
ਅੰਮ੍ਰਿਤਸਰ, 8 ਅਕਤੂਬਰ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਨੂੰ ਰੰਗ-ਰੋਗਨ ਕਰਨ ਦੀ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਵੱਲੋਂ ਬਾਬਾ ਹਰਭਜਨ ਸਿੰਘ ਭਲਵਾਨ, ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼ੋ੍ਰਮਣੀ ਕਮੇਟੀ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਬਾ ਹਰਭਜਨ ਸਿੰਘ ਕੰਦੋਵਾਲੀ ਤੇ ਸ. ਜਗਜੀਤ ਸਿੰਘ ਮੀਤ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਕੀਤੀ।
ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਗ੍ਰੰਥੀ ਭਾਈ ਗੁਰਸੇਵਕ ਸਿੰਘ ਨੇ ਛੇ ਪਉੜੀਆਂ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕੀਤੀ।ਇਸ ਮੌਕੇ ਬਾਬਾ ਹਰਭਜਨ ਸਿੰਘ ਭਲਵਾਨ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਕਿਹਾ ਕਿ ਉਹ ਸ਼ੋ੍ਰਮਣੀ ਕਮੇਟੀ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਨੂੰ ਰੰਗ-ਰੋਗਨ ਕਰਨ ਦੀ ਸੇਵਾ ਸੌਂਪੀ ਗਈ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 29 ਅਕਤੂਬਰ ਨੂੰ ਆ ਰਿਹਾ ਹੈ ਉਸ ਤੋਂ ਪਹਿਲਾਂ-ਪਹਿਲਾਂ ਇਹ ਸੇਵਾ ਮੁਕੰਮਲ ਕਰ ਲਈ ਜਾਵੇਗੀ।ਇਸ ਮੌਕੇ ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਸਤਨਾਮ ਸਿੰਘ ਵਧੀਕ ਮੈਨੇਜਰ, ਬਾਬਾ ਸਤਨਾਮ ਸਿੰਘ, ਜਥੇਦਾਰ ਸੁੱਚਾ ਸਿੰਘ ਤੇ ਭਾਈ ਬਲਦੇਵ ਸਿੰਘ ਸਰਪੰਚ ਆਦਿ ਮੌਜੂਦ ਸਨ।
Punjab Post Daily Online Newspaper & Print Media