Friday, March 6, 2026

12400 ਸੈਕੰਡਰੀ ਤੇ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਜਲਦ-ਡਾ. ਚੀਮਾ

ਵਿਸ਼ਵ ਅਧਿਆਪਕ ਦਿਵਸ ਮੌਕੇ ‘ਪ੍ਰਸੰਨਤਾ’ ਵੱਲੋਂ ਡਾ. ਚੀਮਾ ਪੰਜਾਬ ਵਿੱਦਿਆ ਰਤਨ ਨਾਲ ਸਨਮਾਨਿਤ

PPN0610201509ਅੰਮ੍ਰਿਤਸਰ, 5 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ 8700 ਸੈਕੰਡਰੀ ਤੇ ਸੀਨੀਅਰ ਸੈਕੰਡਰੀ ਅਤੇ 3700 ਪ੍ਰਾਇਮਰੀ ਦੀ ਭਰਤੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਸਥਾਨਕ ਬੀ. ਬੀ. ਕੇ ਡੀ ਏ ਵੀ ਕਾਲਜ ਵਿਖੇ ਵਿਸ਼ਵ ਅਧਿਆਪਕ ਦਿਵਸ ਮੌਕੇ ਕਰਵਾਈ ਗਈ ਰਾਜ ਪੱਧਰੀ ਕਨਵੈਨਸ਼ਨ ਮੌਕੇ ਨੈਸ਼ਨਲ ਅਤੇ ਸਟੇਟ ਐਵਾਰਡੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਦਾ ਸੁਪਨਾ ਪੂਰਾ ਕਰਨ ਲਈ ਸੂਬੇ ਦੀ ਅਧਿਆਪਕ ਟ੍ਰੇਨਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਕ ਹਫ਼ਤੇ ਤੱਕ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਲਈ ਇਸ ਮੌਕੇ ਡਾ. ਚੀਮਾ ਨੂੰ ਪੰਜਾਬ ਵਿੱਦਿਆ ਰਤਨ ਐਵਾਡਰ ਨਾਲ ਸਨਮਾਨਿਤ ਕੀਤਾ ਗਿਆ।
ਡਾ. ਚੀਮਾ, ਜਿਹੜੇ ਕਿ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਸਿੱਖਿਆ ਸੁਧਾਰ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਜਲਦ ਹੀ ਪੂਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਪ੍ਰਾਇਮਰੀ ਪੱਧਰ ਦੇ 3700 ਅਧਿਆਪਕਾ ਦੀ ਭਰਤੀ ਲਈ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਅਧਿਆਪਕਾਂ ਦੀ ਭਰਤੀ ਲਈ ਹਫ਼ਤੇ ਦੇ ਅੰਦਰ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅਧਿਆਪਕਾਂ ਦੀ ਟ੍ਰੇਨਿੰਗ ਨੀਤੀ ਜਲਦ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ 498 ਮਾਸਟਰ ਟ੍ਰੇਨਰ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਕੇਵਲ ਬੁਨਿਆਦੀ ਢਾਂਚੇ ਨਾਲ ਹੀ ਨਹੀਂ ਚੱਲਦੇ ਸਗੋਂ ਇਨ੍ਹਾਂ ਲਈ ਕਾਬਲ ਅਧਿਆਪਕਾਂ ਦੀ ਲੋੜ ਹੁੰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਧਿਆਪਕਾਂ ਦੀ ਭਰਤੀ ਲਗਾਤਾਰ ਕੀਤੀ ਜਾਵੇਗੀ ਅਤੇ ਇਸੇ ਲਈ ਹੁਣ 31 ਮਾਰਚ ਨੂੰ ਹੀ ਅਧਿਆਪਕਾਂ ਦੀ ਸੇਵਾਮੁਕਤੀ ਹੋਇਆ ਕਰੇਗੀ, ਜਿਸ ਨਾਲ ਖਾਲੀ ਪੋਸਟਾਂ ਸਬੰਧੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਇਆ ਕਰੇਗੀ। ਉਨ੍ਹਾਂ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿਚ ਸਿੱਖਿਆ ਦੇ ਸੁਧਾਰ ਲਈ ਘੱਟੋ-ਘੱਟ ਇਕ ਸਕੂਲ ਨੂੰ ਜ਼ਰੂਰ ਅਪਨਾਉਣ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਅੱਠਵੀਂ ਜਮਾਤ ਤੱਕ ਬੱਚਿਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਕਾਰਨ ਸਿੱਖਿਆ ਦੇ ਪੱਧਰ ਨੂੰ ਵੱਡੀ ਢਾਹ ਲੱਗੀ ਹੈ, ਇਸ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਐਸ ਸੀ ਈ ਆਰ ਟੀ ਸਕੂਲਾਂ ਵਿਚ ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਆ ਲਿਆ ਕਰੇਗੀ।
ਇਸ ਮੌਕੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਨਾਲ ਰੁ-ਬਰੂ ਹੁੰਦਿਆਂ ਉਨ੍ਹਾਂ ਦੇ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ, ਜਿਨ੍ਹਾਂ ਵਿਚ ਪ੍ਰਾਇਮਰੀ ਸਕੂਲਾਂ ਵਿਚ ਵਿਦਿਆਥੀਆਂ ਦੀ ਘੱਟ ਰਹੀ ਗਿਣਤੀ, ਸਕੂਲਾਂ ਵਿਚ ਨੈਤਿਕ ਸਿੱਖਿਆ ਦੇਣ, ਸਮਾਰਟ ਕਲਾਸਾਂ, ਅਧਿਆਪਕਾਂ ਤੋਂ ਗੈਰ-ਸਿੱਖਿਅਕ ਕੰਮ, ਪ੍ਰਾਇਮਰੀ ਸਕੂਲਾਂ ਵਿੱਚ ਸਫ਼ਾਈ ਅਤੇ ਪ੍ਰੀ-ਨਰਸਰੀ ਕਲਾਸਾਂ, ਐਂਟੀ ਕਾਪੀ ਕੰਪੇਨ, ਸਿੱਖਿਆ ਵਿਭਾਗ ਦੇ ਸਕੂਲਾਂ ਦੀ ਚੈਕਿੰਗ, ਆਰ ਈ ਟੀ ਅਤੇ ਲਾਇਬ੍ਰੇਰੀ ਲਈ ਪੀਰੀਅਡ ਸ਼ੁਰੂ ਕਰਨ ਆਦਿ ਬਾਰੇ ਸਵਾਲ ਸ਼ਾਮਿਲ ਸਨ। ਪੰਜਾਬ ਰਿਜ਼ਨ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਪ੍ਰਸੰਨਤਾ) ਵੱਲੋਂ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ( ਐਸ. ਸੀ. ਈ. ਆਰ. ਟੀ) ਵੱਲੋਂ ਕਰਵਾਈ ਗਈ ਇਸ ਕਨਵੈਨਸ਼ਨ ਦੌਰਾਨ ਵੱਖ-ਵੱਖ ਸ਼ਖਸੀਅਤਾਂ ਨੇ ‘ਪੰਜਾਬ ਦੇ ਚਿਰਸਥਾਈ ਵਿਕਾਸ ਲਈ ਸਿੱਖਿਆ ਦਾ ਯੋਗਦਾਨ’ ਵਿਸ਼ੇ ‘ਤੇ ਵਿਸਥਾਰ ਨਾਲ ਆਪਣੇ ਵਿਚਾਰ ਰੱਖੇ, ਜਿਨ੍ਹਾਂ ਵਿਚ ਚੇਅਰਮੈਨ ‘ਪ੍ਰਸੰਨਤਾ’ ਅਤੇ ਡਾਇਰੈਕਟਰ ਐਸ ਸੀ ਈ ਆਰ ਟੀ ਸ. ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਐਸ ਸੀ ਈ ਆਰ ਟੀ ਮੈਡਮ ਸ਼ਰੂਤੀ ਸ਼ੁਕਲਾ, ਡਾਇਰੈਕਟਰ ਐਲੀਮੈਂਟਰੀ ਸਿੱਖਿਆ ਸ. ਹਰਬੰਸ ਸਿੰਘ ਸੰਧੂ, ਡਾ ਪਰਮਜੀਤ ਸਿੰਘ ਕਲਸੀ, ਪ੍ਰਿੰਸੀਪਲ ਨਰੇਸ਼ ਗੌਤਮ, ਸ. ਸੁਖਦੇਵ ਸਿੰਘ ਸੰਧਾਵਾਲੀਆ, ਸ. ਨਰਿੰਦਰ ਸਿੰਘ ਅਤੇ ਹੋਰ ਸ਼ਖਸੀਅਤਾਂ ਸ਼ਾਮਿਲ ਸਨ।  ਇਸ ਮੌਕੇ ਐਸ. ਡੀ. ਐਮ ਸ੍ਰੀ ਰਜਤ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ (ਸੈਕੰਡਰੀ) ਸ. ਸਤਿੰਤਦਰਬੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ (ਐਲੀਮੈਂਟਰੀ) ਸ. ਜੁਗਰਾਜ ਸਿੰਘ ਰੰਧਾਵਾ, ਪ੍ਰਿੰਸੀਪਲ ਬੀ ਬੀ ਕੇ ਡੀ ਏ ਵੀ ਕਾਲਜ ਮੈਡਮ ਨੀਲਮ ਕਾਮਰਾ, ਅਕਾਲੀ ਜਥਾ ਅੰਮ੍ਰਿਤਸਰ ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਜਾਪ ਸਿੰਘ, ‘ਪ੍ਰਸੰਨਤਾ’ ਦੇ ਪ੍ਰਧਾਨ ਸ੍ਰੀ ਰੌਸ਼ਨ ਖੇੜਾ, ਜਨਰਲ ਸਕੱਤਰ ਡਾ ਪਰਮਜੀਤ ਸਿੰਘ ਕਲਸੀ, ਵਾਈਸ ਚੇਅਰਮੈਨ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਤੋਂ ਇਲਾਵਾ ਮੰਡਲ ਸਿੱਖਿਆ ਅਫ਼ਸਰ ਅਤੇ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਸੰਨਤਾ ਦੇ ਅਹੁਦੇਦਾਰ ਅਤੇ ਸਕੂਲ ਮੁਖੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply