ਮਾਲੇਰਕੋਟਲਾ (ਸੰਦੌੜ), 1 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਦੀਆਂ ਮੰਡੀਆਂ ਅੰਦਰ ਸਰਕਾਰੀ ਤੌਰ ‘ਤੇ ਇੱਕ ਅਕਤੂਬਰ ਨੂੰ ਸ਼ੁਰੂ ਹੋ ਰਹੀ ਝੋਨੇ ਦੀ ਖ੍ਰੀਦ ਨੂੰ ਲੈ ਕੇ ਖ੍ਰੀਦ ਪ੍ਰਬੰਧਾਂ ਦੀਆਂ ਤਿਆਰੀਅ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਮਾਲੇਰਕੋਟਲਾ ਸ਼੍ਰੀ ਅਮਿਤ ਬੈਂਬੀ ਵੱਲੋਂ ਅੱਜ ਮਾਲੇਰਕੋਟਲਾ ਕਲੱਬ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਅਤੇ ਆੜਤੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਵਿਚ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸ਼੍ਰੀ ਬੈਬੀ ਨੇ ਸਬੰਧਤ ਅਧਿਕਾਰੀਆਂ ਵੱਲੋਂ ਕੀਤੇ ਗਏ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਮਾਰਕੀਟ ਕਮੇਟੀਆਂ ਦੇ ਸੈਕਟਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਮੰਡੀਆਂ ਅੰਦਰ ਸਫਾਈ, ਬਿਜਲੀ, ਪੀਣ ਵਾਲੇ ਸਾਫ ਪਾਣੀ ਸਮੇਤ ਬਾਕੀ ਰਹਿੰਦੇ ਸਾਰੇ ਪ੍ਰਬੰਧ ਤੁਰੰਤ ਮੁਕੰਮਲ ਕੀਤੇ ਜਾਣ ਅਤੇ ਮੰਡੀਆਂ ਅੰਦਰ ਆਉਣ ਵਾਲੀ ਫਸਲ ਦੀ ਨਮੀ ਨੂੰ ਮੰਡੀ ਦੇ ਐਂਟਰੀ ਗੇਟ ‘ਤੇ ਹੀ ਮਾਉਚਰ ਮੀਟਰਾਂ ਨਾਲ ਚੈਕ ਕੀਤਾ ਜਾਵੇ ਅਤੇ ਸਰਕਾਰੀ ਮਾਪਦੰਢਾਂ ਤੇ ਖਰੀ ਉਤੱਰ ਵਾਲੀ ਝੋਨੇ ਦੀ ਟਰਾਲੀ ਨੂੰ ਹੀ ਮੰਡੀ ਅੰਦਰ ਦਾਖਲ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 17 ਫੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਦੀ ਖ੍ਰੀਦ ਨਹੀਂ ਕੀਤੀ ਜਾਵੇਗੀ, ਇਸ ਲਈ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਸੁਕਾ ਕੇ ਹੀ ਮੰਡੀਆਂ ਅੰਦਰ ਲੈ ਕੇ ਆਉਣ ਤਾਂ ਜੋ ਖ੍ਰੀਦ ਏਜੰਸੀਆਂ ਵੱਲੋਂ ਝੋਨੇ ਦੀ ਨਿਰਵਿਘਨ ਖ੍ਰੀਦ ਕੀਤੀ ਜਾ ਸਕੇ। ਮੀਟਿੰਗ ਵਿਚ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਜਸਵੰਤ ਰਾਏ ਜੈਨ ਨੇ ਮਾਲੇਰਕੋਟਲਾ ਮੰਡੀ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ ਬਸ ਸਟੈਂਡ ਵੱਲ ਤੋਂ ਆਉਂਦੀ ਸੜਕ ਦੀ ਹਾਲਤ ਖਸਤਾ ਹੈ, ਬਾਰਦਾਨਾ ਤੇ ਲੋਡਿੰਗ ਦਾ ਪ੍ਰਬੰਧ ਸਹੀ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਲਈ ਕੰਬਾਇਨਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚੱਲਣਗੀਆਂ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ, ਅਮਰਗੜ੍ਹ ਦੇ ਨਾਇਬ ਤਹਿਸੀਲਦਾਰ ਬਾਦਲਦੀਨ, ਅਹਿਮਦਗੜ੍ਹ ਦੇ ਨਾਇਬ ਤਹਿਸੀਲਦਾਰ ਹਰਮਨੋਹਰ ਸਿੰਘ, ਜਸਵੀਰ ਸਿੰਘ ਬਨਭੋਰਾ ਰੀਡਰ ਐਸ.ਡੀ.ਐਮ. ਮਾਲੇਰਕੋਟਲਾ, ਡੀ.ਐਫ.ਐਸ.ਓ ਕਮਲਜੀਤ ਸਿੰਘ, ਏ.ਐਫ.ਐਸ.ਓ ਸ.ਹਰਪ੍ਰੀਤ ਸਿੰਘ, ਇੰਸਪੈਕਟਰ ਗੁਰਵਿੰਦਰ ਸਿੰਘ ਰਾਣਾ, ਇੰਸਪੈਕਟਰ ਕਮਲਦੀਪ ਸਿੰਘ ਅਤੇ ਇੰਸਪੈਕਟਰ ਗੋਤਮ ਕੁਮਾਰ, ਚਰਨਜੀਤ ਸਿੰਘ ਪਨਸਫ ਤੋਂ, ਵੇਅਰ ਹਾਊਸ ਤੋਂ ਗੁਰਚਰਨਜੀਤ ਸਿੰਘ, ਗੁਰਦੀਪ ਸਿੰਘ ਮਾਰਕਫੈਡ, ਜਰਨੈਲ ਸਿੰਘ ਵੇਅਰ ਹਾਉਸ ਤੋਂ ਇਲਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ, ਮੋਹਿਤ ਅਗਰਵਾਲ, ਸਰਬਜੀਤ ਸਿੰਘ ਆੜਤੀਆ ਆਦਿ ਅਧਿਕਾਰੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media