
ਸੰਦੌੜ, 20 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਅਤੇ ਸ਼ਾਂਤਮਈ ਰੋਸ ਜਤਾ ਰਹੀਆਂ ਸਿੱਖ ਸੰਗਤਾਂ ਤੇ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦੇ ਰੋਸ ਵਜੋਂ ਪੰਜਾਬ ਦੇ ਵੱਖ ਵੱਖ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਹੋਰ ਮੁੱਖ ਮਾਰਗੀ ਥਾਵਾਂ ਤੇ ਧਰਨੇ ਦਿੱਤੇ ਜਾ ਰਹੇ ਹਨ ਇਸੇ ਤਹਿਤ ਇਲਾਕੇ ਸੰਦੌੜ ਦੇ ਨੇੜਲੇ ਪਿੰਡਾਂ ਦੀਆਂ ਸਰਬ ਧਰਮਾਂ ਨੂੰ ਸਾਂਝੀਵਾਲਤਾ ਦੇ ਪ੍ਰਤੀਕ ਸਮਝਣ ਵਾਲੀਆਂ ਸੰਗਤਾਂ ਵੱਲੋਂ ਇੱਕ ਜੁੱਟ ਹੋ ਕੇ ਪੰਜਾਬ ਸਿੰਘਾਂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ।ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਕੌਮ ਦੇ ਪ੍ਰਚਾਰਕਾਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕਰ ਕੇ ਧਰਮਾਂ ਦੇ ਨਾਮ ਤੇ ਹੋ ਰਹੀ ਸਿਆਸਤ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਕੀਰਤਨ ਰਾਹੀ ਸੰਗਤਾਂ ਦੇ ਇਕੱਠ ਨੂੰ ਕਥਾ ਕੀਰਤਨ ਰਾਹੀ ਵਿਚਾਰਾਂ ਕਰਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਸਾਹਮਣੇ ਲਿਆ ਕੇ ਸਜਾ ਨਹੀਂ ਦਿੱਤੀ ਜਾਂਦੀ ਅਤੇ ਸੰਗਤਾਂ ਤੇ ਗੋਲੀ ਚਲਾ ਕੇ ਨੌਜੁਆਨਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 302 ਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਸਿੱਖ ਸੰਗਤ ਵਿਚ ਰੋਸ ਵਿੱਚ ਵਾਧਾ ਹੁੰਦਾ ਜਾਵੇਗਾ। ਉਨ੍ਹਾਂ ਸਖ਼ਤ ਲਫ਼ਜ਼ਾਂ ਵਿਚ ਕਿਹਾ ਕਿ ਜੇਕਰ ਸੰਗਤ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਗਿਆ ਤਾਂ ਅਤੇ ਜੋ ਸਿੰਘ ਕੋਟਕਪੂਰੇ ਸ਼ਹੀਦ ਹੋਏ ਹਨ ਉਨ੍ਹਾਂ ਦੇ ਭੋਗਾਂ ਤੋਂ ਬਾਅਦ ਸੰਘਰਸ਼ ਦੀ ਰੂਪ ਰੇਖਾ ਹੀ ਬਦਲ ਦਿੱਤੀ ਜਾਵੇਗੀ।ਇਸ ਉਪਰੰਤ ਬਾਬਾ ਅਵਤਾਰ ਸਿੰਘ ਪ੍ਰਕਾਸ਼ ਕੁਟੀਆ ਵਾਲਿਆਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਸਰਕਾਰ ਤੁਰੰਤ ਮੁਅੱਤਲ ਕਰੇ, ਕੌਮ ਦੀ ਹੇਠੀ ਕਰਵਾਉਣ ਵਾਲੇ ਤਖ਼ਤਾਂ ਦੇ ਪੰਜੇ ਜਥੇਦਾਰ ਜਿਨ੍ਹਾਂ ਨੇ ਸਿੱਖ ਪੰਥ ਦੇ ਹਿਰਦਿਆਂ ਨੂੰ ਆਪਣੇ ਗ਼ਲਤ ਹੁਕਮਨਾਮਿਆਂ ਰਾਹੀ ਵਲੂੰਧਰਿਆ ਹੈ, ਉਹ ਤੁਰੰਤ ਅਸਤੀਫ਼ਾ ਦੇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੇ 302 ਦਾ ਮੁਕੱਦਮਾ ਚਲਾ ਕੇ ਤੁਰੰਤ ਫਾਂਸੀ ਦਿੱਤੀ ਜਾਵੇ। ਇਸ ਮੌਕੇ ਨਿਹੰਗ ਸਿੰਘ ਹਿੰਮਤ ਸਿੰਘ ਬਿਸਨਗੜ੍ਹ, ਨਿਹੰਗ ਸਿੰਘ, ਮਲਕੀਤ ਸਿੰਘ ਕਲਿਆਣ, ਨਿਹੰਗ ਸਿੰਘ ਪਰਮਜੀਤ ਸਿੰਘ ਜਲਵਾਣਾ, ਨਿਹੰਗ ਸਿੰਘ ਬਲਵੰਤ ਸਿੰਘ ਸੰਦੌੜ, ਨਿਹੰਗ ਸਿੰਘ ਅਮਰੀਕ ਸਿੰਘ ਕਸਬਾ, ਨਿਹੰਗ ਸਿੰਘ ਪਿਆਰਾ ਸਿੰਘ ਕਸਬਾ, ਨਿਹੰਗ ਸਿੰਘ ਗੁਰਵਿੰਦਰ ਸਿੰਘ, ਜਥੇਦਾਰ ਕੁਲਵੰਤ ਸਿੰਘ, ਜਥੇਦਾਰ ਮਹੌਲੀ ਖ਼ੁਰਦ, ਬਾਬਾ ਅਵਤਾਰ ਸਿੰਘ ਕਲਿਆਣ ਵਾਲੇ, ਭਾਈ ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਭਾਈ ਸੇਵਕ ਸਿੰਘ ਕਲਿਆਣ, ਭਾਈ ਪਿਆਰਾ ਸਿੰਘ ਕਲਿਆਣ, ਤਾਰ ਸਿੰਘ ਪੰਚ ਕਲਿਆਣ, ਲਾਭ ਸਿੰਘ ਜਲਵਾਣਾ, ਚਮਕੌਰ ਸਿੰਘ ਜਲਵਾਣਾ, ਸੁਰਜੀਤ ਸਿੰਘ ਜਲਵਾਣਾ, ਅਰਸਾ ਸਿੰਘ ਫੌਜੀ, ਕਰਤਾਰ ਸਿੰਘ ਮਹੌਲੀ ਖ਼ੁਰਦ, ਬਿੱਲੂ ਸਿੰਘ, ਕਰਨੈਲ ਸਿੰਘ ਮਹਿੰਦਰ ਸਿੰਘ, ਸਤਿਨਾਮ ਸਿੰਘ ਬੁੱਟਰ ਤੋ ਇਲਾਵਾ ਸੰਗਤਾਂ ਦਾ ਭਾਰੀ ਇਕੱਠ ਨੇ ਹਾਜ਼ਰੀ ਭਰੀ।
Punjab Post Daily Online Newspaper & Print Media