ਮਾਲੇਰਕੋਟਲਾ (ਸੰਦੌੜ), 1 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਅੰਦਰ ਚਿੱਟੇ ਮੱਛਰ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦੇ ਪ੍ਰਭਾਵਿਤ ਕਿਸਾਨਾਂ ਨੂੰੰ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਦਮ ਸ਼੍ਰੀ ਇਜ਼ਹਾਰ ਆਲਮ ਵੱਲੋਂ ਅੱਜ ਆਪਣੀ ਰਿਹਾਇਸ਼ਗਾਹ ਆਲਮ ਹਾਊਸ ਵਿਖੇ ਮੁਆਵਜ਼ੇ ਦੇ ਚੈੱਕ ਵੰਡੇ ਗਏ। ਐਸ.ਡੀ.ਐਮ. ਮਲੇਰਕੋਟਲਾ ਸ਼੍ਰੀ ਅਮਿੱਤ ਬੈਂਬੀ ਦੀ ਹਾਜ਼ਰੀ ‘ਚ ਪ੍ਰਭਾਵਿਤ ਕਿਸਾਨਾਂ ਨੂੰ ਇਹ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਬੀ ਫਰਜ਼ਾਨਾ ਆਲਮ ਨੇ ਕਿਹਾ ਕਿ ਸੂਬੇ ਅੰਦਰ ਨਰਮੇ ਦੀ ਬਰਬਾਦ ਹੋਈ ਫਸਲ ਦੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵੱਲੋਂ 600 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਦੀ ਬਾਦਲ ਸਰਕਾਰ ਨੂੰ ਕਿਸਾਨਾਂ ਦੀ ਸੱਭ ਤੋਂ ਵੱਡੀ ਹਿਤੈਸ਼ੀ ਸਰਕਾਰ ਦੱਸਦਿਆਂ ਬੀਬੀ ਫਰਜ਼ਾਨਾ ਨੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੇ ਹੱਕ ‘ਚ ਖੜ੍ਹੀ ਹੈ, ਜਦੋਂ ਵੀ ਕਦੀ ਕਿਸਾਨਾਂ ਉਪੱਰ ਕੋਈ ਕੁਦਰਤੀ ਆਫਤ ਕਾਰਨ ਮੁਸ਼ਕਿਲ ਆਈ ਹੈ ਉਦੋਂ ਬਾਦਲ ਸਰਕਾਰ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ। ਹੁਣ ਖਰਾਬ ਹੋਈ ਨਰਮੇ ਦੀ ਫਸਲ ਦੇ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਬਾਦਲ ਸਰਕਾਰ ਦਾ ਕਿਸਾਨ ਹਿਤੈਸ਼ੀ ਹੋਣ ਦਾ ਵੱਡਾ ਸਬੂਤ ਹੈ, ਜਿਸ ਨੇ ਪ੍ਰਭਾਵਿਤ ਕਿਸਾਨਾਂ ਦੀ ਤੁਰੰਤ ਬਾਂਹ ਫੜੀ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਮਲੇਰਕੋਟਲਾ ਅੰਦਰ ਪ੍ਰਭਾਵਿਤ ਕਿਸਾਨਾਂ ਨੂੰ ਕਰੀਬ 25 ਲੱਖ ਰੁਪੈ ਦੇ ਚੈੱਕ ਵੰਡੇ ਜਾ ਰਹੇ ਹਨ। ਇਸ ਮੁਆਵਜ਼ਾ ਰਾਸ਼ੀ ਨਾਲ ਕਿਸਾਨ ਆਪਣੀ ਕਣਕ ਦੀ ਬਿਜਾਈ ਅਸਾਨੀ ਨਾਲ ਕਰ ਸਕਣਗੇ। ਅੱਜ ਮੰਡੀਆਂ ‘ਚ ਸ਼ੁਰੂ ਹੋਈ ਝੋਨੇ ਦੀ ਖ੍ਰੀਦ ਸਬੰਧੀ ਪੁੱਛਣ ‘ਤੇ ਬੀਬੀ ਫਰਜ਼ਾਨਾਂ ਤੇ ਜਨਾਬ ਆਲਮ ਨੇ ਦੱਸਿਆ ਕਿ ਝੋਨੇ ਦੀ ਖ੍ਰੀਦ ਲਈ ਸਰਕਾਰ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਲਈ ਬਾਕਾਇਦਾ ਮੀਟਿੰਗਾਂ ਕਰਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿਕੱਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ. ਮਲੇਰਕੋਟਲਾ ਸ਼੍ਰੀ ਅਮਿੱਤ ਬੈਂਬੀ ਤੋਂ ਇਲਾਵਾ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਉਪ ਚੇਅਰਮੈਨ ਐਡਵੋਕੇਟ ਮੁਹੰਮਦ ਸ਼ਮਸਾਦ, ਉਘੇ ਉਦਯੋਗਪਤੀ ਸਿਰਾਜ ਮਲਿਕ, ਹਾਕਮ ਸਿੰਘ ਚੱਕ, ਮੁਹੰਮਦ ਹਨੀਫ, ਰੀਡਰ ਐਸ.ਡੀ.ਐਮ. ਮਲੇਰਕੋਟਲਾ ਜਸਵੀਰ ਸਿੰਘ ਬਨਭੋਰਾ, ਪਟਵਾਰੀ ਹਾਕਮ ਸਿੰਘ ਅਤੇ ਲਾਲਦੀਨ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media