ਜਬਰਦਸਤੀ ਦੁਕਾਨਾਂ ਬੰਦ ਕਰਵਾ ਰਹੇ ਕੁੱਝ ਨੌਜਵਾਨ ਪੁਲਿਸ ਵਲੋਂ ਗ੍ਰਿਫਤਾਰ
ਅੰਮ੍ਰਿਤਸਰ, 19 ਅਕਤੂਬਰ (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸਿੱਖ ਸੰਗਤਾਂ ਵਿੱਚ ਪਾਇਆ ਜਾ ਰਿਹਾ ਰੋਸ ਅੱਜ ਉਸ ਸਮੇਂ ਖੱਲ ਕੇ ਸਾਹਮਣੇ ਆਇਆ, ਜਦ ਸ਼ੋਸ਼ਲ ਮੀਡੀਆ ਤੇ ਦਿੱਤੀ ਹੋਈ ਬੰਦ ਦੀ ਕਾਲ ‘ਤੇ ਆਪ ਮੁਹਾਰੇ ਕੀਤੇ ਗਏ ਬੰਦ ਦਾ ਭਰਵਾਂ ਅਸਰ ਗੁਰੂ ਨਗਰੀ ਵਿੱਚ ਦੇਖਣ ਨੂੂੰ ਮਿਲਿਆ।ਸ਼ਹਿਰ ਸਮੇਤ ਨਾਲ ਲੱਗਦੀਆਂ ਅਬਾਦੀਆਂ ਤੇ ਕਸਬਿਆਂ ਵਿੱਚ ਲੋਕਾਂ ਨੇ ਸਵੇਰ ਤੋਂ ਹੀ ਕਈ ਬਜ਼ਾਰ ਤੇ ਦੁਕਾਨਾਂ ਬੰਦ ਰੱਖੀਆਂ ਅਤੇ ਜੋ ਇੱਕਾ ਦੁੱਕਾ ਦੁਕਾਨਾਂ ਖੁਲੀਆਂ ਸਨ, ਉਹ ਮੋਟਰ ਸਾਈਕਲਾਂ ਤੇ ਘੁੰਮਦੇ ਨੌਜੁਆਨਾਂ ਦੇ ਜਥਿਆਂ ਵਲੋਂ ਬੰਦ ਕਰਵਾ ਦਿੱਤੀਆਂ ਗਈਆਂ। ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਚੱਪੇ ਚੱਪੇ ‘ਤੇ ਪੁਲਿਸ ਤਾਇਨਾਤ ਸੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਫੋਰਸ ਸਮੇਤ ਨੌਜੁਆਨਾਂ ਦੇ ਜਥਿਆਂ ਦੇ ਮਗਰ ਮਗਰ ਚੱਲਦੇ ਨਜ਼ਰ ਆਏ।ਸਾਰੇ ਦਿਨ ਦੇ ਬੰਦ ਦੌਰਾਨ ਅਮਨ ਤੇ ਸ਼ਾਂਤੀ ਰਹੀ।ਲੇਕਿਨ ਬਾਅਦ ਦੁਪਹਿਰ ਪੁਲਿਸ ਨੇ ਸਖਤੀ ਵਰਤਦਿਆਂ ਜਬਰਦਸਤੀ ਦੁਕਾਨਾਂ ਤੇ ਹੋਰ ਅਦਾਰਿਆਂ ਨੂੰ ਬੰਦ ਕਰਵਾ ਰਹੇ ਨੌਜੁਆਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।ਬੰਦ ਦੌਰਾਨ ਅੰਦਰੂਨ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਕਟੜਾ ਜੈਮਲ ਸਿੰਘ, ਹਾਲ ਬਜ਼ਾਰ, ਗੁਰੂ ਬਜ਼ਾਰ, ਪ੍ਰਤਾਪ ਬਜ਼ਾਰ, ਲਾਰੈਂਸ ਰੋਡ, ਮਾਲ ਰੋਡ, ਮਜੀਠਾ ਰੋਡ, ਵੱਲਾ ਵੇਰਕਾ, ਪਿੰਡ ਸੁਲਤਾਨਵਿੰਡ, ਚਾਟੀਵਿੰਡ, ਝਬਾਲ ਰੋਡ, ਪੁਤਲੀਘਰ, ਛੇਹਰਟਾ ਆਦਿ ਥਾਵਾਂ ਤੇ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ।ਇਸੇ ਦੌਰਾਨ ਜਦ ਏ.ਡੀ.ਸੀ.ਪੀ ਹਰਵਿੰਦਰ ਸਿੰਘ ਨਾਲ ਬੰਦ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਬੰਦ ਦੌਰਾਨ ਸ਼ਾਂਤੀ ਰਹੀ ਅਤੇ ਸ਼ਹਿਰ ਵਿੱਚ ਪੁਲਿਸ ਮੁਲਾਜ਼ਮ ਸੁਰੱਖਿਆ ਵਜੋਂ ਤਾਇਨਾਤ ਰਹੇ।ਉਨਾਂ ਕਿਹਾ ਕਿ ਜਬਰਦਸਤੀ ਦੁਕਾਨਾਂ ਬੰਦ ਕਰਵਾ ਰਹੇ ਚਾਰ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।
Punjab Post Daily Online Newspaper & Print Media