
ਨਵੀਂ ਦਿੱਲੀ, 19 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੱਲ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਗਈ ਮੁਲਾਕਾਤ ਪੰਜਾਬ ਤੋਂ ਆਰ.ਐਸ.ਐਸ ਦੇ ਇੱਕ ਵੱਡੇ ਆਗੂ ਵੱਲੋਂ ਕਰਵਾਏ ਜਾਣ ਦਾ ਕਥਿਤ ਖੁਲਾਸਾ ਸਾਹਮਣੇ ਆਇਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਰਨਾ ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਸਰਨੇ ਨੂੰ ਕੌਮੀ ਹਿੱਤਾਂ ਦੀ ਦੁਹਾਈ ਦੇਣ ਦੀ ਆੜ ਵਿੱਚ ਢੋਂਗ ਰਚਣ ਦਾ ਦੋਸ਼ੀ ਦੱਸਿਆ ਹੈ।ਸਿਰਸਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਨਾ ਆਰ.ਐਸ.ਐਸ. ਨੂੰ ਪਾਣੀ ਪੀ-ਪੀ ਕੇ ਸਿੱਖ ਕੌਮ ਦੀ ਦੁਸ਼ਮਣ ਜਮਾਤ ਦੱਸਦੇ ਹਨ ਤੇ ਦੂਜੇ ਪਾਸੇ ਆਪਣੇ ਸਾਜਿਸ਼ੀ ਮਨਸੂਬਿਆਂ ਨੂੰ ਸਿਰੇ ਚੜਾਉਣ ਵਾਸਤੇ ਉਸਦੇ ਆਗੂਆਂ ਤੋਂ ਸ਼ਿਫਾਰਸ਼ ਕਰਵਾ ਕੇ ਗ੍ਰਹਿ ਮੰਤਰੀ ਨਾਲ ਮਿਲਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਤੇ ਸਿਰਸਾ ਨੇ ਸਰਨਾ ਤੇ ਦੋਹਰਾ ਸਟੈਂਡ ਰੱਖਣ ਦਾ ਵੀ ਦੋਸ਼ ਲਗਾਇਆ। ਸਿਰਸਾ ਨੇ ਸਵਾਲ ਕੀਤਾ ਕਿ ਜੇਕਰ ਸਰਨਾ ਸੱਚ ਵਿੱਚ ਆਪਣੇ ਜਮੀਰ ਦੀ ਆਵਾਜ਼ ਨੂੰ ਸੁਣਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਅਧਾਰ ਬਣਾ ਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਦੀ ਮੰਗ ਕਰਨ ਲਈ ਗ੍ਰਹਿ ਮੰਤਰੀ ਕੋਲ ਗਏ ਸੀ ਤਾਂ ਸਰਨਾ ਨੇ 1984 ਵਿੱਖੇ ਕਾਂਗਰਸ ਸਰਕਾਰ ਦੇ ਹੁਕਮ ਤੇ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਏ ਹਮਲੇ ਦੌਰਾਨ ਪਵਿੱਤਰ ਸਰੂਪਾਂ ਨੂੰ ਗੋਲੀ ਮਾਰਨ ਦੇ ਦੋਸ਼ੀ ਲੋਕਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕਿਉਂ ਨਹੀਂ ਕੀਤੀ? ਸਿਰਸਾ ਨੇ ਕਿਹਾ ਕਿ ਸਰਨਾ ਨੇ ਆਪਣੇ ਇਸ ਵਿਵਹਾਰ ਨਾਲ ਇੱਕ ਵਾਰ ਫਿਰ ਪੰਥ ਦੀ ਦੁਸ਼ਮਣ ਕਾਂਗਰਸ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਂਦੇ ਹੋਏ ਇਹ ਸਾਬਤ ਕਰ ਦਿੱਤਾ ਹੈ ਕਿ ਸਰਨਾ ਦੀ ਵਫ਼ਾਦਾਰੀ ਗੁਰੂ ਗ੍ਰੰਥ ਤੇ ਪੰਥ ਨਾਲ ਨਾ ਹੋ ਕੇ ਕਾਂਗਰਸ ਪਾਰਟੀ ਨਾਲ ਹੈ।ਜਦਕਿ ਪੰਥ ਦਰਦ ਦਾ ਪ੍ਰਗਟਾਵਾ ਕਰਨ ਗਏ ਸਰਨਾ ਨੂੰ ਗ੍ਰਹਿ ਮੰਤਰੀ ਅੱਗੇ ਪੰਥ ਦੇ ਦੋਸ਼ੀ ਗਾਂਧੀ ਪਰਿਵਾਰ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰਨੀ ਚਾਹੀਦੀ ਸੀ।
ਸਿਰਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁਚੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਨਾਲ ਜੁੜਨ ਦਾ ਸੁਨੇਹਾ ਦਿੰਦੇ ਹਨ ਪਰ ਕੌਮ ਦੇ ਅਖੌਤੀ ਪੰਥਕ ਆਗੂ ਇਸ ਥਾਂ ਤੇ ਵੀ ਕੌਮ ਨੂੰ ਬੇਵਕੂਫ ਬਣਾਉਣ ਵਾਸਤੇ ਗੁਰੂ ਦੇ ਦੋਸ਼ੀਆਂ ਨੂੰ ਵੀ ਵੱਖ-ਵੱਖ ਵਰਗਾਂ ਵਿਚ ਵੰਡ ਕੇ ਅੰਗਰੇਜਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ।ਸਰਨਾ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਜਤਾਉਣ ਨੂੰ ਵੀ ਸਿਰਸਾ ਨੇ ਸਰਨਾ ਤੇ ਗੁਰਮਤਿ ਦੀ ਬਜਾਏ ਸਿਆਸ਼ੀ ਮੱਤ ਹਾਵੀ ਹੋਣ ਦਾ ਵੀ ਦੋਸ਼ ਲਗਾਇਆ।ਸਿਰਸਾ ਨੇ ਕਿਹਾ ਕਿ ਕਾਂਗਰਸ ਨਾਲ ਸਾਂਝ ਰੱਖਣ ਵਾਲੇ ਪੰਥ ਦੇ ਆਲੰਬਰਦਾਰ ਹੋਣ ਦਾ ਦਾਅਵਾ ਨਹੀਂ ਕਰ ਸਕਦੇ ਹਨ।
Punjab Post Daily Online Newspaper & Print Media