Friday, July 24, 2026

ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ‘ਤੇ ਅਫ਼ਸੋਸ ਪ੍ਰਗਟ ਕੀਤਾ

ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਛੀਨਾ ਨੇ ਕੀਤੀ ਅਪੀਲ

Rajinder Mohan S Chhinaਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਹੋ ਰਹੀ ਬੇਅਦਬੀ ‘ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿੱਚ ਅਮਨ ਤੇ ਸ਼ਾਂਤੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਪਵਿੱਤਰ ਸਰੂਪਾਂ ਦੇ ਕੀਤੇ ਜਾ ਰਹੇ ਅਪਮਾਨ ਅਸਹਿ ਹਨ ਅਤੇ ਇਸਦੀ ਜਿੰਨ੍ਹੀ ਵੀ ਨਿੰਦਿਆ ਕੀਤੀ ਜਾਵੇ ਘੱਟ ਹੈ।
ਸ: ਛੀਨਾ ਨੇ ਕਿਹਾ ਕਿ ਖ਼ਾਲਸਾ ਕਾਲਜ ਸਮੂਹ ਮੈਨੇਜ਼ਮੈਂਟ ਜਿਸ ਵਿੱਚ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਤੋਂ ਇਲਾਵਾ ਹੋਰ ਸਮੂੰਹ ਅਹੁੱਦੇਦਾਰ ਅਤੇ ਪ੍ਰਿੰਸੀਪਲਜ਼ ਸ਼ਾਮਿਲ ਹਨ, ਨੇ ਇਨ੍ਹਾਂ ਘਟਨਾਵਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਦੁਨੀਆਂ ਨੂੰ ਆਪਸੀ ਭਾਈਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ‘ਤੇ ਹੋਏ ਹਮਲੇ ਪੂਰੀ ਖਲਕਤ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਹਰੇਕ ਧਰਮ ਦੇ ਲੀਡਰਾਂ ਨੂੰ ਇਕਜੁਟ ਹੋ ਕੇ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਲਈ ਮਿਲਕੇ ਅਰਦਾਸ ਕਰਨੀ ਚਾਹੀਦੀ ਹੈ।
ਸ: ਛੀਨਾ ਜੋ ਕਿ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪਿਛਲੇ ਦਿਨੀਂ ਪਾਰਟੀ ਦੇ ਵਫ਼ਦ ਨਾਲ ਉਹ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸਨ ਅਤੇ ਬਹੁਤ ਸਾਰੇ ਭੱਖਦੇ ਮਸਲਿਆਂ ‘ਤੇ ਗੱਲਬਾਤ ਸਾਂਝੀ ਹੋਈ ਸੀ, ਜਿਸ ਵਿੱਚ ਸ: ਬਾਦਲ ਨੇ ਪਵਿੱਤਰ ਬੀੜਾਂ ‘ਤੇ ਹੋਏ ਹਮਲਿਆਂ ਵਿੱਚ ਸ਼ਾਮਿਲ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਪਰ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਹਮਲਿਆਂ ਨੂੰ ਅਜੇ ਕੋਈ ਠੱਲ੍ਹ ਨਹੀਂ ਪਈ, ਜਿਸਦੀ ਤਾਜਾ ਮਿਸਾਲ ਅੱਜ ਬਠਿੰਡਾ ਵਿਖੇ ਫ਼ਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਵਿਖੇ ਜਲਦ ਹੀ ‘ਭੁਲ ਬਖਸ਼ਾਓ ਅਰਦਾਸ’ ਦਾ ਆਯੋਜਨ ਕੀਤਾ ਜਾਵੇਗਾ।
ਸ: ਛੀਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 2 ਗ੍ਰੰਥੀਆਂ ਸਮੇਤ ਇਕ ਔਰਤ ਸਬੰਧੀ ਜਿੱਥੇ ਪੁਲਿਸ ਦੀ ਕਾਰਵਾਈ ਲਈ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤਾਂ ਜੋ ਅਗਾਂਹ ਤੋਂ ਕੋਈ ਵੀ ਵਿਅਕਤੀ ਕਿਸੇ ਵੀ ਧਾਰਮਿਕ ਭਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਜੁਰਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਹਰੇਕ ਧਰਮ ਸਤਿਕਾਰਯੋਗ ਤੇ ਪੂਜਨਯੋਗ ਹੈ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply