Tuesday, July 21, 2026

ਰਾਜਸਥਾਨ ਦੇ ਕਾਲਬੇਲੀਆ ਲੋਕ ਨਾਚ ਨੇ ਦਰਸ਼ਕਾਂ ਦਾ ਮਨ ਮੋਹਿਆ

ਖੇਤਰੀ ਸਰਸ ਮੇਲੇ ਦੇ ਪਹਿਲੇ ਦਿਨ ਹੀ ਮੇਲਾ ਪ੍ਰੇਮੀਆਂ ਦੀ ਲੱਗੀ ਭੀੜ

PPN2410201514

ਹੁਸ਼ਿਆਰਪੁਰ, 24 ਅਕਤੂਬਰ (ਸਤਵਿੰਦਰ ਸਿੰਘ)- ਨਵੰਬਰ ਤੱਕ ਚੱਲਣ ਵਾਲਾ ਖੇਤਰੀ ਸਰਸ ਮੇਲਾ ਹੁਸ਼ਿਆਰਪੁਰ ਦੇ ਆਊਟਡੋਰ ਸਟੇਡੀਅਮ ਵਿਖੇ ਸ਼ੁਰੂ ਹੋ ਚੁੱਕਾ ਹੈ ਅਤੇ ਮੇਲੇ ਦੇ ਪਹਿਲੇ ਦਿਨ ਹੀ ਦਰਸ਼ਕਾਂ ਦੇ ਉਤਸ਼ਾਹ ਤੋਂ ਪਤਾ ਲੱਗਦਾ ਹੈ ਕਿ ਉਹ ਭਾਰਤ ਦੀਆਂ ਵੱਖ-ਵੱਖ ਵੰਨਗੀਆਂ ਦੇਖਣ ਲਈ ਕਿੰਨੇ ਉਤਾਵਲੇ ਹਨ। ਜਿੱਥੇ ਅੱਜ ਹੱਥ ਨਾਲ ਬਣੀਆਂ ਵਸਤਾਂ ਖਰੀਦਣ ਲਈ ਲੋਕ ਉਤਸ਼ਾਹਿਤ ਦਿਖੇ, ਉਥੇ ਰਾਜਾਂ ਦੇ ਪ੍ਰਸਿੱਧ ਲੋਕ ਨਾਚ ਦੇਖਣ ਲਈ ਵੀ ਭਾਰੀ ਉਤਸ਼ਾਹ ਵੇਖਿਆ ਗਿਆ। ਅੱਜ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਜਦੋਂ ਸਭਿਆਚਾਰਕ ਸਮਾਰੋਹ ਸ਼ੁਰੂ ਕੀਤਾ ਗਿਆ ਤਾਂ ਮੇਲਾ ਪ੍ਰੇਮੀ ਦੇਖੇ ਬਗੈਰ ਨਾ ਰਹਿ ਸਕੇ। ਰਾਜਸਥਾਨ ਦੇ ਕਾਲਬੇਲੀਆ ਲੋਕ ਨਾਚ ਨੇ ਤਾਂ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਹੋਰ ਰਾਜਾਂ ਦੇ ਲੋਕ ਨਾਚਾਂ ਕੁਡ, ਗਾਟੂ, ਬੋਰੋ, ਚਿਰਾਓ, ਵਾਰ ਤੋਂ ਇਲਾਵਾ ਬੀਨ ਜੋਗੀ ਦੀ ਵੰਨਗੀ ਵੀ ਖਿੱਚ ਦਾ ਕੇਂਦਰ ਰਹੀ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਖੇਤਰੀ ਸਰਸ ਮੇਲਾ ਹੁਸ਼ਿਆਰਪੁਰ ਇਲਾਕੇ ਲਈ ਇਕ ਤੋਹਫ਼ਾ ਹੈ, ਕਿਉਂਕਿ ਇਥੋਂ ਭਾਰਤ ਦੇ ਸੱਭਿਆਚਾਰ ਦੀ ਝਲਕ ਦੇਖੀ ਜਾ ਸਕਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਭਾਰਤੀ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਮੇਲੇ ਵਿਚ ਜ਼ਰੂਰ ਲਿਆਉਣ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਖੇਤਰ ਵਿਚ ਇਹ ਮੇਲਾ ਵਿਦਿਆਰਥੀਆਂ ਲਈ ਬੜਾ ਸਹਾਈ ਸਿੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੱਖਰੇ-ਵੱਖਰੇ ਸਭਿਆਚਾਰ ਦੇ ਨਾਲ ਵੱਖ-ਵੱਖ ਰਾਜਾਂ ਦੇ ਖਾਣ-ਪੀਣ ਅਤੇ ਦਸਤਕਾਰੀ ਦਾ ਸੁਮੇਲ ਇਹ ਮੇਲਾ ਇਤਿਹਾਸ ਸਿਰਜੇਗਾ, ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੇਲਾ ਦੇਖਣ ਲਈ ਆ ਰਹੇ ਹਨ। ਨਾਰਥ ਜ਼ੋਨ ਸੈਂਟਰ ਦੀ ਅਗਵਾਈ ਵਿਚ ਖੇਤਰੀ ਸਰਸ ਮੇਲੇ ਵਿਚ ਓਕਟੇਵ-2015 ਤਹਿਤ ਨਾਰਥ ਅਤੇ ਈਸਟ ਜ਼ੋਨ ਦੇ ਕਲਾਕਾਰਾਂ ਵਲੋਂ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਮੇਲੇ ਵਿਚ ਹਰ ਰੋਜ਼ ਨਾਰਥ ਵਿਚ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਅਤੇ ਯੂ.ਟੀ ਚੰਡੀਗੜ੍ਹ ਵਲੋਂ ਆਪੋ-ਆਪਣੇ ਰਾਜਾਂ ਦੇ ਪ੍ਰਸਿੱਧ ਲੋਕ ਨਾਚ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਈਸਟ ਜ਼ੋਨ ਵਿਚ ਆਸਾਮ, ਸਿੱਕਮ, ਮੇਘਾਲਿਆ, ਤ੍ਰਿਪੁਰਾ, ਮਨੀਪੁਰ, ਮਿਜੋਰਮ, ਅਰੁਣਾਂਚਲ ਪ੍ਰਦੇਸ਼ ਅਤੇ ਨਾਗਾਲੈਂਡ ਦੀਆਂ ਟੀਮਾਂ ਵਲੋਂ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਰਾਜਾਂ ਤੋਂ ਆਏ ਦਸਤਕਾਰਾਂ ਅਤੇ ਕਲਾਕਾਰਾਂ ਨੇ ਇਕ ਮੰਚ ‘ਤੇ ਆਕੇ ਭਾਰਤ ਨੂੰ ਇਕ ਲੜੀ ਵਿਚ ਪਰੋ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਆਏ ਦਰਸ਼ਕਾਂ ਨੇ ਜਿੱਥੇ ਦਸਤਕਾਰੀ ਦਾ ਜਲਵਾ ਦੇਖਿਆ, ਉਥੇ ਭਾਰਤ ਦੇ ਵੱਖ-ਵੱਖ ਰਾਜਾਂ ਦਾ ਸਭਿਆਚਾਰਕ ਪ੍ਰੋਗਰਾਮ ਵੀ ਦੇਖਿਆ ਗਿਆ। ਮੰਚ ਸੰਚਾਲਨ ਸੰਜੀਵ ਦਿਲਸ਼ਾਦ ਨੇ ਕੀਤਾ। ਖੇਤਰੀ ਮੇਲੇ ਦੇ ਪਹਿਲੇ ਦਿਨ ਅੱਜ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਸ਼੍ਰੀ ਅਨੰਦ ਸਾਗਰ ਸ਼ਰਮਾ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਹਿੰਮਾਂਸ਼ੂ ਅਗਰਵਾਲ ਅੰਡਰ ਟਰੇਨਿੰਗ ਆਈ ਏ ਐਸ, ਜ਼ਿਲ੍ਹਾ ਮਾਲ ਅਫ਼ਸਰ ਅਮਰਪਾਲ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ ਸਮੇਤ ਭਾਰੀ ਸੰਖਿਆ ਵਿੱਚ ਪਤਵੰਤੇ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply