੀਨੀ ਬਣਾਉਣ ਲਈ ਵੀ ਕਾਰਪੋਰੇਸ਼ਨ ਵੱਲੋਂ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦਾ ਸਰਵੇ ਕਰਨ ਲਈ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।
Punjab Post Daily Online Newspaper & Print Media