
ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਹੁਨਰ ਵਿਕਾਸ ਮੁਹਿੰਮ ਨੂੰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਥੇ ਹੁਣ ਤੱਕ ਕਰੀਬ 2000 ਨੌਜਵਾਨ ਕਿੱਤਾਮੁਖੀ ਟ੍ਰੇਨਿੰਗ ਹਾਸਲ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋ ਚੁੱਕੇ ਹਨ। ਇਸੇ ਮੁਹਿੰਮ ਤਹਿਤ ਜ਼ਿਲ੍ਹੇ ਦੇ 250 ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਤਿੰਨ ਤੋਂ ਚਾਰ ਮਹੀਨੇ ਦੀ ਮੁਫ਼ਤ ਟ੍ਰੇਨਿੰਗ ਦੇਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਸਰਟੀਫਿਕੇਟ, ਟੂਲ ਕਿੱਟਾਂ ਅਤੇ ਵਜੀਫੇ ਦੇ ਚੈਕ ਤਕਸੀਮ ਕੀਤੇ ਗਏ।
ਇਸ ਸਬੰਧੀ ਸਥਾਨਕ ਬੱਚਤ ਭਵਨ ਵਿਖੇ ਕਰੀਬ 3 ਘੰਟੇ ਚੱਲੇ ਪ੍ਰਭਾਵਸ਼ਾਲੀ ਸਮਾਗਮ ਦੀ ਆਰੰਭਤਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕੀਤੀ ਜਦਕਿ ਸਮਾਪਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਨੇ ਕੀਤਾ। ਸ. ਲੋਪੋਕੇ ਅਤੇ ਸ੍ਰੀ ਰਵੀ ਭਗਤ ਨੇ ਕਾਮਯਾਬ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸਰਟੀਫਿਕੇਟ, ਟੂਲ ਕਿੱਟਾਂ ਅਤੇ ਵਜੀਫੇ ਦੇ ਚੈਕ ਤਕਸੀਮ ਕੀਤੇ। ਇਸ ਮੌਕੇ ਅਰਥ ਅਤੇ ਅੰਕੜਾ ਸੰਗਠਨ, ਪੰਜਾਬ ਦੇ ਡਾਇਰੈਕਟਰ ਸ੍ਰੀ ਤੀਰਥ ਸਿੰਘ, ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਦੇ ਏ. ਜੀ. ਐਮ ਸ੍ਰੀ ਵਿਜੇ ਅਰੋੜਾ, ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਦੇ ਖੋਜ ਅਫ਼ਸਰ ਸ. ਚਰਨਜੀਤ ਸਿੰਘ, ਨਿਟਕੋਨ ਦੇ ਮੈਨੇਜਰ ਸ੍ਰੀ ਸੁਨੀਲ ਕੁਮਾਰ ਅਤੇ ਭਾਰਤ ਸਰਕਾਰ ਦੇ ਅਦਾਰੇ ਰੂਰਲ ਇਲੈਕਟ੍ਰੀਫਿਕਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਸ੍ਰੀ ਵਾਈ. ਕੇ ਖੰਨਾ ਤੇ ਸ੍ਰੀ ਪਵਨ ਪੁਰੀ ਹਾਜ਼ਰ ਸਨ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ ਤਹਿਤ ਸਰਹੱਦੀ ਖੇਤਰ ਦੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਕਿੱਤਾਮੁਖੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਜੋ ਕਿ ਹੁਨਰ ਵਿਕਾਸ ਪ੍ਰੋਗਰਾਮ ਸਬੰਧੀ ਨੀਤੀ ਆਯੋਗ ਭਾਰਤ ਸਰਕਾਰ ਵਿਚ ਬਤੌਰ ਕਨਵੀਨਰ ਹਨ, ਦਾ ਇਕ ਸੁਪਨਈ ਪ੍ਰਾਜੈਕਟ ਹੈ ਜਿਸ ਤਹਿਤ ਸਰਹੱਦੀ ਇਲਾਕੇ ਦੇ ਨੌਜਵਾਨਾਂ ਲਈ ਹੁਨਰ ਵਿਕਾਸ ਉਨਤ ਕਰਨ ਹਿੱਤ ਬੱਜਟ ਦਾ ਉਪਬੰਧ ਕੀਤਾ ਗਿਆ ਹੈ ਜਿਸ ਨਾਲ ਸਰਹੱਦੀ ਖੇਤਰ ਦੇ ਨੌਜਵਾਨ ਨਾ ਕੇਵਲ ਨਸ਼ਿਆਂ ਤੋਂ ਦੂਰ ਰਹਿਣਗੇ ਬਲਕਿ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਵੀ ਖੜ੍ਹੇ ਹੋਣਗੇ।
ਇਸ ਮੌਕੇ ਕਾਮਯਾਬ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਅੰਮ੍ਰਿਤਸਰ ਹੁਨਰ ਵਿਕਾਸ ਦੇ ਖੇਤਰ ਵਿਚ ਇਕ ਮੋਹਰੀ ਜ਼ਿਲ੍ਹਾ ਬਣ ਕੇ ਉਭਰਿਆ ਹੈ ਅਤੇ ਇਥੇ ‘ਟਿਨਕੋਨ’ ਅਤੇ ਪਲਾਨਿੰਗ ਵਿਭਾਗ ਦੇ ਸਹਿਯੋਗ ਨਾਲ ਹਰੇਕ ਸਾਲ 2500 ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਥੇ ਹੁਣ ਤੱਕ 2000 ਤੋਂ ਵੱਧ ਨੌਜਵਾਨਾਂ ਨੂੰ ਅਜਿਹੀ ਹੀ ਮੁਫ਼ਤ ਕਿੱਤਾਮੁਖੀ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ 70 ਫੀਸਦੀ ਨੌਜਵਾਨ ਇਸ ਵੇਲੇ ਆਪਣੇ ਪੈਰਾਂ ‘ਤੇ ਖੜੋ ਕੇ 8 ਤੋਂ 10 ਹਜ਼ਾਰ ਰੁਪਏ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਅੱਗੇ ਪ੍ਰਾਈਵੇਟ ਅਦਾਰਿਆਂ ਵਿਚ ਨੌਕਰੀ ਅਤੇ ਆਪਣਾ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਸਰਕਾਰੀ ਅਦਾਰਿਆਂ ਤੋਂ ਲੋਨ ਦਿਵਾਉਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਜਲਦ ਹੀ ਦੋ ਵੱਡੇ ਹੁਨਰ ਵਿਕਾਸ ਕੇਂਦਰ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਇਕ 2000 ਬੱਚਿਆਂ ਦਾ ਇਕ ਹੁਨਰ ਵਿਕਾਸ ਕੇਂਦਰ ਅਤੇ ਇਕ ਸਿਹਤ ਵਿਕਾਸ ਕੇਂਦਰ ਸ਼ਾਮਿਲ ਹੈ। ਇਸ ਤੋਂ ਇਲਾਵਾ ਅੰਗਹੀਣ ਨੌਜਵਾਨਾਂ ਅਤੇ ਸਫ਼ਾਈ ਕਰਮੀਆਂ ਦੇ ਬੱਚਿਆਂ ਨੂੰ ਵੀ ਹੁਨਰ ਵਿਕਾਸ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਰੋਡ ‘ਤੇ ਮੁੜ ਵਸੇਬਾ ਕੇਂਦਰ ਵਿਖੇ ਨੌਜਵਾਨਾਂ ਨੂੰ ਮੁਫ਼ਤ ਮੋਬਾਈਲ ਰਿਪੇਅਰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੱਪੜੇ ਅਤੇ ਖਾਧ ਪਦਾਰਥਾਂ ਜਿਵੇਂ ਪਾਪੜ, ਵੜੀਆਂ, ਆਚਾਰ, ਮੁਰੱਬੇ ਆਦਿ ਤਿਆਰ ਕਰਨ ਦੀ ਟ੍ਰੇਨਿੰਗ ਦਿਵਾ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚੋਗਾਵਾਂ ਵਿਖੇ ਆਧੁਨਿਕ ਕਟਿੰਗ ਤੇ ਟੇਲਰਿੰਗ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੋਂ ਟ੍ਰੇਨਿੰਗ ਦਿਵਾਉਣ ਤੋਂ ਬਾਅਦ ਸਰਹੱਦੀ ਖੇਤਰ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਲੁਧਿਆਣਾ ਦੀਆਂ ਕੱਪੜਾ ਸਨਅਤ ਇਕਾਈਆਂ ਵਿਚ ਸਿੱਧਾ ਰੁਜ਼ਗਾਰ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਅਜਨਾਲਾ ਅਤੇ ਬਲਾਕ ਅਟਾਰੀ ਵਿਚ 9 ਲੱਖ ਰੁਪਏ ਦੀ ਲਾਗਤ ਨਾਲ ਰੈਫਰਿਜਰੇਟਰ ਅਤੇ ਏਅਰ ਕੰਡੀਸ਼ਨਰ ਇਲੈਕਟ੍ਰੀਕਲ ਦੇ ਦੋ ਸੈਂਟਰ ਸ਼ੁਰੂ ਹੋ ਰਹੇ ਹਨ।
ਇਸ ਮੌਕੇ ਨਿਟਕੋਨ ਦੇ ਏ. ਜੀ. ਐਮ ਸ੍ਰੀ ਵਿਜੇ ਅਰੋੜਾ ਨੇ ਦੱਸਿਆ ਕਿ ਇਨ੍ਹਾਂ 250 ਸਿਖਿਆਰਥੀਆਂ ਨੂੰ ਮਾਰਚ ਤੋਂ ਸਤੰਬਰ 2015 ਦੌਰਾਨ ਭਾਰਤ ਸਰਕਾਰ ਦੇ ਅਦਾਰੇ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਟਿਡ, ਜੋ ਕਿ ਪਿੰਡਾਂ ਵਿਚ ਬਿਜਲੀਕਰਨ ਦਾ ਕੰਮ ਕਰਦਾ ਹੈ, ਵੱਲੋਂ ਨਿਟਕੋਨ ਦੇ ਸਹਿਯੋਗ ਨਾਲ ਵੱਖ-ਵੱਖ ਵਿਸ਼ਿਆਂ ਦੀ ਹੁਨਰ ਵਿਕਾਸ ਟ੍ਰੇਨਿੰਗ ਦਿੱਤੀ ਗਈ, ਜਿਨ੍ਹਾਂ ਵਿਚ ਬੇਸਿਕ ਇਲੈਕਟ੍ਰੀਕਲ ਅਤੇ ਹੋਮ ਅਪਲਾਇੰਸਜ਼, ਬੇਸਿਕ ਕੰਪਿਊਟਰ ਹਾਰਡਵੇਅਰ ਅਤੇ ਟੈਲੀ, ਵੈਲਡਿੰਗ, ਰੈਫਰੀਜਿਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਦੀ ਟ੍ਰੇਨਿੰਗ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਮੁਕੰਮਲ ਕਰਨ ਵਾਲੇ ਕਾਮਯਾਬ ਸਿਖਿਆਰਥੀਆਂ ਨੂੰ ਅੱਜ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ, ਟੂਲ ਕਿੱਟਾਂ ਅਤੇ ਵਜੀਫ਼ੇ ਦੇ ਚੈਕ ਤਕਸੀਮ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 3 ਤੋਂ 4 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਗਿਆ ਹੈ।
Punjab Post Daily Online Newspaper & Print Media