
ਅੰਮ੍ਰਿਤਸਰ, 26 ਅਕਤੂਬਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਕੂਲੀ ਬੱਚਿਆਂ ਦੇ ਰਾਗਾਂ ‘ਤੇ ਅਧਾਰਿਤ ਕੀਰਤਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪੰਜਾਬ ਭਰ ਤੋਂ 23 ਸਕੂਲਾਂ ਦੇ 138 ਬੱਚਿਆਂ ਨੇ ਹਿੱਸਾ ਲਿਆ।ਕੀਰਤਨੀ ਜਥੇ ਵਿੱਚ ਛੇ ਮੈਂਬਰਾਂ ਦਾ ਹੋਣਾ ਲਾਜ਼ਮੀ ਸੀ ਤੇ ਹਰੇਕ ਜਥੇ ਨੂੰ ਤਕਰੀਬਨ 10 ਮਿੰਟ ਦਾ ਸਮਾਂ ਦਿੱਤਾ ਗਿਆ।
ਸਕੂਲੀ ਬੱਚਿਆਂ ਦੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਨ ਸਮੇਂ ਸ਼ਬਦ ਗਿਆਨ ਤੇ ਰਾਗ ਦੀ ਸੂਜ ਨੂੰ ਪਰਖਣ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਪੋ੍ਰ: ਰਵੇਲ ਸਿੰਘ ਅਤੇ ਭਾਈ ਨਰਿੰਦਰ ਸਿੰਘ ਬਨਾਰਸ ਵਾਲੇ ਸਾਬਕਾ ਹਜ਼ੂਰੀ ਰਾਗੀ ਨੇ ਬਤੌਰ ਜੱਜ ਦੀ ਸੇਵਾ ਨਿਭਾਈ।ਸਮੁੱਚੇ ਪ੍ਰੋਗਰਾਮ ਦੀ ਨਿਗਰਾਨੀ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕੀਤੀ।ਕੀਰਤਨ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 29 ਅਕਤੂਬਰ ਨੂੰ ਪ੍ਰਕਾਸ਼-ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ।ਇਸ ਸਮੇਂ ਸ. ਤਰਸੇਮ ਸਿੰਘ ਪ੍ਰਚਾਰਕ ਨੇ ਸਟੇਜ ਦੀ ਸੇਵਾ ਨਿਭਾਈ।ਇਸ ਮੌਕੇ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਸ. ਸਤਵਿੰਦਰ ਸਿੰਘ, ਪੋ੍ਰ: ਮਨਜੀਤ ਕੌਰ ਤੇ ਬੀਬੀ ਕਿਰਨਦੀਪ ਕੌਰ ਰੀਸਰਚ ਸਕਾਲਰ, ਸ. ਜਸਪਾਲ ਸਿੰਘ, ਸ. ਹਰਵਿੰਦਰ ਸਿੰਘ ਤੇ ਸ. ਗਗਨਦੀਪ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media