Friday, March 6, 2026

ਪੰਜਾਬ ਵਾਸੀਆਂ ਨੂੰ ਅਪੀਲ ਨਾ ਗੰਦਗੀ ਫੈਲਾਓ, ਨਾ ਲੋਕਾਂ ਨੂੰ ਫੈਲਾਉਣ ਦਿਓ

ਜ਼ੋਸ਼ੀ ਵੱਲੋਂ ‘ਰਨ ਫਾਰ ਸਵੱਛ ਅੰਮ੍ਰਿਤਸਰ’ ਨੂੰ ਝੰਡੀ ਦੇ ਕੇ ਕੀਤਾ ਰਵਾਨਾ
ਲੋਕਾਂ ਨੇ ਲਿਆ ਅਹਿਦ, ਜ਼ੋਸ਼ੀ ਵੱਲੋਂ ਸਮਾਰਟ ਸਿਟੀ ਦੀ ਵੈਬਸਾਈਟ ਦੀ ਸ਼ੁਰੂਆਤ

PPN0610201510ਅੰਮ੍ਰਿਤਸਰ, 5 ਅਕਤੂਬਰ (ਗੁਰਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੋਂ ਪੰਜਾਬ ਵਾਸੀਆਂ ਨੂੰ ਇਕ ਭਾਵੁਕ ਅਪੀਲ ਰਾਹੀਂ ਸੱਦਾ ਦਿੱਤਾ ਕਿ ਉਹ ਸਵੱਛ ਭਾਰਤ ਮਿਸ਼ਨ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਜੂਝ ਜਾਣ ਅਤੇ ਤਹੱਈਆ ਕਰਨ ਕਿ ਨਾ ਉਹ ਖ਼ੁਦ ਗੰਦਗੀ ਫੈਲਾਉਣਗੇ ਤੇ ਨਾ ਹੀ ਕਿਸੇ ਨੂੰ ਫੈਲਾਉਣ ਦੇਣਗੇ।  ਕੌਮੀ ਸੈਨੀਟੇਸ਼ਨ ਅਤੇ ਸਫ਼ਾਈ ਮੁਹਿੰਮ ਤਹਿਤ ਕਰੀਬ 1000 ਤੋਂ ਵੱਧ ਲੋਕਾਂ, ਜੋ ਕਿ ਸਫ਼ੈਦ ਟੀ-ਸ਼ਰਟਾਂ ਅਤੇ ਟੋਪੀਆਂ ਪਹਿਨੇ ਸਵੱਛ ਭਾਰਤ ਦਾ ਸੁਨੇਹਾ ਦੇ ਰਹੇ ਸਨ, ਨੂੰ ਸਥਾਨਕ ਕੰਪਨੀ ਬਾਗ ਤੋਂ ‘ਰਨ ਫਾਰ ਸਵੱਛ ਅੰਮ੍ਰਿਤਸਰ’ ਤਹਿਤ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾਂ ਸ੍ਰੀ ਜੋਸ਼ੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਸਮਾਜ ਦੇ ਵੱਖ-ਵੱਖ ਵਰਗਾਂ, ਨੌਜਵਾਨਾਂ ਅਤੇ ਖਾਸ ਕਰ ਵਿਦਿਆਰਥੀਆਂ ਦੀ ਅਸਰਦਾਰ ਸ਼ਮੂਲੀਅਤ ਤੋਂ ਬਿਨਾਂ ਸਫਲ ਕਰਨਾ ਸੌਖਾ ਨਹੀਂ ਹੈ, ਜਿਸ ਕਰਕੇ ਹਰ ਇਕ ਨਾਗਰਿਕ ਨੂੰ ਖ਼ੁਦ ਜਾਗਰੂਕ ਹੋਣ ਦੇ ਨਾਲ-ਨਾਲ ਸਮੂਹ ਸਮਾਜਿਕ, ਧਾਰਮਿਕ, ਸਿਆਸੀ ਜਥੇਬੰਦੀਆਂ ਤੋਂ ਇਲਾਵਾ ਵਿਦਿਅਕ ਅਦਾਰਿਆਂ, ਸਵੈ-ਸੇਵੀ ਸੰਸਥਾਵਾਂ ਦੇ ਭਰਵੇਂ ਯੋਗਦਾਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਮੁੱਖ ਤਰਜੀਹ ਹੋਣੀ ਚਾਹੀਦੀ ਹੈ ਕਿ ਨਾ ਅਸੀਂ ਖ਼ੁਦ ਗੰਦਗੀ ਫੈਲਾਵਾਂਗੇ ਤੇ ਨਾ ਹੀ ਕਿਸੇ ਹੋਰ ਨੂੰ ਫੈਲਾਉਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਢੰਗ-ਤਰੀਕਿਆਂ ਰਾਹੀਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਉਤੇ ਹਰ ਇਕ ਨਾਗਰਿਕ ਨੂੰ ਗਹੁ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਗਰੂਕਤਾ ਨੂੰ ਹਰ ਗਲੀ, ਮੁਹੱਲੇ ਤੱਕ ਪਹੁੰਚਾਉਣ ਤਾਂ ਜੋ ਸਵੱਛ ਭਾਰਤ ਦੀ ਦੂਜੀ ਵਰ੍ਹੇਗੰਢ ਤੱਕ ਲਾਮਿਸਾਲ ਨਤੀਜੇ ਸਾਹਮਣੇ ਆ ਸਕਣ। ਸ੍ਰੀ ਜੋਸ਼ੀ ਨੇ ਮੌਕੇ ‘ਤੇ ਮੌਜੂਦ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਗੰਦਗੀ ਫੈਲਾਉਣ ਵਾਲੇ ਖਿਲਾਫ਼ ਸ਼ਿਕਾਇਤ ਉਨ੍ਹਾਂ ਕੋਲ ਆਵੇ ਤਾਂ ਉਸ ‘ਤੇ ਢੁਕਵੀਂ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।  ਸ਼ਹਿਰ ਵਾਸੀਆਂ ਨੂੰ ਗੰਦਗੀ ਖਿਲਾਫ਼ ਅਤੇ ਸਵੱਛ ਭਾਰਤ ਲਈ ਡਟਣ ਦੀ ਸਹੁੰ ਚੁਕਾਉਂਦਿਆਂ ਸ੍ਰੀ ਜੋਸ਼ੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਨਸ਼ੇ ਨਾਲ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਏ ਗਏ ਇਕ ਗੀਤ ਦੀ ਸੀ. ਡੀ ਅਤੇ ਗੱਡੀਆਂ ਉਤੇ ਲਾਉਣ ਲਈ ਸਵੱਛ ਭਾਰਤ ਦੇ ਸਟਿੱਕਰ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਸਟਿੱਕਰ ਹਰ ਗੈਸ ਏਜੰਸੀ ਨੂੰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਹਰ ਸਿਲੰਡਰ ਰਾਹੀਂ ਗੰਦਗੀ ਖਿਲਾਫ਼ ਸੁਨੇਹਾ ਘਰ-ਘਰ ਪਹੁੰਚਾਇਆ ਜਾ ਸਕੇ। ਇਸੇ ਦੌਰਾਨ ਸ੍ਰੀ ਜੋਸ਼ੀ ਨੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਵਿਸ਼ੇਸ਼ ਵੈੱਬਸਾਈਟ ਦੀ ਵੀ ਸ਼ੁਰੂਆਤ ਕੀਤੀ।  ਸ੍ਰੀ ਜੋਸ਼ੀ ਨੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਕਮਿਸ਼ਨਰ ਨਗਰ ਨਿਗਮ ਸ੍ਰੀ ਪ੍ਰਦੀਪ ਸੱਭਰਵਾਲ, ਕੌਂਸਲਰਾਂ, ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ, ਸ਼ਹਿਰ ਦੀਆ ਉੱਘੀਆਂ ਸ਼ਖਸੀਅਤਾਂ ਸਮੇਤ 1000 ਤੋਂ ਵੱਧ ਸਕੂਲੀ ਵਿਦਿਆਰਥੀਆਂ, ਜਿਨ੍ਹਾਂ ਦੇ ਹੱਥਾਂ ਵਿਚ ਸਵੱਛ ਭਾਰਤ ਨੂੰ ਹੁਲਾਰਾ ਦੇਣ ਸਬੰਧੀ ਤਖਤੀਆਂ ਫੜੀਆਂ ਹੋਈਆਂ ਸਨ, ਨੂੰ ਹਰੀ ਝੰਡੀ ਦੇ ਕੇ ਕੰਪਨੀ ਬਾਗ ਤੋਂ ਗੁਰੂ ਨਾਨਕ ਸਟੇਡੀਅਮ ਲਈ ਰਵਾਨਾ ਕੀਤਾ। ਸ੍ਰੀ ਜੋਸ਼ੀ ਨੇ ਹਾਜ਼ਰ ਵਿਦਿਆਰਥੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਸਵੱਛ ਭਾਰਤ ਮਿਸ਼ਨ ਦਾ ਸੁਨੇਹੇ ਨੂੰ ਆਪਣੇ ਸਕੂਲਾਂ, ਘਰਾਂ, ਗਲੀਆਂ ਅਤੇ ਮੁਹੱਲਿਆਂ ਆਦਿ ਵਿਚ ਪੁੱਜਦਾ ਕਰਨ।  ਸ੍ਰੀ ਜੋਸ਼ੀ ਨੇ ਕਮਿਸ਼ਨਰ ਨਗਰ ਨਿਗਮ ਨੂੰ ਕਿਹਾ ਕਿ ਉਹ ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੜਕਾਂ ‘ਤੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਛੇੜਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਘਰਾਂ ਦੇ ਬਾਹਰ ਅਤੇ ਸੜਕਾਂ ‘ਤੇ ਉਸਾਰੀ ਦੌਰਾਨ ਮਲਬਾ ਸੁੱਟ ਕੇ ਆਵਾਜਾਈ ਵਿੱਚ ਵਿਘਨ ਪਾਉਣ ਤੋਂ ਗੁਰੇਜ ਕਰਨ।  ਨਗਰ ਨਿਗਮ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਸ੍ਰੀ ਜੋਸ਼ੀ ਵੱਲੋਂ ਸਵੱਛ ਭਾਰਤ ਮਿਸ਼ਨ ਨੂੰ ਪੂਰੀ ਗੰਭੀਰਤਾ ਨਾਲ ਲਏ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਗਮ ਵੱਲੋਂ ਮਿਸ਼ਨ ਨੂੰ ਕਾਮਯਾਬ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਛੱਡੀ ਜਾਵੇਗੀ।  ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਨੇ ਕਿਹਾ ਕਿ ‘ਰਨ ਫਾਰ ਸਵੱਛ ਅੰਮ੍ਰਿਤਸਰ’ ਸ਼ਹਿਰ ਵਾਸੀਆਂ ਵਿਚ ਸਵੱਛ ਭਾਰਤ ਪ੍ਰਤੀ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਗੰਦਗੀ ਖਿਲਾਫ਼ ਇਕ ਲਹਿਰ ਪੈਦਾ ਕਰਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਮੁਢਲਾ ਕਦਮ ਜਾਗਰੂਕਤਾ ਪੈਦਾ ਕਰਨੀ ਹੈ, ਜਿਸ ਲਈ ਨਗਰ ਨਿਗਮ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲ ਮੁਖੀ, ਵਿਦਿਆਰਥੀ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply