
ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਲਕ ਪਲਾਂਟ ਵੇਰਕਾ ਵੱਲੋਂ ਬੱਚਿਆਂ ਦੀ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦਿਆਂ ਹਫ਼ਤੇ ਦੇ ਹਰੇਕ ਬੁੱਧਵਾਰ ਨੂੰ ਸਕੂਲੀ ਬੱਚਿਆਂ ਦਾ ਦੌਰਾ ਕਰਵਾਉਣ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਸਕੂਲੀ ਬੱਚਿਆਂ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਰੀਰਕ ਲੋੜ ਬਾਰੇ ਜਾਗਰੂਕ ਕਰਨਾ ਅਤੇ ਜੰਗ ਫੂਡ ਅਤੇ ਕੋਲਡ ਡਰਿੰਕਸ ਆਦ ਦੇ ਦੁਰਪ੍ਰਭਾਵਾਂ ਤੋਂ ਜਾਣੂ ਕਰਵਾਉਣਾਂ ਹੈ, ਤਾਂ ਜੋ ਤੰਦਰੁਸਤ ਬੱਚਿਆਂ ਰਾਹੀਂ ਸਿਹਤਮੰਤ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸੇ ਮੁਹਿੰਮ ਤਹਿਤ ਅੱਜ ਖਾਲਸਾ ਕਾਲਜ ਪਬਲਿਕ ਸਕੂਲ, ਅੰਮ੍ਰਿਤਸਰ ਅਤੇ ਡੀ. ਏ. ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਤਕਰੀਬਨ 100 ਬੱਚਿਆਂ ਵੱਲੋਂ ਅਧਿਆਪਕਾਂ ਸਮੇਤ ਮਿਲਕ ਪਲਾਂਟ ਵੇਰਕਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮਿਲਕ ਪਲਾਂਟ ਦੇ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਪਲਾਂਟ ਦਾ ਦੌਰਾ ਕਰਵਾਉਣ ਤੋਂ ਇਲਾਵਾ ਦੁੱਧ ਅਤੇ ਦੁੱਧ ਪਦਾਰਥਾਂ ਵਿਚ ਮੌਜੂਦ ਸਿਹਤ ਲਈ ਜ਼ਰੂਰੀ ਤੱਤਾਂ ਅਤੇ ਵਿਟਾਮਿਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜੰਕ ਫੂਕ ਦੇ ਦੁਰ-ਪ੍ਰਭਾਵਾਂ ਅਤੇ ਇਨ੍ਹਾਂ ਦੀ ਵਰਤੋਂ ਬੰਦ ਕਰਕੇ ਵੱਧ ਤੋਂ ਵੱਧ ਦੁੱਧ ਪਦਾਰਥਾਂ ਦੇ ਸੇਵਨ ਨੂੰ ਤਰਜੀਹ ਦੇਣ ਨੂੰ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਆਏ ਹੋਏ ਬੱਚਿਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਇਸ ਦੌਰਾਨ ਮਿਲਕ ਪਲਾਂਟ ਵੇਰਕਾ ਦੇ ਮਕਸਦ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਮਿਲਕ ਪਲਾਂਟ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਦਲਜੀਤ ਸਿੰਘ, ਉੱਤਮ ਕੁਮਾਰ, ਆਰ ਕੇ ਸੋਨੀ, ਬਲਬੀਰ ਸਿੰਘ, ਲਖਬੀਰ ਸਿੰਘ, ਪ੍ਰੀਤਪਾਲ ਸਿੰਘ, ਗੁਰਦੇਵ ਸਿੰਘ, ਪਾਰਿਤੋਸ਼ ਮਿਸ਼ਰਾ, ਵੀ ਕੇ ਗੁਪਤਾ ਅਤੇ ਸੰਦੀਪ ਸਿੰਘ ਹਾਜ਼ਰ ਸਨ।
Punjab Post Daily Online Newspaper & Print Media