ਮਾਲੇਰਕੋਟਲਾ (ਸੰਦੌੜ) 15 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨੀਂ ਕੁੱਝ ਸਰਾਰਤੀ ਅਨਸਰਾਂ ਵੱਲੋਂ ਪਵਿੱਤਰ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਨ ਉਪਰੰਤ ਪਾਵਨ ਅੰਗਾਂ ਦੀ ਬੇਅਦਬੀ ਕਰਕੇ ਨਿਹਾਇਤ ਹੀ ਕੋਝੀ ਅਤੇ ਜ਼ਲੀਲ ਹਰਕਤ ਕੀਤੇ ਜਾਣ ਨਾਲ ਜਿਥੇ ਪੰਜਾਬ ਸਮੇਤ ਦੇਸ਼-ਵਿਦੇਸ਼ ‘ਚ ਬੈਠੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਗਹਿਰੀ ਸੱਟ ਵੱਜੀ ਹੈ, ਉਥੇ ਇਸ ਘਿਨਾਉਣੀ ਹਰਕਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਸਿੱਖ ਸੰਗਤਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਮੁਸਲਿਮ ਧਾਰਮਿਕ ਪੰਚਾਇਤ ਅਮਾਰਤ-ਏ-ਸ਼ਰਈਆ ਪੰਜਾਬ ਦੇ ਚੇਅਰਮੈਨ ਪਦਮ ਸ਼੍ਰੀ ਇਜ਼ਹਾਰ ਆਲਮ ਨੇ ਅੱਜ ਇਥੇ ਆਪਣੀ ਰਿਹਾਇਸ਼ਗਾਹ ਆਲਮ ਹਾਊਸ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਧਰਮ ਦੇ ਸੂਫੀ ਸੰਤ ਤੇ ਫਕੀਰਾਂ ਦਾ ਕਲਾਮ ਦਰਜ ਹੈ।ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ‘ਤੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦਾ ਦੁੱਖ ਹੋਇਆ ਹੈ। ਜਨਾਬ ਆਲਮ ਨੇ ਕਿਹਾ ਕਿ ਬੇਸ਼ੱਕ ਇਹ ਜਲੀਲ ਹਰਕਤ ਕਿਸੇ ਗਹਿਰੀ ਸਾਜ਼ਿਸ਼ ਦਾ ਨਤੀਜਾ ਹੈ ਜਿਸਨੇ ਸਭ ਧਰਮਾਂ ਨਾਲ ਸਬੰਧਤ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰੰਤੂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉਹਨਾਂ ਮੁਲਜ਼ਿਮਾਂ (ਦੋਸ਼ੀਆਂ) ਜਿਹਨਾਂ ਨੇ ਇਹ ਘੋਰ ਪਾਪ ਅਤੇ ਸੰਗੀਨ ਜੁਰਮ ਕੀਤਾ ਹੈ, ਉਹਨਾਂ ਦਾ ਬਹੁਤ ਜਲਦੀ ਪਤਾ ਲਗਾ ਲਵੇਗੀ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਏਗੀ। ਜਨਾਬ ਆਲਮ ਨੇ ਇਸ ਘਟਨਾਂ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਮਾਰਤ-ਏ-ਸ਼ਰਈਆ ਪੰਜਾਬ ਇਸ ਦੁੱਖ ਦੀ ਘੜੀ ਵਿੱਚ ਸਿੱਖ ਕੌਮ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਾਜ਼ੂਕ ਮੌਕੇ ‘ਤੇ ਸਾਨੂੰ ਇਸ ਗੱਲ ਦਾ ਵੀ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀ ਸਮਾਜੀ ਸਾਂਝ ਕਿਸੇ ਦੇ ਬਹਿਕਾਵੇ ਜਾਂ ਭੜਕਾਵੇ ਵਿੱਚ ਆ ਕੇ ਨਾ ਟੁੱਟੇ ਅਤੇ ਇਹ ਸਮਾਜੀ ਸਾਂਝ ਰਹਿੰਦੀ ਦੁਨੀਆ ਤੱਕ ਬਰਕਰਾਰ ਰਹੇ। ਉਨ੍ਹਾਂ ਅਮਾਰਤ-ਏ-ਸ਼ਰਈਆ ਪੰਜਾਬ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਸੂਬੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਪੂਰਜ਼ੋਰ ਅਪੀਲ ਕੀਤੀ ਤਾਂ ਜੋ ਕਿ ਕਿਸੇ ਵੀ ਤਰਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media