Friday, March 6, 2026

 ਟਾਟਾ ਟਰੱਸਟ ਤੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਦੌਰਾ

PPN1310201501
ਬਟਾਲਾ, 13 ਅਕਤੂਬਰ (ਨਰਿੰਦਰ ਬਰਨਾਲ) – ਟਾਟਾ ਟਰੱਸਟ ਮੂੰਬਈ ਵੱਲੋਂ ਖੇਤੀਬਾੜੀ ਵਿਭਾਗ ਗੁਰਦਾਸਪੁਰ ਦੇ ਸਹਿਯੋਗ ਨਾਲ ਡਾ. ਲਖਵਿੰਦਰ ਸਿੰਘ ਹੁੰਦਲ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਉਬਾਸਮਤੀ-ਕਣਕ ਫਸਲੀ ਚੱਕਰ ਵਿੱਚ ਸਰਬਪੱਖੀ ਪੈਦਾਵਾਰ ਪ੍ਰਬੰਧ” ਪ੍ਰੋਜੈਕਟ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਟਾਟਾ ਟਰੱਸਟ ਅਤੇ ਖੇਤੀਬਾੜੀ ਵਿਭਾਗ ਦੀ ਉੱਚ ਪੱਧਰੀ ਟੀਮ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਦੇ ਸ਼ਾਹਪੁਰ ਜਾਜਨ, ਰਾਮਪੁਰ, ਉਦੋਵਾਲੀ, ਚੌੜਾ ਅਤੇ ਤਲਵੰਡੀ ਗੁਰਾਇਆ ਪਿੰਡਾਂ ਦਾ ਦੌਰਾ ਕੀਤਾ ਗਿਆ।ਇਸ ਟੀਮ ਵਿੱਚ ਸ੍ਰੀ ਅਰੁਣ ਕੁਮਾਰ ਪਾਂਧੀ ਮੁੱਖ ਪ੍ਰਬੰਧਕ (ਵਿਕਾਸ) ਟਾਟਾ ਟਰੱਸਟ, ਡਾ. ਗੁਲਜ਼ਾਰ ਸਿੰਘ ਚਾਹਲ ਡਾਇਰੈਟਰ ਆਰ ਜੀ ਆਰ ਸੈੱਲ, ਡਾ. ਗੁਰਦੇਵ ਸਿੰਘ ਦਿਉਲ ਸਲਾਹਕਾਰ,ਡਾ ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ,ਡਾ ਦਿਨੇਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ,ਡਾ ਸੁਖਪ੍ਰੀਤ ਸਿੰਘ ਫੀਲਡ ਅਫਸਰ ਸਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਕਾਰਜ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ, ਅਮਰਬੀਰ ਸਿੰਘ, ਪਰਵੀਨ ਕੁਮਾਰ, ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਦੌਰੇ ਦੌਰਾਨ ਟੀਮ ਵੱਲੋਂ ਕਿਸਾਨਾਂ ਨਾਲ ਬਾਸਮਤੀ ਦੀ ਮਿਆਰੀ ਪੈਦਾਵਾਰ ਅਤੇ ਮੰਡੀਕਰਨ ਬਾਰੇ ਵਿਚਾਰ ਚਰਚਾ ਵੀ ਕੀਤੀ ਅਤੇ ਸੁਝਾਅ ਵੀ ਮੰਗੇ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਅਰੁਣ ਕੁਮਾਰ ਪਾਂਧੀ ਮੁੱਖ ਪ੍ਰਬੰਧਕ (ਵਿਕਾਸ) ਨੇੇ ਕਿਹਾ ਕਿ ਟਾਟਾ ਟਰੱਸਟ ਵੱਲੋਂ ਪੰਜਾਬ ਵਿੱਚ ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ ਬਾਸਮਤੀ ਦੀ ਮਿਆਰੀ ਪੈਦਾਵਾਰ ਲਈ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਉਬਾਸਮਤੀ-ਕਣਕ ਫਸਲੀ ਚੱਕਰ ਵਿੱਚ ਸਰਬਪੱਖੀ ਪੈਦਾਵਾਰ ਪ੍ਰਬੰਧ” ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਉਨਾ ਦੱਸਿਆ ਕਿ ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ 50-50 ਅਤੇ ਅੰਮ੍ਰਿਤਸਰ ਜ਼ਿਲੇ ਵਿੱਚ 100 ਪਿੰਡ ਅਡਾਪਟ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਨਾਂ ਪਿੰਡਾਂ ਵਿੱਚ ਪਿੰਡ ਦੇ ਨੌਜਵਾਨ ਨੂੰ ਹੀ ਸਕਾਊਟ ਨਿਯੁਕਤ ਕੀਤਾ ਹੈ, ਜਿੰਨਾਂ ਨੂੰ ਪੀ ਏ ਯੂ ਲੁਧਿਆਣਾ ਤੋਂ ਵਿੱਸ਼ੇਸ਼ ਸਿਖਲਾਈ ਦਿਵਾਈ ਗਈ ਹੈ। ਉਨਾਂ ਦੱਸਿਆ ਕਿ ਇਹ ਸਕਾਊਟ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕਿਸਾਨਾਂ ਤੱਕ ਪਹੁੰਚ ਕਰਦੇ ਹਨ, ਜੇਕਰ ਕੋਈ ਸਮੱਸਿਆਂ ਆਵੇ ਤਾਂ ਖੇਤੀ ਮਾਹਿਰਾਂ ਦੇ ਧਿਆਨ ਵਿੱਚ ਲਿਆ ਕੇ ਸਮੇਂ ਸਿਰ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਇਸ ਪ੍ਰਜੈਕਟ ਦਾ ਹੋਰ ਵਿਸਥਾਰ ਕੀਤਾ ਜਾਵੇਗਾ।
ਪਿੰਡ ਚੌੜਾ ਦੇ ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਬਲਾਕ ਡੇਰਾ ਬਾਬਾ ਨਾਨਕ ਵਿੱਚ ਤਕਰੀਬਨ 85% ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਦਾ ਮਿਆਰੀਪਨ ਵੀ ਬਹੁਤ ਵਧੀਆਂ ਹੈ। ਉਨਾਂ ਕਿਹਾ ਕਿ ਖੇਤੀਬਾੜੀ ਮਾਹਿਰਾਂ ਵੱਲੋਂ ਸਮੇਂ ਸਮੇਂ ਤੇ ਜੋ ਖੇਤੀ ਤਕਨੀਕਾਂ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ ਹਨ, ਉਸ ਨਾਲ ਜਿਥੇ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ ਹੈ ਉਥੇ ਬਾਸਮਤੀ ਦੀ ਕਾਸ਼ਤ ਵਿੱਚ ਕੋਈ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨਾਂ ਕਿਹਾ ਕਿ ਹੁਣ ਕਿਸਾਨ ਕੀਟਨਾਸ਼ਕ ਵਿਕ੍ਰੇਤਾਵਾਂ ਦੇ ਕਹਿਣ ਦੀ ਬਿਜਾਏ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖੇਤੀ ਪ੍ਰਬੰਧ ਕਰਦੇ ਹਨ। ਉਨਾਂ ਮੰਗ ਕੀਤੀ ਕਿ ਟਾਟਾ ਟਰੱਸਟ ਵੱਲੋਂ ਬਾਸਮਤੀ ਦੇ ਮੰਡੀਕਰਨ ਵਿੱਚ ਵੀ ਕਿਸਾਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋ ਸਕੇ।
ਡਾ. ਗੁਲਜ਼ਾਰ ਸਿੰਘ ਚਾਹਲ ਨੇ ਕਿਹਾ ਕਿ ਕੁਝ ਕਿਸਾਨ ਫਸਲਾਂ ਦੀ ਕਾਸ਼ਤ ਲਈ ਖੇਤੀਬਾੜੀ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਸ਼ਾਂ ਦੇ ਉਲਟ ਵਧੇਰੇ ਗੈਰ ਜ਼ਰੂਰੀ ਰਸਾਇਣਕ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਖੇਤੀ ਲਾਗਤ ਖਰਚੇ ਵਧਣ ਦੇ ਨਾਲ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਜਾਂਦਾ ਹੈ। ਉਨਾਂ ਕਿਹਾ ਕਿ ਖੇਤੀ ਤੋਂ ਆਮਦਨ ਤਾਂ ਹੀ ਵਧ ਸਕਦੀ ਹੈ ਜੇਕਰ ਵੇਖਾ ਵੇਖੀ ਫਸਲਾਂ ਤੇ ਛਿੜਕਾਅ ਕਰਨ ਦੀ ਬਿਜਾਏ ਜ਼ਰੂਰਤ ਅਨੁਸਾਰ ਹੀ ਕੀਟਨਾਸ਼ਕਾਂ ਦਾ ਛਿੜਕਾਅ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply