Sunday, June 21, 2026

ਪੰਜਾਬ ਸਰਕਾਰ ਨੇ ਕਿੱਤਾ ਮੁਖੀ ਸਿੱਖਿਆ ਸਬੰਧੀ ਕੀਤੇ ਅਹਿਮ ਉਪਰਾਲੇ-ਮਦਨ ਮੋਹਨ ਮਿੱਤਲ

ਸਿਡਾਨਾ ਇੰਸਟੀਚਿਊਟ ਵਿਖੇ ਹੁਨਰ ਵਿਕਾਸ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

PPN1710201515ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ) – ਕਿੱਤਾ ਮੁਖੀ ਸਿੱਖਿਆ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਪੰਜਾਬ ਦੇ ਤਕਨੀਕੀ ਸਿੱਖਿਆ, ਸਨਅਤ ਤੇ ਵਪਾਰ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ, ਖਿਆਲਾ ਖੁਰਦ, ਅੰਮ੍ਰਿਤਸਰ ਵਿਖੇ ਉੱਚ ਸਿੱਖਿਆ ਸਬੰਧੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਸ੍ਰੀ ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਕੇਂਦਰ ਸਰਕਾਰ ਦਾ ਇਕ ਅਹਿਮ ਉਪਰਾਲਾ ਜਿਸ ਤਹਿਤ 24 ਲੱਖ ਭਾਰਤੀ ਨੌਜਵਾਨਾਂ ਨੂੰ ਕੁਸ਼ਲਤਾ ‘ਤੇ ਆਧਾਰਿਤ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਹੁਨਰ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਕਰਨ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਹੁਨਰ ਵਿਕਾਸ ਪ੍ਰੋਗਰਾਮ ਸਬੰਧੀ ਭਾਰਤ ਸਰਕਾਰ ਦੇ ਨੀਤੀ ਆਯੋਗ ਵਿਚ ਬਤੌਰ ਕਨਵੀਨਰ ਹਨ, ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ।  ਇਸ ਮੌਕੇ ਉਨ੍ਹਾਂ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਅੰਤਰਰਾਸ਼ਟਰੀ ਜਰਨਲ ‘ਦ ਇੰਟਰਨੈਸ਼ਨਲ ਜਰਨਲ ਆਫ ਇਨੋਵੇਟਿਵ ਰਿਸਰਚ’ ਅਤੇ ਖੋਜ ਪੱਤਰਾਂ ਦੀਆਂ ਕਿਤਾਬਾਂ ਦੀ ਵੀ ਘੁੰਡ ਚੁਕਾਈ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸਿਡਾਨਾ ਐਂਡ ਮਰਵਾਹਾ ਐਜੂਕੇਸ਼ਨ ਓਵਰਸੀਜ਼ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸ਼ੁਰੂ ਕੀਤੇ ਗਏ ਹੁਨਰ ਵਿਕਾਸ ਪ੍ਰੋਗਰਾਮ ਦੇ ਪਹਿਲੇ ਬੈਚ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਵਧੀਆ ਉਪਰਾਲਾ ਹੈ ਜਿਸ ਤਹਿਤ ਇੰਨੀ ਵੱਡੀ ਗਿਣਤੀ ਵਿਚ ਵਿਦਵਾਨਾਂ ਨੂੰ ਇਕ ਸਟੇਜ ‘ਤੇ ਲਿਆ ਕੇ ਸਿੱਖਿਆ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਉਨ੍ਹਾਂ ਖੋਜ ਪੱਤਰ ਪੜ੍ਹਨ ਵਾਲੇ ਵਿਦਵਾਨਾਂ ਤੋਂ ਇਲਾਵਾ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ।  ਇਸ ਤੋਂ ਪਹਿਲਾਂ ਸੰਸਥਾ ਵਿਚ ਪਹੁੰਚਣ ‘ਤੇ ਸੰਸਥਾ ਦੇ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਅਤੇ ਸ. ਰਜਿੰਦਰ ਸਿੰਘ ਮਰਵਾਹਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਵਾਨਾਂ ਨੇ ਉੱਚ ਸਿੱਖਿਆ ‘ਤੇ ਆਪਣੇ ਖੋਜ ਪੱਤਰ ਪੜ੍ਹੇ। ਇਨ੍ਹਾਂ ਵਿਦਵਾਨਾਂ ਵਿਚ ਐਮ. ਜੀ. ਏ. ਐਚ. ਵੀ ਵਾਰਧਾ, ਮਹਾਰਾਸ਼ਟਰ ਦੇ ਡੀਨ ਸਕੂਲ ਸਿੱਖਿਆ ਪ੍ਰੋ ਅਰਬਿੰਦ ਝਾਅ, ਯੂ. ਜੀ. ਸੀ, ਐਚ. ਆਰ. ਡੀ. ਸੀ, ਡੀ. ਏ. ਯੂ. ਵੀ, ਇੰਦੌਰ ਦੀ ਡਾਇਰੈਕਟਰ ਪ੍ਰੋ. ਨਮਰਤਾ ਸ਼ਰਮਾ, ਸੈਂਟਰ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਡੀਨ ਆਫ ਸਕੂਲ ਐਜੂਕੇਸ਼ਨ ਪ੍ਰੋ. ਮਨੋਜ ਸਕਸੈਨਾ, ਦਿੱਲੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਡਿਵੈਲਪਮੈਂਟ ਆਫ ਟੀਚਰਜ਼ ਦੀ ਡਾਇਰੈਕਟਰ ਪ੍ਰੋ ਗੀਤਾ ਸਿੰਘ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਡਾ. ਸ਼ਰੀਸ਼ਪਾਲ ਸਿੰਘ ਅਤੇ ਡੀ. ਡਬਲਿਊ. ਟੀ ਕਾਲਜ ਦੇਹਰਾਦੂਨ ਦੇ ਡਾ. ਜੋਤਸਨਾ ਸਕਸੈਨਾ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਇਸ ਦੋ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਤੋਂ ਆਏ 200 ਦੇ ਕਰੀਬ ਵਿਦਵਾਨ ਆਪਣੇ ਖੋਜ ਪੱਤਰ ਪੜ੍ਹਨਗੇ।  ਪ੍ਰਧਾਨ ਮੰਤਰੀ ਕੌਸ਼ਨ ਵਿਕਾਸ ਯੋਜਨਾ ਤਹਿਤ ਸ਼ੁਰੂ ਕੀਤੇ ਗਏ ਹੁਨਰ ਵਿਕਾਸ ਕੇਂਦਰ ਸਬੰਧੀ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਅਤੇ ਸ. ਰਜਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਪਹਿਲੇ ਬੈਚ ਵਿਚ ਵੈਲਡਿੰਗ ਟੈਕਨੀਸ਼ੀਅਨ ਅਤੇ ਕਸਟਮਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਲੋੜਾਂ ਅਨੁਸਾਰ ਇਥੇ ਹੋਰ ਕੋਰਸ ਵੀ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ਵਿਚ ਫੂਡ ਪ੍ਰੋਸੈਸਿੰਗ, ਆਟੋਮੋਟਿਵ, ਗ੍ਰਾਫਿਕ ਡਿਜ਼ਾਈਨਿੰਗ, ਹੈਲਥ ਕੇਅਰ ਮੈਨੇਜਮੈਂਟ, ਟੂਲ ਐਂਡ ਡਾਈ, ਮਹਿਮਾਨਨਿਵਾਜ਼ੀ ਪ੍ਰਬੰਧਨ, ਆਪਰੇਸ਼ਨ ਥਇਏਟਰ ਟੈਕਨਾਲੋਜੀ, ਬਿਊਟੀਸ਼ੀਅਨ, ਹੇਅਰ ਡਰੈਸਿੰਗ, ਬ੍ਰੇਨ ਮੈਪਿੰਗ ਆਦਿ ਸ਼ਾਮਿਲ ਹਨ।
ਇਸ ਮੌਕੇ ਐਸ. ਡੀ. ਐਮ ਸ੍ਰੀ ਸੁਰਿੰਦਰ ਸਿੰਘ, ਡੀ. ਐਸ. ਪੀ. ਸ. ਗੁਰਨਾਮ ਸਿੰਘ, ਜੁਅਇੰਟ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਜਗਜੀਤ ਸਿੰਘ, ਸ੍ਰੀ ਮਹਿੰਦਰ ਪਾਲ, ਪ੍ਰਿੰਸੀਪਲ ਸ਼ਮੀਰ ਸਿੰਘ, ਸ੍ਰੀ ਮਨੀਸ਼ ਗਾਂਧੀ, ਸ੍ਰੀ ਸੰਜੀਵ ਸ਼ਰਮਾ, ਵੱਖ-ਵੱਖ ਉਦਯੋਗਪਤੀ, ਸੰਸਥਾ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply