
ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਵਿਧਾਇਕਾਂ ਨੂੰ ਜਰੀਆ ਬਣਾਕੇ ਆਮ ਆਦਮੀ ਪਾਰਟੀ ਲਈ ਫੰਡ ਇਕੱਠੇ ਕਰਨ ਦੀ ਬਣਾਈ ਗਈ ਯੋਜਨਾ ਨੂੰ ਅਨੈਤਿਕ ਅਤੇ ਭ੍ਰਿਸ਼ਟਾਚਾਰ ਨੂੰ ਵਧਾਉਣ ਵਾਲੀ ਨੀਤੀ ਦੱਸਦੇ ਹੋਏ ਸਖ਼ਤ ਵਿਰੋਧ ਜਤਾਇਆ ਹੈ।ਕਾਲਕਾ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਅਵਾਜ ਬੁਲੰਦ ਕਰਕੇ ਸੱਤਾ ਪ੍ਰਾਪਤ ਕਰਨ ਵਾਲੇ ਕੇਜਰੀਵਾਲ ਉੱਤੇ ਆਪਣੀ ਇਸ ਯੋਜਨਾ ਦੇ ਕਾਰਨ ਲੋਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਇਲਜ਼ਾਮ ਲਗਾਇਆ ਹੈ ।
ਕਾਲਕਾ ਨੇ ਕੇਜਰੀਵਾਲ ਦੀ ਇਸ ਨੀਤੀ ਨੂੰ ਗੈਰਕਾਨੂੰਨੀ ਉਗ੍ਰਾਹੀ ਨੂੰ ਹੁੰਗਾਰਾ ਦੇਣ ਦੇ ਨਾਲ ਹੀ ਭ੍ਰਿਸ਼ਟਾਚਾਰ ਨੂੰ ਚਰਮ ਸੀਮਾ ਉੱਤੇ ਲੈ ਜਾਣ ਵਾਲਾ ਵੀ ਦੱਸਿਆ ਹੈ।ਕਾਲਕਾ ਨੇ ਇਸ ਯੋਜਨਾ ਦੇ ਜਰਇਏ ਕੇਜਰੀਵਾਲ ਵੱਲੋਂ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧਣ ਦਾ ਵੀ ਖੁਲਾਸਾ ਕੀਤਾ ਹੈ । ਕਾਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਯੋਜਨਾ ਦੀ ਆੜ ਵਿੱਚ ਜੋ ਗੈਰਕਾਨੂੰਨੀ ਉਗਾਹੀ ਕਰਨਗੇ ਉਸਨੂੰ ਪਾਰਟੀ ਫੰਡ ਦਾ ਨਾਮ ਦੇ ਕੇ ਭਵਿੱਖ ਵਿੱਚ ਹੋਣ ਵਾਲੇ ਸਟਿੰਗ ਅਪਰੇਸ਼ਨਾਂ ਵਿੱਚ ਉਨ੍ਹਾਂ ਦੇ ਫੜੇ ਜਾਣ ਤੇ ਪਾਰਟੀ ਵੱਲੋਂ ਬਚਾਅ ਰੂਪੀ ਢਾਲ ਦੇ ਕੇ ਗੈਰਕਾਨੂੰਨੀ ਵਸੂਲੀ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ।
ਕਾਲਕਾ ਨੇ ਕਿਹਾ ਕਿ ਬੇਈਮਾਨਾਂ ਨੂੰ ਬਾਹਰ ਕੱਢਣ ਦੇ ਵਾਅਦੇ ਤੇ ਜਨਤਾ ਤੋਂ ਵੋਟ ਪ੍ਰਾਪਤ ਕਰਨ ਵਾਲੇ ਕੇਜਰੀਵਾਲ ਅੱਜ ਆਪਣੇ ਵਿਧਾਇਕ ਦਲ ਵਿੱਚ ਬੇਈਮਾਨਾਂ ਦੀ ਮੌਜ਼ੂਦਗੀ ਦੇ ਬਾਵਜੂਦ ਹਿਫਾਜ਼ਤ ਦੇਕੇ ਆਪਣੀ ਕਥਨੀ ਅਤੇ ਕਰਨੀ ਦੇ ਫਰਕ ਨੂੰ ਜਨਤਕ ਕਰ ਰਹੇ ਹਨ।ਕਾਲਕਾ ਨੇ ਪ੍ਰਬੰਧਕੀ ਸਮਰੱਥਾ ਵਿੱਚ ਕੇਜਰੀਵਾਲ ਦੇ ਨਾਕਾਬਿਲ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਤਜ਼ਰਬਾਹੀਨ ਹੋਣ ਦੇ ਕਾਰਨ ਡੇਂਗੂ ਦੀ ਬੀਮਾਰੀ ਦੇ ਮਹਾਮਾਰੀ ਦਾ ਰੂਪ ਧਾਰਨ ਕਰਨ ਦੇ ਨਾਲ ਹੀ ਪਿਆਜ, ਦਾਲਾਂ, ਅਤੇ ਹੋਰ ਜਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਜਬਰਦਸਤ ਉਛਾਲ ਆਉਣ ਦਾ ਵੀ ਦਾਅਵਾ ਕੀਤਾ ।
Punjab Post Daily Online Newspaper & Print Media