ਰਈਆ, ਜੈਂਤੀਪੁਰ ਤੇ ਪਾਖਰਪੁਰਾ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਰਈਆ, 5 ਅਕਤੂਬਰ (ਬਲਵਿੰਦਰ ਸਿੰਘ ਸੰਧੂ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ ਕੇ ਸੰਧੂ ਨੇ ਅੱਜ ਝੋਨੇ ਦੀ ਖ਼ਰੀਦ ਨਾਲ ਸਬੰਧਤ ਆਹਲਾ ਅਧਿਕਾਰੀਆਂ ਸਮੇਤ ਸਥਾਨਕ ਰਈਆ, ਜੈਂਤੀਪੁਰ ਅਤੇ ਪਾਖਰਪੁਰਾ ਮੰਡੀਆਂ ਦਾ ਦੌਰਾ ਕਰਕੇ 1509 ਬਾਸਮਤੀ ਦੀ ਬੇਰੋਕ ਅਤੇ ਸੁਚੱਜੇ ਢੰਗ ਨਾਲ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਖ਼ਰੀਦ ਏਜੰਸੀਦਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਈਆ ਮੰਡੀ ਤੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਸੰਧੂ ਨੇ ਆੜ੍ਹਤੀਆਂ, ਕਿਸਾਨਾਂ ਅਤੇ ਖ਼ਰੀਦ ਨਾਲ ਸਬੰਧਤ ਅਧਿਕਾਰੀਆਂ ਨਾਲ ਵਿਚਾਰਾ ਕਰਨ ਤੋਂ ਬਾਅਦ ਕਿਹਾ ਕਿ ਸਰਕਾਰ ਕਿਸਾਨਾਂ ਦੇ ਇਕ-ਇਕ ਦਾਣੇ ਦੀ ਸਮੇਂ ਸਿਰ ਖ਼ਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਵੇਗੀ ਕਿਉਂਕਿ ਇਸ ਸਬੰਧੀ ਵਿਸਥਾਰਤ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਆਪਣੀਆਂ ਢੇਰੀਆਂ ਕੋਲ ਬੈਠੇ ਕਿਸਾਨਾਂ ਨਾਲ ਜਾ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਬਾਰੇ ਪੁੱਛਿਆ। ਮੰਡੀ ਬੋਰਡ ਅਧਿਕਾਰੀਆਂ ਨੇ ਸ੍ਰੀ ਸੰਧੂ ਨੂੰ ਜਾਣੂੁ ਕਰਵਾਇਆ ਕਿ ਹੁਣ ਤੱਕ ਕਰੀਬ 80 ਹਜ਼ਾਰ ਟਨ 1509 ਬਾਸਮਤੀ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆ ਚੁੱਕੀ ਹੈ ਜਦਕਿ ਕੁਲ 1.50 ਲੱਖ ਟਨ ਤੋਂ ਵੱਧ ਬਾਸਮਤੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲਿਫਟਿੰਗ ਸ਼ੁਰੂ ਕਰਵਾਉਣ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਝੋਨਾ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ, ਕਿਉਂਕਿ ਵੱਧ ਨਮੀ ਵਾਲੇ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਕਿਹਾ ਕਿ ਉਹ ਜ਼ਿਲ੍ਹੇ ਵਿਚ ਰਾਤ ਨੂੰ ਝੋਨੇ ਦੀ ਕਟਾਈ ਮੁਕੰਮਲ ਤੌਰ ‘ਤੇ ਬੰਦ ਕਰਵਾਉਣ ਨੂੰ ਯਕੀਨੀ ਬਣਾਉਣ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਸ੍ਰੀ ਸੰਧੂ, ਸੀਨੀਅਰ ਆਈ. ਏ. ਐਸ ਅਧਿਕਾਰੀਆਂ, ਜਿਨ੍ਹਾਂ ਵਿਚ ਐਮ. ਡੀ ਮਾਰਕਫੈੱਡ ਸ. ਗੁਰਕੀਰਤ ਕਿਰਪਾਲ ਸਿੰਘ, ਐਮ. ਡੀ ਪਨਸਪ ਕੈਪਟਨ ਪੀ. ਐਸ ਸ਼ੇਰਗਿੱਲ, ਐਮ. ਡੀ ਵੇਅਰਹਾਊਸ ਸ੍ਰੀ ਏ ਐਸ ਬੈਂਸ, ਸਕੱਤਰ ਮੰਡੀ ਬੋਰਡ ਸ੍ਰੀ ਦੀਪਇੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਸ਼ਾਮਿਲ ਸਨ, ਨੇ ਜੈਂਤੀਪੁਰ ਅਤੇ ਪਾਖਰਪੁਰਾ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਮੇਜਰ ਸ਼ਿਵੀ ਉਚੇਚੇ ਤੌਰ ‘ਤੇ ਹਾਜ਼ਰ ਸਨ।
Punjab Post Daily Online Newspaper & Print Media