
ਮਾਲੇਰਕੋਟਲਾ, 20 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਆਗੂ ਜਸਪ੍ਰੀਤ ਕੌਰ ਤੇ ਸੁਖਦੀਪ ਸਿੰਘ ਨੇ ਪਿੰਡ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਸਰਕਾਰੀ ਏਜੰਸੀਆਂ ਦਾ ਹੱਥ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਨਰਮਾ ਮਾਰਿਆ ਗਿਆ ਤੇ ਬਾਸਮਤੀ ਦਾ ਘੱਟ ਮੁੱਲ ਤੈਅ ਕੀਤਾ ਗਿਆ ਤਾਂ ਘਟੀਆਂ ਕਿਸਮਾਂ ਦੀਆਂ ਦਵਾਈਆਂ ਦੇਣ ਵਿੱਚ ਖੇਤੀ ਮੰਤਰੀ ਤੋਤਾ ਸਿੰਘ ਅਤੇ ਮਾਲਵਾ ਜੋਨ ਵਿਖੇ ਕਰਾਉਨ ਕੰਪਨੀ ਨੂੰ 10 ਹਜ਼ਾਰ ਕਰੌੜ ਰੁਪਏ ਦੇਣ ਵਿੱਚ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਬੋਲਦਾ ਸੀ। ਇਸ ਤਰ੍ਹਾਂ ਕਿਸਾਨਾਂ ਨੇ ਰੇਲਾਂ ਰੋਕੀਆਂ ਤੇ ਇਸ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਸੀ। ਕਿਸਾਨਾਂ ਦਾ ਧਿਆਨ ਹਟਾਉਣ ਲਈ ਵੀ ਇਸ ਘਟਨਾਂ ਨੂੰ ਜਨਮ ਦਿੱਤਾ ਹੋ ਸਕਦਾ ਹੈ। ਕਿਉਂਕਿ ਜਦੋਂ ਮੁਜੱਫਰਨਗਰ, ਗੁਜਰਾਤ ਅਤੇ 1984 ਵਿੱਚ ਦੰਗੇ ਸਰਕਾਰ ਕਰਵਾ ਸਕਦੀ ਹੈ ਤਾਂ ਹੁਣ ਵੀ ਸਰਕਾਰ ਕਿਉਂ ਅਜਿਹਾ ਨਹੀਂ ਕਰਵਾ ਸਕਦੀ। ਉਹਨਾ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਕੌਰ, ਹਰਵਿੰਦਰ ਸਿੰਘ, ਬਾਬਰ ਅਲੀ ਦੇ ਨਾਂ ਸ਼ਾਮਿਲ ਹਨ।
Punjab Post Daily Online Newspaper & Print Media