Saturday, April 25, 2026

ਖਾਲਸਾ ਕਾਲਜ ਆਫ ਐਜੂਕੇਸ਼ਨ ਵੱਲੋ ਨਵੀਂ ਸਿੱਖਿਆ ਨੀਤੀ-2016 ਸਬੰਧੀ ਸੈਮੀਨਾਰ – ਪਾਂਡਾ

PPN2510201509ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅਧਿਆਪਕ ਸਿਖਲਾਈ ਦੇ ਖੇਤਰ ਵਿੱਚ ਦੇਸ਼ ਦੀ ਉਚਤਮ ਸੰਸਥਾ ਨੈਸ਼ਨਲ ਕੌਂਸ਼ਲ ਫਾਰ ਟੀਚਰ ਐਜੂਕੇਸ਼ਨ ਦੁਆਰਾ ਨਵੀਂ ਸਿੱਖਿਆ ਨੀਤੀ-2016 ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਇਕ ਰਾਸ਼ਟਰੀ ਪੱਧਰ ਦੇ ਅਹਿਮ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੇ ਚੇਅਰਮੈਨ ਸ੍ਰੀ ਸੰਤੋਸ਼ ਕੁਮਾਰ ਪਾਂਡਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ: ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਸਰਕਾਰ ਦੁਆਰਾ ਨਵੀਂ ਸਿੱਖਿਆ ਨੀਤੀ ਬਣਾਉਣ ਦੇ ਉਪਰਾਲੇ ਸ਼ਲਾਘਾਯੋਗ ਹਨ। ਇਸ ਮੌਕੇ ਸ੍ਰੀ ਪਾਂਡਾ ਨੇ ਨਵੀਂ ਸਿੱਖਿਆ ਨੀਤੀ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਪਹਿਲਾਂ ਵੀ 1986 ਅਤੇ 1992 ਵਿੱਚ ਸਿੱਖਿਆ ਨੀਤੀ ਬਣਾਈ ਜਾ ਚੁੱਕੀ ਹੈ ਅਤੇ ਉਦੋ ਤੋਂ ਲੈ ਕੇ ਹੁਣ ਤੱਕ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੇ ਬਦਲਾਵ ਆਏ ਹਨ।ਵਰਤਮਾਨ ਜਨ-ਸੰਖਿਆ ਦੀਆਂ ਸਿੱਖਿਆ ਸੰਬੰਧੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਰੂਰੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਬਦਲਾਵ ਲਿਆਂਦੇ ਜਾਣ ਅਤੇ ਭਵਿੱਖ ਦੇ ਵਿਦਿਆਰਥੀਆਂ ਨੂੰ ਮਿਆਰੀ ਕੌਂਸਲ ਭਰਪੂਰ ਸਿੱਖਿਆ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਇਸ ਸਿੱਖਿਆ ਨੀਤੀ ਸੰਬੰਧੀ ਤਿੰਨ ਮੀਟਿੰਗਾਂ (ਪੂਰਬ, ਪੱਛਮ ਅਤੇ ਦੱਖਣ ਜੋਨ) ਪਹਿਲਾਂ ਹੀ ਹੋ ਚੁੱਕੀਆਂ ਹਨ ਅਤੇ ਉਤਰ ਖੇਤਰ ਵਿੱਚ ਚੌਥੀ ਮੀਟਿੰਗ ਲਈ ਇਸ ਖੇਤਰ ਦੀ ਸਭ ਤੋਂ ਪ੍ਰਭਾਵਸ਼ਾਲੀ ਸੰਸਥਾ ਖਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ। ਇਸ ਮੌਕੇ ਆਏ ਹੋਏ ਉਘੇ ਸਿੱਖਿਆ ਸ਼ਾਸ਼ਤਰੀਆਂ ਨੂੰ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਵਿਚਾਰ ਵਟਾਂਦਰਾ ਹੀ ਨਵੀਂ ਸਿੱਖਿਆ ਨੀਤੀ ਨੂੰ ਅਧਾਰ ਪ੍ਰਦਾਨ ਕਰੇਗਾ। ਇਸ ਮੌਕੇ ਪ੍ਰੋ: ਐਸ. ਕੇ. ਯਾਦਵ (ਅਕਾਦਮਿਕ ਸਲਾਹਕਾਰ, ਐਨ.ਸੀ.ਟੀ.ਈ.) ਨੇ ਮੀਟਿੰਗ ਕਨਵੀਨਰ ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਪ੍ਰੋ: ਐਨ. ਕੇ. ਜੰਗੀਰਾ (ਸਾਬਕਾ ਪ੍ਰੋ: ਅਤੇ ਮੁੱਖੀ, ਐਨ. ਸੀ. ਆਰ. ਟੀ.),ਡਾ. ਰਾਕੇਸ਼ ਤੋਮਰ (ਅੰਡਰ ਸੈਕ੍ਰੇਟਰੀ, ਸੀ. ਡੀ. ਐਨ.), ਪ੍ਰੋ: ਐਨ. ਕੇ. ਅੰਬਸ਼ਟ (ਸਾਬਕਾ ਚੇਅਰਮੈਨ, ਐਨ. ਆਈ.ਓ. ਐਸ., ਨਵੀ ਦਿੱਲੀ), ਪ੍ਰੋ: ਸਰੋਜ ਸ਼ਰਮਾ (ਸਾਬਕਾ ਡੀਨ, ਸ੍ਰੀ ਗੁਰੂ ਗੋਬਿੰਦ ਸਿੰਘ ਇੰਦਰਾਪ੍ਰਸ ਯੂਨੀਵਰਸਿਟੀ, ਨਵੀਂ ਦਿੱਲੀ) ਅਤੇ ਹੋਰ ਸਿੱਖਿਆ ਸ਼ਾਸ਼ਤਰੀਆਂ ਨੇ ਨਵੀ ਸਿੱਖਿਆ ਨੀਤੀ ਸੰਬੰਧੀ ਆਪਣੇ ਸੁਝਾਅ ਪੇਸ਼ ਕੀਤੇ ।  ਮੀਟਿੰਗ ਵਿੱਚ ਉਤਰ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਕਾਲਜਾਂ ਦੇ ਪ੍ਰਿੰਸੀਪਲ, ਆਈ. ਏ. ਐਸ. ਅਫਸਰਾਂ, ਜ਼ਿਲ੍ਹਾ ਸਿੱਖਿਆ ਸਿਖਲਾਈ ਕੇਂਦਰਾਂ, ਸਰਕਾਰੀ ਵਿਭਾਗਾਂ ਦੇ ਉਚ ਅਧਿਕਾਰੀ ਅਤੇ ਲਗਭਗ 75 ਉਘੇ ਵਿਦਵਾਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ (ਜੰਮੂ-ਕਸ਼ਮੀਰ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ) ਵਿੱਚੋ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ।ਅੰਤ ਵਿੱਚ ਪ੍ਰਿੰ. ਡਾ. ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply