Sunday, April 5, 2026

ਬਾਜਵਾ ਨੇ ਕੀਟਨਾਸ਼ਕ ਘੁਟਾਲੇ ਵਿੱਚ ਬਾਦਲ ਦੇ ਅਸਤੀਫੇ ਤੇ ਤੋਤਾ ਸਿੰਘ ਦੀ ਗ੍ਰਿਫਤਾਰੀ ਦੀ ਕੀਤੀ ਮੰਗ

ਬਹੁ ਕਰੋੜੀ ਕੀਟਨਾਸ਼ਕ ਘੁਟਾਲੇ ਵਿੱਚ ਸੀ.ਬੀ.ਆਈ ਜਾਂਚ ਦੀ ਮੰਗ

PPN0610201505

ਬਠਿੰਡਾ, 6 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਘਟੀਆ ਕੀਟਨਾਸ਼ਕ ਘੁਟਾਲੇ, ਜਿਸਨੇ ਸੂਬੇ ਨੂੰ ਤਬਾਹ ਕਰ ਦਿੱਤਾ ਹੈ, ਦੇ ਮਾਮਲੇ ਵਿੱਚ ਅਪਰਾਧਿਕ ਸ਼ਮੂਲਿਅਤ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਸਤੀਫੇ ਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਘੁਟਾਲੇ ਵਿੱਚ ਮੁੱਖ ਮੰਤਰੀ ਦਫਤਰ ਦੇ ਵੀ ਸ਼ਾਮਿਲ ਹੋਣ ਕਾਰਨ ਇਸਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਸਿਰਫ ਇਕ ਬਲੀ ਦਾ ਬੱਕਰਾ ਬਣਾਇਆ ਗਿਆ ਹੈ, ਤਾਂ ਜੋ ਵੱਡੇ ਅਫਸਰਾਂ ਨੂੰ ਬਚਾਇਆ ਜਾ ਸਕੇ, ਪਰ ਇਸ ਘੁਟਾਲੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।ਇਥੇ ਜ਼ਾਰੀ ਬਿਆਨ ਵਿੱਚ ਬਾਜਵਾ ਨੇ ਕਿਹਾ ਕਿ ਸਿਰਫ ਸੰਧੂ ਦੀ ਗ੍ਰਿਫਤਾਰੀ ਬਹੁਤ ਨਹੀਂ ਹੈ, ਕਿਉਂਕਿ ਦੋਵੇਂ ਬਾਦਲ ਤੇ ਤੋਤਾ ਸਿੰਘ ਇਸ ਮਾਮਲੇ ਵਿੱਚ ਬਰਾਬਰ ਦੇ ਦੋਸ਼ੀ ਹਨ।ਉਨ੍ਹਾਂ ਨੇ ਕਿਹਾ ਕਿ 33 ਕਰੋੜ ਰੁਪਏ ਦੇ ਘਟੀਆ ਕੀਟਨਾਸ਼ਕਾਂ ਦੀ ਖ੍ਰੀਦ ਇਸ ਘੁਟਾਲੇ ਦਾ ਸਿਰਫ ਇਕ ਪੱਖ ਹੈ, ਜਦਕਿ ਇਸ ਨਾਲ ਕਰੀਬ 5000 ਕਰੋੜ ਰੁਪਏ ਦਾ ਸੂਬੇ ਨੂੰ ਵੱਡਾ ਨੁਕਸਾਨ ਹੋਇਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਾਦਲ ਤੋਂ ਸਵਾਲ ਕੀਤਾ ਹੈ ਕਿ ਕਿਉਂ ਤੋਤਾ ਨੂੰ ਬੇਨਿਯਮੀਆਂ ਵਰਤਣ ਦੇ ਦੋਸ਼ ਵਿੱਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮੁੜ ਕੈਬਿਨੇਟ ਵਿੱਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਾਰਤੀ ਜਨਤਾ ਪਾਰਟੀ ਦੇ ਉਸ ਕੇਂਦਰੀ ਮੰਤਰੀ ਦਾ ਨਾਂ ਦੱਸਣ ਲਈ ਕਿਹਾ ਹੈ, ਜਿਸਦੀ ਸਿਫਾਰਿਸ਼ ‘ਤੇ ਤੋਤਾ ਸਿੰਘ ਨੂੰ ਵਾਪਿਸ ਲਿਆ ਗਿਆ ਸੀ। ਨਰਮੇ ਦੇ ਖੇਤਰ ਦਾ ਦੌਰਾ ਕਰ ਰਹੇ ਬਾਜਵਾ ਨੇ ਕਿਹਾ ਕਿ ਹੈਰਾਨੀਜਨਕ ਹੈ ਕਿ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਾਂ ਨੂੰ ਕੁਝ ਨਹੀਂ ਹੋਇਆ ਤੇ ਉਥੇ ਸ਼ਾਨਦਾਰ ਫਸਲ ਹੋਈ ਹੈ। ਇਥੋਂ ਤੱਕ ਕਿ ਪੰਜਾਬ ਦੇ ਅਗਲੇ ਪਿੰਡਾਂ ਦਾ ਨਰਮਾ ਵਧੀਆ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੱਭ ਘਟੀਆ ਕੀਟਨਾਸ਼ਕਾਂ ਨੂੰ ਸਪ੍ਰੇ ਕਰਨ ਨਾਲ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਨਰਮੇ ਦੀ ਖੇਤੀ ਅਧੀਨ ਪੰਜਾਬ ਦੀ 12 ਲੱਖ ਏਕੜ ਜ਼ਮੀਨ ਵਿੱਚੋਂ 9 ਲੱਖ ਏਕੜ ਜ਼ਮੀਨ ਦਾ ਨੁਕਸਾਨ ਹੋ ਚੁੱਕਾ ਹੈ, ਜੋ ਕਰੀਬ 5000 ਕਰੋੜ ਰੁਪਏ ਦਾ ਨੁਕਸਾਨ ਹੈ। ਇਸ ਦੇ ਮੁਕਾਬਲੇ ਸੂਬਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਮੁਆਵਜ਼ਾ ਬਹੁਤ ਘੱਟ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦਫਤਰ ਨਾਲ ਸਬੰਧ ਇਕ ਅਫਸਰ ਦੀ ਇਸ ਘੁਟਾਲੇ ਵਿੱਚ ਸ਼ਮੂਲਿਅਤ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਇਸ ਘੁਟਾਲੇ ਦੀ ਜਾਂਚ ਸੀ.ਬੀ.ਆਈ ਹਵਾਲੇ ਕੀਤੇ ਜਾਣ ‘ਤੇ ਜ਼ੋਰ ਦਿੱਤਾ, ਨਹੀਂ ਤਾਂ ਸਿਆਸੀ ਅਗਵਾਈ ਦੀ ਜਾਂਚ ਨਹੀਂ ਹੋ ਸਕੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤ ਮਜ਼ਦੂਰ ਨੂੰ ਪਰਿਵਾਰ ਦੇ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 5000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨਾਂ ਲਈ 51000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਲੈਣ ਲਈ ਕਿਹਾ, ਜਦਕਿ ਯੂ.ਪੀ.ਏ ਵੇਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਉਦੇਸ਼ ਲਈ 42,000 ਕਰੋੜ ਰੁਪਏ ਜ਼ਾਰੀ ਕੀਤੇ ਸਨ। ਉਨ੍ਹਾਂ ਨੇ ਬਾਦਲ ਨੂੰ ਭਰੋਸਾ ਦਿੱਤਾ ਕਿ ਜੇ ਉਹ ਮੁਆਵਜ਼ੇ ਦੇ ਪੈਕੇਜ ਦੀ ਮੰਗ ‘ਤੇ ਜੋਰ ਦੇਣ ਲਈ ਦਿੱਲੀ ਵਿੱਚ ਧਰਨਾ ਦਿੰਦੇ ਹਨ, ਤਾਂ ਸੂਬਾ ਕਾਂਗਰਸ ਉਨ੍ਹਾਂ ਦਾ ਪੂਰੀ ਤਰ੍ਹਾਂ ਸਮਰਥਨ ਕਰੇਗੀ। ਉਨ੍ਹਾਂ ਨੇ ਐਫ.ਸੀ.ਆਈ ਨੂੰ ਤੋੜੇ ਜਾਣ ਤੇ ਐਮ.ਐਸ.ਪੀ ਸਿਸਟਮ ਨੂੰ ਬੰਦ ਕੀਤੇ ਜਾਣ ਦੇ ਪ੍ਰਸਤਾਅ ਦਾ ਵਿਰੋਧ ਕੀਤਾ। ਜਦਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਨੇ ਬਾਸਮਤੀ ਦੇ 5000 ਰੁਪਏ ਪ੍ਰਤੀ ਕੁਇੰਟਲ ਮੁੱਲ ਦੀ ਮੰਗ ਕੀਤੀ। ਅਗਾਮੀ ਨਿਵੇਸ਼ ਸਮਿਟ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਾਲੇ ਵਿੱਚ ਹੋਈਆਂ ਆਰ.ਆਰ.ਆਈ, ਨਿਵੇਸ਼ ਤੇ ਖੇਤੀਬਾੜੀ ਸਮਿਟਾਂ ‘ਤੇ ਸਵਾਲ ਕੀਤਾ। ਜਦਕਿ ਐੋਸੋਚੇਮ ਦੀ ਰਿਪੋਰਟ ਮੁਤਾਬਿਕ ਸੂਬੇ ਵਿੱਚ ਨਿਵੇਸ਼ ਨੂੰ 2007 ਵਿੱਚ 36650 ਕਰੋੜ ਤੋਂ ਘੱਟ ਕੇ 2014 ਵਿੱਚ 2600 ਕਰੋੜ ਨੂੰ ਪਹੁੰਚ ਚੁੱਕਾ ਹੈ, ਜੋ 93 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਹੈ। ਇਸ ਮੌਕੇ ਉਹ ਸਵ. ਕੁਲਦੀਪ ਸਿੰਘ ਮਾਨ ਸਪੁੱਤਰ ਥਾਣਾ ਸਿੰਘ, ਨਿਵਾਸੀ ਚੁੱਗਾ ਕਲਾਂ ਦੇ ਭੋਗ ਸਮਾਰੋਹ ਵਿੱਚ ਵੀ ਸ਼ਾਮਿਲ ਹੋਏ, ਜਿਸ ਨੇ ਹਾਲੇ ਹੀ ਵਿੱਚ ਪ੍ਰਦਰਸ਼ਨ ਦੌਰਾਨ ਆਤਮ ਹੱਤਿਆ ਕਰ ਲਈ ਸੀ। ਉਨ੍ਹਾਂ ਪੀੜਤ ਪਰਿਵਾਰ ਨੂੰ 51000 ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਵੀ ਐਲਾਨ ਕੀਤਾ। ਬਾਅਦ ਵਿੱਚ ਉਹ ਸੁਖਮਿੰਦਰ ਸਿੰਘ ਸਪੁੱਤਰ ਲਾਭ ਸਿੰਘ ਨਿਵਾਸੀ ਪਿੰਡ ਬੇਹਮਾਨ ਦੀਵਾਨਾ ਦੇ ਘਰ ਵੀ ਗਏ, ਜਿਥੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਆਪਣੀ ਦਿੱਲੀ ਹਮਦਰਦੀ ਪ੍ਰਗਟਾਈ।
ਇਸ ਮੌਕੇ ਅਜੀਤ ਇੰਦਰ ਸਿੰਘ ਮੋਫਰ ਵਿਧਾਇਕ, ਸੁਰਿੰਦਰ ਪਾਲ ਸਿੰਘ ਸੀਬੀਆ, ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਮੱਖਣ ਸਿੰਘ ਸਾਬਕਾ ਵਿਧਾਇਕ, ਇੰਦਰਜੀਤ ਸਿੰਘ ਜ਼ੀਰਾ, ਚੇਅਰਮੈਨ ਕਿਸਾਨ ਖੇਤ ਮਜ਼ਦੂਰ ਸੈੱਲ ਪ੍ਰਦੇਸ਼ ਕਾਂਗਰਸ, ਕੰਵਲਜੀਤ ਸਿੰਘ ਲਾਲੀ ਸਾਬਕਾ ਵਿਧਾਇਕ, ਫਤਹਿ ਜੰਗ ਸਿੰਘ ਬਾਜਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਬਿੰਦਰ ਸਿੰਘ ਅਟਵਾਲ ਸਾਬਕਾ ਵਿਧਾਇਕ, ਗੂਰਾ ਸਿੰਘ ਤੁੰਗਵਾਲੀ ਸਾਬਕਾ ਵਿਧਾਇਕ ਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ, ਅਸ਼ੋਕ ਕੁਮਾਰ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ, ਪਵਨ ਗਰਗ ਮੈਨੀ, ਖੁਸ਼ਬਾਜ ਜਟਾਨਾ, ਟਹਿਲ ਸਿੰਘ ਸੰਧੂ, ਬਲਵਿੰਦਰ ਸਿੰਘ ਬਿੰਦਾ, ਸਤਨਾਮ ਬਿੱਟਾਂ, ਅਨਿਲ ਦੱਤਾ, ਰਾਜ ਲੰਬੜਦਾਰ, ਅਮਰਜੀਤ ਸਿੰਘ ਬੀਜਾਪੁਰ ਪ੍ਰਧਾਨ ਬਲਾਕ ਕਾਂਗਰਸ ਧਰਮਕੋਟ, ਰਵਿੰਦਰ ਚੌਧਰੀ, ਜਸਵਿੰਦਰ ਸਿੰਘ ਸੀਖਾਂਵਾਲਾ ਵੀ ਮੌਜ਼ੂਦ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply