ਅੰਮ੍ਰਿਤਸਰ, 7 ਅਕਤੂਬਰ (ਜਗਦੀਪ ਸਿੰਘ ਸੱਗੂ) ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ 9 ਅਕਤੂਬਰ ਨੂੰ ਹੀ ਮਨਾਇਆ ਜਾਵੇ।ਇਹ ਅਪੀਲ ਕਰਦਿਆਂ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਸਮੁੱਚੀ ਸਿੱੱਖ ਕੌਮ ਦੀ ਸਹਿਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤਾ ਗਿਆ ਸੀ।ਜਿਸ ਨੂੰ ਦੇਸ਼ ਦੀਆਂ ਸਰਕਾਰਾਂ ਨੇ ਅਤੇ ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਨੇ ਮਾਨਤਾ ਦਿੱਤੀ ਸੀ।ਪਰ ਸਿੱਖ ਕੌਮ ਦੀ ਅਜ਼ਾਦ ਹਸਤੀ ਅਤੇ ਨਿਆਰੇਪਨ ਨੂੰ ਚੁਣੌਤੀ ਦੇਣ ਵਾਲੀਆਂ ਸ਼ਕਤੀਆਂ ਵਲੋਂ ਸੌੜੀ ਸੋਚ ਨਾਲ ਇਸ ਕੌਮੀ ਕੈਲੰਡਰ ਵਿਰੁੱਧ ਸਾਜ਼ਿਸ਼ਾਂ ਰਚੀਆਂ ਗਈਆਂ।ਜਿਸ ਦਾ ਨਤੀਜਾ ਸਾਹਮਣੇ ਹੈ ਕਿ ਸਿੱਖ ਕੌਮ ਨੂੰ ਅਣਗੌਲਿਆ ਕਰਕੇ ਕੈਲੰਡਰ ਵਿਚ ਸੋਧਾਂ ਅਤੇ ਭਾਰੀ ਤਬਦੀਲੀਆਂ ਕਰਕੇ ਉਸ ਦਾ ਅਸਲ ਸਰੂਪ ਅਤੇ ਸੁਨੇਹਾ ਰੋਲਿਆ ਗਿਆ।ਕੌਮੀ ਤ੍ਰਾਸਦੀ ਕਿ ਇਹ ਸਭ ਕੁੱਝ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਕੌਮੀ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦਾ ਹੀਆ ਕੀਤਾ ਗਿਆ।
ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਕੌਮ ਦੀਆਂ ਪਹਿਰੇਦਾਰ ਸੰਸਥਾਵਾਂ ਅਤੇ ਸੰਗਤਾਂ ਮੂਲ ਨਾਨਕਸ਼ਾਹੀ ਕੈਲੰਡਰ 2003 ਨਾਲ ਹੀ ਸਾਰੇ ਪੁਰਬ ਮਨਾ ਰਹੀਆਂ ਹਨ।ਇਸੇ ਕੜੀ ਵਿਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਵੱਡੇ ਪੱਧਰ ‘ਤੇ 9 ਅਕਤੂਬਰ 2015 ਨੂੰ ਮਨਾਇਆ ਜਾ ਰਿਹਾ ਹੈ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਸਾਰੇ ਪੁਰਬ ਵੀ ਮੂਲ ਕੈਲੰਡਰ ਅਨੁਸਾਰ ਮਨਾ ਕੇ ਇਕਸੁਰਤਾ ਤੇ ਇਕਸਾਰਤਾ ਲਈ ਤਤਪਰ ਰਹਿਣ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media