
ਪਠਾਨਕੋਟ, 30 ਅਕਤੂਬਰ (ਪ.ਪ)- ਸਥਾਨਕ ਆਰ.ਆਰ.ਐਮ.ਕੇ ਆਰੀਆ ਗਰਲਜ਼ ਕਾਲਜ ਵਿਖੇ ਚੱਕਰਧਾਰੀ ਵੈਲਫੇਅਰ ਐਂਡ ਚੈਰੀਟੇਬਲ ਕਲੱਬ (ਰਜਿ:) ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ 56ਵੀਂ ਰਾਜ ਪੱਧਰੀ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਤੀਸਰੇ ਦਿਨ 21 ਸਬ ਏਰੀਆ ਦੇ ਕਮਾਂਡਿੰਗ ਅਫ਼ਸਰ ਬ੍ਰਗੇਡੀਅਰ ਏ.ਡੀ.ਐਸ. ਔਜਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ਼ਮਾ ਰੋਸ਼ਨ ਕਰਕੇ ਟੇਬਲ ਟੈਨਿਸ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ।
ਬ੍ਰਗੇਡੀਅਰ ਏ.ਡੀ.ਐਸ. ਔਜਲਾ ਨੇ ਇਸ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਸ ਟੇਬਲ ਟੈਨਿਸ ਟੂਰਨਾਮੈਂਟ ਵਿੱਚ ਰਾਜ ਭਰ ਤੋਂ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਮੈਨੂੰ ਆਸ ਹੈ ਕਿ ਇਹ ਸਾਰੇ ਖਿਡਾਰੀ ਚੰਗਾ ਪ੍ਰਦਰਸ਼ਨ ਕਰਨਗੇ ਅਤੇ ਖਿਡਾਰੀਆਂ ਨੂੰ ਰਾਜ ਪੱਧਰ ਅਤੇ ਨੈਸ਼ਨਲ ਪੱਧਰ ‘ਤੇ ਖੇਡਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਖਿਡਾਰੀਆਂ ਨੂੰ ਪ੍ਰੇਰਨਾਂ ਦਿੱਤੀ ਕਿ ਉਹ ਮਿਹਨਤ ਅਤੇ ਲਗਨ ਨਾਲ ਖੇਡਣ ਅਤੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਰੋਸ਼ਨ ਕਰਨ।
ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਇਸ ਪੰਜ ਰੋਜ਼ਾ ਟੇਬਲ ਟੈਨਿਸ ਚੈਂਪੀਅਨਸ਼ਿੱਪ ਵਿੱਚ ਸੂਬੇ ਭਰ ਤੋਂ ਸਟਾਫ਼ ਸਮੇਤ 350 ਖਿਡਾਰੀ ਹਿੱਸਾ ਲੈ ਰਹੇ ਹਨ। ਜਿੰਨ੍ਹਾਂ ਦੇ ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿੱਪ ਹਰ ਸਾਲ ਚੱਕਰਧਾਰੀ ਕਲੱਬ ਵੱਲੋਂ ਕਰਵਾਈ ਜਾਂਦੀ ਹੈ। ਇਸ ਮੌਕੇ ਕਲੱਬ ਵੱਲੋਂ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਨੇ ਮੁੱਖ ਮਹਿਮਾਨ ਬ੍ਰਗੇਡੀਅਰ ਏ.ਡੀ.ਐਸ. ਔਜਲਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਅੱਜ ਖੇਡੇ ਗਏ ਪੁਰਸ਼ਾ ਦੇ ਸੁਪਰ ਲੀਗ ਮੁਕਾਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਸਟੇਟ ਬੈਂਕ ਆਫ਼ ਪਟਿਆਲਾ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ ਅਤੇ ਇਸੇ ਤਰ੍ਹਾਂ ਹੀ ਹਿਤੇਸ਼ ਡੋਗਰਾ ਨੇ ਸਬੇਲ ਸਿਕਰੀ ਨੂੰ, ਕਾਰਤਿਕ ਨੇ ਪਿਊਸ਼ ਪੁਜਾਰਾ ਨੂੰ, ਸਾਹਿਬ ਜੱਗੀ ਨੇ ਗੋਰਵ ਨੂੰ, ਸੁਨਿਲ ਸਿਕਰੀ ਨੇ ਕਾਰਤਿਕ ਨੂੰ ਅਤੇ ਪਿਊਸ਼ ਪੁਜਾਰਾ ਨੇ ਹਿਤੇਸ਼ ਨੂੰ ਹਰਾਇਆ। ਜੂਨੀਅਰ ਲੜਕਿਆਂ ਦੇ ਸੁਪਰ ਲੀਗ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ ਅਤੇ ਸਾਰਥਕ ਨੇ ਤਰੁਨ ਨੂੰ, ਹਰਨਾਨ ਨੇ ਨਮਨ ਨੂੰ ਹਰਾਇਆ। ਜੂਨੀਅਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ ਅਤੇ ਅਖਿਲ ਨੇ ਰਾਗਵ ਨੂੰ, ਨਿਖਲ ਨੇ ਕਰਿਸ਼ਨਸ਼ੂ ਨੂੰ ਹਰਾਇਆ। ਸਬ ਜੂਨੀਅਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਮੁਹਾਲੀ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ ਅਤੇ ਲਕਸ਼ਿਆ ਨੇ ਜਸਜੋਤ ਨੂੰ, ਮੀਤਨੂਰ ਨੇ ਜਸਕੰਵਲ ਨੂੰ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ, ਰਾਕੇਸ਼ ਗੁਪਤਾ ਲਟੂ ਪ੍ਰਧਾਨ ਚੱਕਰਧਾਰੀ ਕਲੱਬ, ਰਾਕੇਸ਼ ਸ਼ਰਮਾ, ਡਾ. ਅਰਵਿੰਦ ਕਾਲੜਾ, ਪ੍ਰਦੀਪ ਰੈਣਾ, ਰਾਮਪਾਲ ਵਿੱਕੀ, ਡਾ. ਸੰਜੀਵ ਸਲਾਰੀਆ, ਵਨੀਤ ਭਗਤ, ਡਾ. ਸੰਜੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
Punjab Post Daily Online Newspaper & Print Media