ਅੰਮ੍ਰਿਤਸਰ, 19 ਅਕਤੂਬਰ (ਗੁਰਚਰਨ ਸਿੰਘ) – ਸਮੂਹ ਧਰਮਾਂ, ਸਿੱਖ-ਹਿੰਦੂ-ਮੁਸਲਿਮ ਅਤੇ ਇਸਾਈ, ਵਲੋਂ ਅੱਜ ਸੂਬੇ ਵਿਚ ਕਰੜੀ ਘਾਲਣਾ ਘਾਲ ਕੇ ਸਥਾਪਿਤ ਕੀਤੇ ਅਮਨ-ਚੈਨ ਦੀ ਰਾਖੀ ਕਰਨ ਅਤੇ ਵੰਡ ਪਾਊ ਤਾਕਤਾਂ ਦੇ ਕੋਝੇ ਮਨਸੂਬਿਆਂ ਨੂੰ ਸਫਲ ਨਾ ਹੋਣ ਦੇਣ ਦਾ ਅਹਿਦ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕਰੜੀ ਨਿੰਦਾ ਕਰਦੇ ਹੋਏ ਵਖੋ -ਵੱਖ ਧਾਰਮਿਕ ਸੰਗਠਨਾਂ ਦੇ ਮੈਂਬਰਾਂ ਨੇ ਮੰਦਿਰਾਂ, ਗੁਰੂਦੁਆਰਿਆਂ, ਗਿਰਜਾ ਘਰਾਂ ਅਤੇ ਮਸਜਿਦਾਂ ਰਾਹੀਂ ਸੰਦੇਸ਼ ਦੇਣ ਤੋਂ ਇਲਾਵਾ ਜ਼ਮੀਨੀ ਪੱਧਰ ਉੱਤੇ ਨੁੱਕੜ ਮੀਟਿੰਗਾਂ ਰਾਹੀਂ ਅਮਨ ਅਤੇ ਸ਼ਾਂਤੀ ਦਾ ਸੁਨੇਹਾ ਫੈਲਾਉਣ ਦੀ ਗੱਲ ਕਹੀ। ਇਥੇ ਅਮਨ-ਸ਼ਾਂਤੀ ਸਬੰਧੀ ਇਕ ਮੀਟਿੰਗ ਵਿਚ ਜਿਲ੍ਹਾ ਪ੍ਰਸ਼ਾਸਨ ਨੇ ਸਾਰੇ ਧਾਰਮਿਕ, ਧਾਰਮਿਕ ਅਤੇ ਸਮਾਜਿਕ, ਗੈਰ ਸਰਕਾਰੀ ਸੰਗਠਨਾਂ, ਵੱਖੋ-ਵੱਖ ਸਿਆਸੀ ਦਲਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਤੇ ਮੈਂਬਰਾਂ ਨੂੰ ਕੁਝ ਗੈਰ ਸਮਾਜਿਕ ਤੱਤਾਂ ਦੁਆਰਾ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਵਾਲੀਆਂ ਹਰਕਤਾਂ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋਂ ਸੱਦੀ ਇਸ ਮੀਟਿੰਗ ਵਿਚ ਸਮੂਹ ਧਰਮਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਨਾਲ ਲਗਦੇ ਇਲਾਕੇ ਦਾ ਇਤਿਹਾਸ ਹਮੇਸ਼ਾ ਹੀ ਭਾਈਚਾਰੇ, ਫਿਰਕੂ ਸਦਭਾਵਨਾ ਅਤੇ ਸ਼ਾਂਤੀ ਕਾਇਮ ਰੱਖਣ ਵਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੜਬੜੀ ਵਾਲੇ ਸਮੇਂ ਦੇ ਸ਼ਿਖਰ ਉੱਤੇ ਵੀ ਪੰਜਾਬ ਵਿਚ ਇਕ ਵੀ ਫਿਰਕੂ ਝਗੜਾ ਨਹੀਂ ਸੀ ਹੋਇਆ ਅਤੇ ਲੋਕਾਂ ਨੇ ਸ਼ਾਂਤੀ ਤੋਂ ਕੰਮ ਲਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਨਸ਼ਰ ਹੋ ਰਹੇ ਗੁਮਰਾਹ ਕੁੰਨ ਸੰਦੇਸ਼ਾਂ ਅਤੇ ਅਫਵਾਹਾਂ ਦੁਆਰਾ ਉਕਸਾਹਟ ਵਿਚ ਆਉਣ ਦੀ ਬਜਾਏ ਸ਼ਾਂਤੀ ਤੇ ਸਦਭਾਵਨਾ ਬਣਾਏ ਰੱਖਣ ਦਾ ਅਹਿਦ ਕਰਨਾ ਚਾਹੀਦਾ ਹੈ। ਕਈ ਸੰਗਠਨਾਂ ਦੇ ਪ੍ਰਤੀਨਿਧੀਆਂ ਜਿਵੇਂ ਕਿ ਸਈਦ ਹਮੀਦ ਹੁਸੈਨ ਕਾਸਮੀ ਇਮਾਮ ਬੜੀ ਮਸਜਿਦ ਖੈਰੁੱਦੀਨ, ਜੌਨ ਕੋਟਲੀ ਆਲ ਇੰਡੀਆ ਕ੍ਰਿਸਚਨ ਫਰੰਟ, ਤਰੁਣਦੀਪ ਸਿੰਘ ਕੋਆਰਡੀਨੇਟਰ ਈਕੋ ਸਿੱਖ ਆਰਗੇਨਾਈਜੇਸ਼ਨ, ਸਤਪਾਲ ਮਹਾਜਨ ਪ੍ਰਧਾਨ ਦੁਰਗਿਆਨਾ ਮੰਦਿਰ ਕਮੇਟੀ ਅਤੇ ਦੀਪਕ ਬੱਬਰ ਮਿਸ਼ਨ ਆਗਾਜ਼ ਵਲੋਂ ਇਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਉੱਤੇ ਜੋਰ ਦਿੱਤਾ ਗਿਆ ਤਾਂ ਜੋ ਸੋਸ਼ਲ ਮੀਡੀਆਂ ਰਾਹੀਂ ਪ੍ਰਚਾਰਿਤ ਕੀਤੇ ਜਾ ਰਹੇ ਗਲਤ ਤੇ ਆਧਾਰਹੀਣ ਸੰਦੇਸ਼ਾਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਕੇ ਅਮਨ-ਸ਼ਾਂਤੀ ਕਾਇਮ ਰੱਖੀ ਜਾ ਸਕੇ। ਉਨ੍ਹਾਂ ਵਲੋਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਅਜਿਹੇ ਗੁਮਰਾਹਕੁੰਨ ਅਤੇ ਗਲਤ ਸੰਦੇਸ਼ਾਂ ਨੂੰ ਫੈਲਾਉਣ ਵਾਲਿਆਂ ਦੀ ਪੈੜ ਨੱਪੀ ਜਾਵੇ ਅਤੇ ਉਨ੍ਹਾਂ ਖਿਲਾਫ ਸਖਤ, ਕਾਨੂੰਨੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਆਫ ਪੁਲਿਸ ਸ੍ਰੀ ਜਤਿੰਦਰ ਸਿੰਘ ਔਲਖ ਅਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਸ੍ਰੀ ਹਰਪ੍ਰੀਤ ਸਿੰਘ ਨੇ ਵੱਖੋ ਵੱਖ ਧਾਰਮਿਕ ਜੱਥੇਬੰਦੀਆਂ ਦੇ ਮੈੈਂਬਰਾਂ ਨੂੰ ਵੱਖੋ-ਵੱਖ ਧਾਰਮਿਕ ਸਥਾਨਾਂ ਵਿਖੇ 2-3 ਬੰਦਿਆਂ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਭਵਿੱਖ ਵਿੱਚ ਅਜਿਹਿਆਂ ਦੁਰਘਟਨਾਵਾਂ ਰੋਕੀਆਂ ਜਾ ਸਕਣ। ਸ੍ਰੀ ਭਗਤ ਨੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਲੋਕਾਂ ਦਾ ਸਹਿਯੋਗ ਵੀ ਮੰਗਿਆ।
ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ, ਡਿਪਟੀ ਮੇਅਰ ਅਵਿਨਾਸ਼ ਜੌਲੀ, ਜਿਲ੍ਹਾ ਭਾਜਪਾ ਪ੍ਰਧਾਨ ਨਰੇਸ਼ ਸ਼ਰਮਾ, ਵਪਾਰ ਮੰਡਲ ਦੇ ਅਹੁਦੇਦਾਰ ਰਜਿੰਦਰ ਮਰਵਾਹਾ, ਸਾਬਕਾ ਵਧੀਕ ਕਮਿਸ਼ਨਰ ਡੀ ਪੀ ਗੁਪਤਾ ਅਤੇ ਕਈ ਹੋਰ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਅਮਨ-ਸ਼ਾਂਤੀ ਦਾ ਸੁਨੇਹਾ ਸੂਬੇ ਵਿਚ ਫੈਲਾਉਣ ਲਈ ਵਾਰਡ, ਨੁੱਕੜ ਅਤੇ ਪੁਲਿਸ ਥਾਣਾ ਪੱਧਰ ਉੱਤੇ ਮੀਟਿੰਗਾਂ ਕਰਨ ਦੀ ਲੋੜ ਉੱਤੇ ਜੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਤੱਤਾਂ ਦੁਆਰਾ ਸੋਸ਼ਲ ਮੀਡੀਆ ਦਾ ਸਹਾਰਾ ਲੈਕੇ ਫੈਲਾਏ ਜਾ ਰਹੇ ਗਲਤ ਅਤੇ ਬੇਬੁਨਿਆਦ ਸੰਦੇਸ਼ਾਂ ਨੂੰ ਰੋਕਣ ਲਈ ਲੋਕਾਂ ਵਲੋਂ ਕੰਟਰੋਲ ਰੂਮ ਨੰਬਰ 100, 97811-30666 ਉੱਤੇ ਸੂਚਨਾ ਦਿੱਤੀ ਜਾ ਸਕਦੀ ਹੈ ਤਾਂ ਜੋ ਸਮੇਂ ਸਿਰ ਬਣਦੀ ਕਾਰਵਾਈ ਕੀਤੀ ਜਾ ਸਕੇ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media