Thursday, April 30, 2026

ਕ੍ਰਿਕੇਟਰ ਬੇਦੀ, ਸਾਹਨੀ ਤੇ ਛੀਨਾ ਨੇ ਖ਼ਾਲਸਾ ਕਾਲਜ ਦੇ ਖੇਡ ਮੈਦਾਨ ‘ਤੇ ਕੀਤੀ ਵਿਚਾਰ ਚਰਚਾ

ਸ: ਸਾਹਨੀ ਤੇ ਸ: ਬੇਦੀ ਕਾਲਜ ਦੀ ਅਦਭੁੱਤ ਇਮਾਰਤ ਨੂੰ ਵੇਖ ਹੋਏ ਗਦਗਦ

PPN0310201515

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਇਤਿਹਾਸਕ.ਖਾਲਸਾ ਕਾਲਜ ਦੇ ਮੈਨੇਜ਼ਮੈਂਟ ਦਫ਼ਤਰ ਵਿਖੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮਹਾਨ ਕ੍ਰਿਕੇਟਰ ਸ: ਬਿਸ਼ਨ ਸਿੰਘ ਬੇਦੀ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ੍ਰੀ ਸ: ਵਿਕਰਮਜੀਤ ਸਿੰਘ ਸਾਹਨੀ ਨਾਲ ਕਾਲਜ ਦੇ ਖੇਡ ਮੈਦਾਨ ਅਤੇ ਬਾਕੀ ਗਤੀਵਿਧੀਆਂ ਬਾਰੇ ਸਬੰਧੀ ਵਿਚਾਰ-ਚਰਚਾ ਕੀਤੀ। ਖ਼ਾਲਸਾ ਕਾਲਜ ਦੇ ਖੇਡ ਮੈਦਾਨ ਵਿੱਚ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ ਵੱਲੋਂ ਗੈਰ ਸਰਕਾਰੀ ਸੰਸਥਾ ਦੇ ਸਹਿਯੋਗ ਨਾਲ ਕਰਵਾਏ ਗਏ ਨਸ਼ਿਆ ਖਿਲਾਫ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸ: ਬੇਦੀ ਅਤੇ ਸ: ਸਾਹਨੀ ਨੇ ਸਮਾਰੋਹ ਉਪਰੰਤ ਕਾਲਜ ਦਾ ਦੌਰਾ ਕੀਤਾ ਅਤੇ ਸ: ਛੀਨਾ ਨਾਲ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸ: ਬੇਦੀ ਜੋ ਕਿ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਹਨ, ਨੇ ਕਾਲਜ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਕਾਲਜ ਦੇ ਹੋਸਟਲ, ਧਾਰਮਿਕ ਕਲਾਸਾਂ ਅਤੇ ਖੇਡ ਦਾ ਸਮਾਂ ਉਨ੍ਹਾਂ ਲਈ ਅਭੁੱਲ ਤੇ ਅਨਮੋਲ ਹੈ। ਉਨ੍ਹਾਂ ਕਾਲਜ ਦੀ ਅਦਭੁੱਤ ਇਮਾਰਤ ਦਾ ਦੌਰਾ ਵੀ ਕੀਤਾ ਅਤੇ ਉਸਦੀ ਭਵਨ ਕਲਾ ਨਿਰਮਾਣ ਨੂੰ ਸਹਰਾਉਂਦਿਆਂ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਕਾਲ ਵਿੱਚ ਅੱਜ ਤੋਂ ਪਹਿਲਾਂ ਅਜਿਹੇ ਖ਼ੂਬਸੂਰਤ ਤੇ ਦਿਲਕਸ਼ ਇਮਾਰਤ ਪਹਿਲਾਂ ਕਦੇ ਵੀ ਨਹੀਂ ਵੇਖੀ। ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ਵਿੱਚ ਸ: ਬੇਦੀ ਨੇ ਕਾਲਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਉੱਚ ਵਿੱਦਿਅਕ ਸੰਸਥਾ ਕਿਸੇ ਮਹੱਲ ਜਾਂ ਕਿਲੇ ਤੋਂ ਘੱਟ ਨਹੀਂ ਅਤੇ ਇਸ ਵਿੱਦਿਅਕ ਸੰਸਥਾ ਤੋਂ ਕਈ ਚੋਟੀ ਦੇ ਨਾਮਵਰ ਹਸਤੀਆਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।
ਇਸ ਮੌਕੇ ਸ: ਸਾਹਨੀ ਜੋ ਕਿ ਮੰਨ੍ਹੇ-ਪ੍ਰਮੰਨ੍ਹੇ ਉਦਯੋਗਪਤੀ, ਸਿੱਖਿਆ, ਸੁਧਾਰਵਾਦੀ, ਸਮਾਜ ਅਤੇ ਸਮਾਜਿਕ ਕਾਰਕੁੰਨ ਹਨ, ਨੇ ਕਾਲਜ ਦੀ ਇਮਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦਾ ਅਜੋਕਾ ਨੌਜਵਾਨ ਆਪਣੇ ਜੀਵਨ ਦੀ ਸੇਧ ਤੋਂ ਭਟਕ ਕੇ ਨਸ਼ਿਆਂ ਵਿੱਚ ਗਲਤਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਮਕਸਦ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਅਤੇ ਇਸ ਟੀਚੇ ਵਿੱਚ ਖ਼ਾਲਸਾ ਕਾਲਜ ਆਪਣਾ ਅਹਿਮ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਜੋ ਪੰਜਾਬ ਦੀ ਸੱਭਿਅਤਾ ਤੇ ਵਿਰਸੇ ਨੂੰ ਸੰਭਾਲਣ ਵਿੱਚ ਅਹਿਮ ਸਹਿਯੋਗ ਦੇ ਰਿਹਾ ਹੈ, ਦੇ ਵਿਦਿਆਰਥੀ ਦੇਸ਼ ਦੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ ਅਤੇ ਕਈ ਨਾਮਵਰ ਸਖ਼ਸ਼ੀਅਤਾਂ ਗਿਣੇ ਜਾਂਦੇ ਹਨ।
ਇਸ ਮੌਕੇ ਸ: ਬੇਦੀ ਅਤੇ ਸ: ਸਾਹਨੀ ਨੇ ਕਿਹਾ ਕਿ ਕਾਲਜ ਦੇ ਖੇਡ ਮੈਦਾਨ ਨੂੰ ਆਧੁਨਿਕਤਾ ਦੀ ਅਤਿ ਲੋੜ ਹੈ, ਜਿਸ ਲਈ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸਦੇ ਖੇਡ ਮੈਦਾਨ ਵੱਲ ਧਿਆਨ ਦੇਣ ਤਾਂ ਜੋ ਇਸਨੂੰ ਸਹੂਲਤਾਂ ਭਰਪੂਰ ਕਰਕੇ ਚੋਟੀ ਦੇ ਖਿਡਾਰੀ ਜਗ-ਜਾਹਿਰ ਕੀਤੇ ਜਾ ਸਕਦੇ ਹਨ, ਜੋ ਕਿ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਨੌਜਵਾਨਾਂ, ਸੂਬਾ ਅਤੇ ਦੇਸ਼ ਦੀ ਤਰੱਕੀ ਲਈ ਮਾਰਗ ਦਰਸ਼ਕ ਹੋਣਗੇ। ਇਸ ਮੌਕੇ ਸ: ਛੀਨਾ ਨੇ ਸ: ਬੇਦੀ ਅਤੇ ਸ: ਸਾਹਨੀ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਅੰਡਰ ਸੈਕਟਰੀ  ਡੀ. ਐੱਸ. ਰਟੌਲ ਆਦਿ ਮੌਜ਼ੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply