
ਮਾਲੇਰਕੋਟਲਾ (ਸੰਦੌੜ), 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਭਾਰਤ ਦੇ ਸਮੁੱਚੇ ਡਾਕਘਰਾਂ ਨੂੰ ਕੋਰ ਬੈਂਕਿੰਗ ਪ੍ਰਣਾਲੀ (ਆਨਲਾਈਨ ਬੈਂਕਿੰਗ) ਨਾਲ ਜੋੜਨ ਦੀ ਪ੍ਰਕਿਰਿਆ ਅਧੀਨ ਅੱਜ ਕਾਲਜ ਰੋਡ ਤੇ ਸਥਿਤ ਮਾਲੇਰਕੋਟਲਾ ਉਪ ਡਾਕਘਰ ਵਿੱਚ ਕੋਰ ਬੈਂਕਿੰਗ ਪ੍ਰਣਾਲੀ ਦਾ ਸ਼ੁਭ ਆਰੰਭ ਸ. ਦਿਲਬਾਗ ਸਿੰਘ ਸੂਰੀ, ਸੁਪਰਡੈਂਟ ਡਾਕਘਰ, ਸੰਗਰੂਰ ਡਵੀਜਨ ਦੁਆਰਾ ਕੀਤਾ ਗਿਆ। ਕੋਰ ਬੈਂਕਿੰਗ ਪ੍ਰਣਾਲੀ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ.ਸੂਰੀ ਨੇ ਦੱਸਿਆ ਕਿ ਕਾਲਜ ਰੋਡ ਮਾਲੇਰਕੋਟਲਾ ਡਾਕਘਰ ਦੇ ਸਾਰੇ ਖਾਤਾਧਾਰਕ ਹੁਣ ਭਾਰਤ ਦੇ ਕਿਸੇ ਵੀ ਡਾਕਘਰ, ਜਿੱਥੇ ਕੋਰ ਬੈਂਕਿੰਗ ਪ੍ਰਣਾਲੀ ਦੀ ਸੁਵਿਧਾ ਮੌਜੂਦ ਹੈ, ਵਿੱਚ ਆਪਣੇ ਖਾਤੇ ਵਿੱਚੋਂ ਨਕਦੀ ਕਢਵਾ ਜਾਂ ਜਮ੍ਹਾ ਕਰਵਾ ਸਕਦੇ ਹਨ ਅਤੇ ਇਸੇ ਤਰ੍ਹਾਂ ਭਾਰਤ ਦੇ ਕਿਸੇ ਵੀ ਡਾਕਘਰ, ਜਿੱਥੇ ਕੋਰ ਬੈਂਕਿੰਗ ਪ੍ਰਣਾਲੀ ਦੀ ਸੁੁਵਿਧਾ ਮੌਜੂਦ ਹੈ, ਦੇ ਖਾਤਾਧਾਰਕ ਕਾਲਜ ਰੋਡ ਮਾਲੇਰਕੋਟਲਾ ਡਾਕਘਰ ਵਿਖੇ ਅਪਣੇ ਰੁਪਏ ਜਮ੍ਹਾ ਜਾਂ ਕਢਵਾ ਸਕਦੇ ਹਨ। ਸ.ਸੂਰੀ ਨੇ ਦੱਸਿਆ ਕਿ ਕਾਲਜ ਰੋਡ ਮਾਲੇਰਕੋਟਲਾ ਉਪ ਡਾਕਘਰ ਦੇ ਆਨਲਾਈਨ ਹੋਣ ਨਾਲ ਇਸ ਇਲਾਕੇ ਵਿੱਚ ਵਸਦੇ ਵਿਦਿਆਰਥੀ, ਵਪਾਰੀ, ਪੈਨਸ਼ਨਰ ਆਦਿ ਵਰਗ ਨੂੰ ਭਰਪੂਰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਕਾਲਜ ਰੋਡ ਮਾਲੇਰਕੋਟਲਾ ਉਪ ਡਾਕਘਰ ਸੰਗਰੂਰ ਅਤੇ ਬਰਨਾਲਾ ਜਿਲਿਆਂ ਦਾ ਸੱਤਵਾਂ ਉਪ ਡਾਕਘਰ ਹੈ ਜਿਹੜਾ ਕਿ ਅੱਜ ਆਨਲਾਈਨ ਕੀਤਾ ਜਾ ਰਿਹਾ ਹੈ। ਕਾਲਜ ਰੋਡ ਮਾਲੇਰਕੋਟਲਾ ਉਪ ਡਾਕਘਰ ਤੋਂ ਇਲਾਵਾ ਸੰਗਰੂਰ ਮੁੱਖ ਡਾਕਘਰ, ਧੂਰੀ ਉਪ ਡਾਕਘਰ, ਅਹਿਮਦਗੜ੍ਹ ਉਪ ਡਾਕਘਰ, ਮਾਲੇਰਕੋਟਲਾ ਉਪ ਡਾਕਘਰ, ਤਪਾ ਉਪ ਡਾਕਘਰ ਅਤੇ ਬਰਨਾਲਾ ਉਪ ਡਾਕਘਰ ਵੀ ਆਨਲਾਈਨ ਕੀਤੇ ਜਾ ਚੁੱਕੇ ਹਨ, ਅਤੇ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਸੰਗਰੂਰ ਵਡੀਜਨ ਦੇ ਸਮੂਹ ਡਾਕਘਰਾਂ ਨੂੰ ਆਨਲਾਈਨ ਕਰਨ ਦਾ ਪ੍ਰਸਤਾਵ ਹੈ। ਇਸ ਮੌਕੇ ਸ਼੍ਰੀ ਕੁਲਦੀਪ ਕੁਮਾਰ ਧੀਰ, ਸਬ-ਪੋਸਟਮਾਸਟਰ, ਕਾਲਜ ਰੋਡ ਮਾਲੇਰਕੋਟਲਾ ਉਪ ਡਾਕਘਰ, ਸ਼੍ਰੀ ਸੰਦੀਪ ਕੁਮਾਰ, ਸਿਸਟਮ ਮੈਨੇਜਰ, ਸ਼੍ਰੀ ਵਿਕਾਸ ਵਰਮਾ, ਸਿਸਟਮ ਮੈਨੇਜਰ ਅਤੇ ਸ਼੍ਰੀ ਮਨਜੀਤ ਸਿੰਘ, ਮੁਹੰਮਦ ਸਰਵਰ, ਸ਼੍ਰੀ ਮਨਜੀਤ ਸਿੰਘ, ਸਬ ਪੋਸਟਮਾਸਟਰ, ਮਾਲੇਰਕੋਟਲਾ ਮੇਨ ਪੋਸਟ ਆਫਿਸ, ਮੁਹੰਮਦ ਸਰਵਰ, ਹਰਵਿੰਦਰ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media